22 ਪਹਿਲੇ ਬੈਂਕ ਤੋਂ ਲੁੱਟੇ 50 ਲੱਖ, 20 ਸਾਲਾਂ ਬਾਅਦ CBI ਨੇ ਇੰਝ ਕੀਤਾ ਗ੍ਰਿਫ਼ਤਾਰ

Tuesday, Aug 06, 2024 - 02:25 PM (IST)

ਹੈਦਰਾਬਾਦ (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਬੈਂਕ ਧੋਖਾਧੜੀ ਦੇ ਇਕ ਮਾਮਲੇ 'ਚ 20 ਸਾਲਾਂ ਤੋਂ ਭਗੌੜੇ ਅਪਰਾਧੀ ਵੀ. ਚਲਾਪਤੀ ਰਾਓ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਕੁਝ ਸਾਲ ਪਹਿਲਾਂ ਇਥੋਂ ਦੀ ਇਕ ਅਦਾਲਤ ਨੇ ਮ੍ਰਿਤਕ ਐਲਾਨ ਦਿੱਤਾ ਸੀ। ਸੀ.ਬੀ.ਆਈ. ਨੇ ਸੋਮਵਾਰ ਨੂੰ ਇਕ ਪ੍ਰੈਸ ਬਿਆਨ 'ਚ ਕਿਹਾ ਕਿ ਵੀ. ਚਲਾਪਤੀ ਰਾਓ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਵਾਰ-ਵਾਰ ਆਪਣੀ ਪਛਾਣ ਅਤੇ ਸਥਾਨ ਬਦਲਿਆ। ਮਈ 2002 'ਚ ਸੀ.ਬੀ.ਆਈ. ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਇਕ ਬੈਂਕ ਨਾਲ 50 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਸੀ। ਉਸ ਸਮੇਂ ਉਹ ਹੈਦਰਾਬਾਦ 'ਚ ਸਟੇਟ ਬੈਂਕ ਆਫ਼ ਇੰਡੀਆ ਦੀ ਚੰਦੂਲਾਲ ਬਿਰਾਦਰੀ ਸ਼ਾਖਾ 'ਚ ਕੰਪਿਊਟਰ ਆਪਰੇਟਰ ਵਜੋਂ ਕੰਮ ਕਰ ਰਿਹਾ ਸੀ। ਸੀ.ਬੀ.ਆਈ. ਨੇ 31 ਦਸੰਬਰ 2004 ਨੂੰ 2 ਦੋਸ਼ ਪੱਤਰ ਦਾਖ਼ਲ ਕੀਤੇ ਸਨ। ਮੁਲਜ਼ਮ 2004 ਤੋਂ ਲਾਪਤਾ ਸੀ। ਉਸ ਦੀ ਪਤਨੀ ਵੀ ਧੋਖਾਧੜੀ ਦੇ ਮਾਮਲੇ 'ਚ ਮੁਲਜ਼ਮ ਹੈ। ਉਸ ਨੇ ਹੈਦਰਾਬਾਦ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਰਾਓ ਦੇ ਕਥਿਤ ਤੌਰ 'ਤੇ ਲਾਪਤਾ ਹੋਣ ਦੇ 7 ਸਾਲ ਬਾਅਦ ਉਸ ਨੂੰ ਮ੍ਰਿਤਕ ਘੋਸ਼ਿਤ ਕਰਨ ਲਈ ਸਿਵਲ ਅਦਾਲਤ ਦਾ ਰੁਖ ਕੀਤਾ ਸੀ। ਇਸ ਤੋਂ ਬਾਅਦ ਹੈਦਰਾਬਾਦ ਦੀ ਸਿਵਲ ਅਦਾਲਤ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰਨ ਦਾ ਹੁਕਮ ਦਿੱਤਾ ਸੀ। ਮੁਲਜ਼ਮ ਵਾਰ-ਵਾਰ ਆਪਣਾ ਟਿਕਾਣਾ, ਮੋਬਾਈਲ ਨੰਬਰ ਅਤੇ ਪਛਾਣ ਬਦਲਦਾ ਰਿਹਾ। ਹਾਲਾਂਕਿ ਸੀ.ਬੀ.ਆਈ. ਨੇ ਵੀ ਉਸ ਦਾ ਪਿੱਛਾ ਜਾਰੀ ਰੱਖਿਆ ਅਤੇ ਆਖਰਕਾਰ ਉਸ ਨੂੰ ਤਾਮਿਲਨਾਡੂ ਦੇ ਇਕ ਪਿੰਡ ਤੋਂ ਫੜ ਲਿਆ ਗਿਆ।

ਸੀ.ਬੀ.ਆਈ. ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਸਲੇਮ ਦੌੜ ਗਿਆ ਸੀ। ਉੱਥੇ ਹੀ ਐੱਮ. ਵਿਨੀਤ ਕੁਮਾਰ ਦੇ ਰੂਪ 'ਚ ਉਸ ਨੇ 2007 'ਚ ਇਕ ਔਰਤ ਨਾਲ ਵਿਆਹ ਕਰਵਾ ਲਿਆ ਅਤੇ ਆਧਾਰ ਨੰਬਰ ਵੀ ਲਿਆ। ਸੀ.ਬੀ.ਆਈ. ਨੂੰ ਉਸ ਦੀ ਦੂਜੀ ਪਤਨੀ ਰਾਹੀਂ ਪਤਾ ਲੱਗਾ ਕਿ ਉਹ ਆਪਣੀ ਪਹਿਲੀ ਪਤਨੀ ਤੋਂ ਆਪਣੇ ਪੁੱਤਰ ਦੇ ਸੰਪਰਕ 'ਚ ਸੀ। ਹਾਲਾਂਕਿ 2014 'ਚ ਉਹ ਸਲੇਮ ਨੂੰ ਬਿਨਾਂ ਦੱਸੇ ਛੱਡ ਕੇ ਚਲਾ ਗਿਆ ਅਤੇ ਭੋਪਾਲ ਪਹੁੰਚ ਗਿਆ ਜਿੱਥੇ ਉਸ ਨੇ ਇਕ 'ਲੋਨ ਰਿਕਵਰੀ ਏਜੰਟ' ਵਜੋਂ ਕੰਮ ਕੀਤਾ ਅਤੇ ਫਿਰ ਉੱਤਰਾਖੰਡ 'ਚ ਰੁਦਰਪੁਰ ਚਲਾ ਗਿਆ ਜਿੱਥੇ ਉਸ ਨੇ ਇਕ ਸਕੂਲ 'ਚ ਕੰਮ ਕੀਤਾ। ਜਦੋਂ ਸੀ.ਬੀ.ਆਈ. ਦੀ ਟੀਮ ਰੁਦਰਪੁਰ ਪਹੁੰਚੀ ਤਾਂ ਪਤਾ ਲੱਗਾ ਕਿ ਉਹ 2016 'ਚ ਫਰਾਰ ਹੋ ਗਿਆ ਸੀ ਅਤੇ ਔਰੰਗਾਬਾਦ ਦੇ ਵੇਰੂਲ ਪਿੰਡ 'ਚ ਇਕ ਆਸ਼ਰਮ 'ਚ ਚਲਾ ਗਿਆ ਸੀ। ਆਸ਼ਰਮ 'ਚ ਉਸ ਦਾ ਨਾਮ ਸਵਾਮੀ ਵਿਧੀਤਮਾਨੰਦ ਤੀਰਥ ਸੀ ਅਤੇ ਉੱਥੇ ਹੀ ਉਸ ਨੇ ਆਧਾਰ ਕਾਰਡ ਬਣਵਾਇਆ ਸੀ। ਦਸੰਬਰ 2021 'ਚ ਉਸ ਨੇ ਆਸ਼ਰਮ ਨਾਲ ਲਗਭਗ 70 ਲੱਖ ਰੁਪਏ ਦੀ ਧੋਖਾਧੜੀ ਕੀਤੀ ਅਤੇ ਉੱਥੋਂ ਚਲਾ ਗਿਆ। ਫਿਰ ਉਹ ਰਾਜਸਥਾਨ ਚਲਾ ਗਿਆ ਅਤੇ ਇਸ ਸਾਲ 8 ਜੁਲਾਈ ਤੱਕ ਉਥੇ ਰਿਹਾ। ਭਰਤਪੁਰ ਤੋਂ ਉਹ ਤਿਰੂਨੇਲਵੇਲੀ ਗਿਆ। ਇਸ ਦੌਰਾਨ ਉਸ ਨੇ ਕਰੀਬ 10 ਵਾਰ ਆਪਣਾ ਮੋਬਾਈਲ ਨੰਬਰ ਬਦਲਿਆ ਅਤੇ ਸਮੁੰਦਰੀ ਰਸਤੇ ਰਾਹੀਂ ਸ਼੍ਰੀਲੰਕਾ ਭੱਜਣ ਦੀ ਯੋਜਨਾ ਬਣਾਈ। ਆਖਰਕਾਰ ਉਸ ਨੂੰ 4 ਅਗਸਤ ਨੂੰ ਤਿਰੂਨੇਲਵੇਲੀ ਦੇ ਪਿੰਡ ਨਰਸਿੰਗਨਲੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿੱਥੇ ਉਹ ਲੁਕਿਆ ਹੋਇਆ ਸੀ। ਉਸ ਨੂੰ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ ਹੈ, ਜਿੱਥੇ ਉਸ ਨੂੰ 16 ਅਗਸਤ ਤੱਕ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News