ਲੜਕੀ ਨੇ ਫੌਜੀ ਜਵਾਨ ਦੇ ਚਿਹਰੇ ’ਤੇ ਸੁੱਟਿਆ ਤੇਜ਼ਾਬ

Saturday, Aug 17, 2024 - 10:31 PM (IST)

ਝੁੰਝੁਨੂ,(ਬਿਊਰੋ)- ਸ਼ਹਿਰ ’ਚ ਸਵੇਰੇ 5 ਵਜੇ ਸਾਈਕਲ ਚਲਾਉਣ ਨਿਕਲੇ ਫੌਜ ਦੇ ਜਵਾਨ ’ਤੇ ਇਕ ਲੜਕੀ ਨੇ ਤੇਜ਼ਾਬ ਸੁੱਟ ਦਿੱਤਾ, ਜਿਸ ਕਾਰਨ ਜਵਾਨ ਦੀ ਇਕ ਅੱਖ ਅਤੇ ਅੱਧਾ ਚਿਹਰਾ ਝੁਲਸ ਗਿਆ। ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਝੁੰਝੁਨੂ ਤੋਂ ਜੈਪੁਰ ਦੇ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ ਹੈ।

ਮਾਮਲਾ ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਹੈ। ਇਹ ਘਟਨਾ ਸੂਰਜਗੜ੍ਹ ਥਾਣਾ ਖੇਤਰ ਦੇ ਭਾਪਰਾ ਪਿੰਡ ਦੀ ਹੈ। ਜਾਣਕਾਰੀ ਮੁਤਾਬਕ ਫੌਜੀ ਜਵਾਨ ਅਰੁਣ (24) ਪੁੱਤਰ ਗੌਰੀਸ਼ੰਕਰ ਭਾਪਰਾ ਪਿੰਡ ’ਚ ਘੁਮਿਆਰਾਂ ਦੇ ਬਾਸ ਮੁਹੱਲੇ ’ਚ ਰਹਿੰਦਾ ਹੈ।

ਉਹ ਸਵੇਰੇ 5 ਵਜੇ ਆਪਣੇ ਘਰ ਤੋਂ ਸਾਈਕਲ ’ਤੇ ਸੂਰਜਗੜ੍ਹ ਤੋਂ ਕਾਜੜਾ ਜਾ ਰਿਹਾ ਸੀ। ਭਾਪਰਾ ਪਿੰਡ ਦੀ ਇਕ ਲੜਕੀ ਨੇ ਉਸ ’ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਕਾਰਨ ਅਰੁਣ ਦਾ ਚਿਹਰਾ, ਇਕ ਅੱਖ, ਦੋਵੇਂ ਹੱਥ, ਪੈਰ ਅਤੇ ਛਾਤੀ ਝੁਲਸ ਗਈ।

ਉਥੇ ਦੌੜ ਲਾ ਰਹੇ ਕੁਝ ਨੌਜਵਾਨਾਂ ਨੇ ਅਰੁਣ ਨੂੰ ਸੰਭਾਲਿਆ ਅਤੇ ਉਸ ਦੇ ਘਰ ਫੋਨ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ। ਘਟਨਾ ਤੋਂ ਬਾਅਦ ਲੜਕੀ ਦਾ ਪਤਾ ਨਹੀਂ ਲੱਗ ਸਕਿਆ। ਅਰੁਣ ਦੇ ਤਾਇਆ ਰਾਜੇਂਦਰ ਨੇ ਦੱਸਿਆ ਕਿ ਅਰੁਣ 3 ਸਾਲ ਪਹਿਲਾਂ ਹੀ ਫੌਜ ’ਚ ਭਰਤੀ ਹੋਇਆ ਸੀ। ਉਹ ਫੌਜ ’ਚ ਕਾਂਸਟੇਬਲ ਦੇ ਅਹੁਦੇ ’ਤੇ ਹਿਸਾਰ (ਹਰਿਆਣਾ) ’ਚ ਤਾਇਨਾਤ ਹੈ।


Rakesh

Content Editor

Related News