ਰੇਲ ਗੱਡੀ ’ਚ ਔਰਤ ’ਤੇ ਪਿਸ਼ਾਬ ਕਰਨ ਦਾ ਦੋਸ਼, TTE ਗ੍ਰਿਫਤਾਰ
Wednesday, Mar 15, 2023 - 03:33 PM (IST)
ਲਖਨਊ (ਭਾਸ਼ਾ)- ਕੋਲਕਾਤਾ ਤੋਂ ਅੰਮ੍ਰਿਤਸਰ ਜਾ ਰਹੀ ਅਕਾਲ ਤਖ਼ਤ ਐਕਸਪ੍ਰੈੱਸ ਵਿਚ ਬਿਹਾਰ ਦੇ ਕਿਊਲ ਤੋਂ ਸਫ਼ਰ ਕਰ ਰਹੇ ਇਕ ਜੋੜੇ ਨੇ ਇਕ ਵਿਅਕਤੀ ’ਤੇ ਪਿਸ਼ਾਬ ਕਰਨ ਦਾ ਦੋਸ਼ ਲਾਇਆ ਹੈ। ਸ਼ਿਕਾਇਤ ਤੋਂ ਬਾਅਦ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਤਾ ਲੱਗਾ ਕਿ ਉਕਤ ਵਿਅਕਤੀ ਬੇਗੂਸਰਾਏ, ਬਿਹਾਰ ਦਾ ਰਹਿਣ ਵਾਲਾ ਹੈ ਅਤੇ ਸਹਾਰਨਪੁਰ ’ਚ ਰੇਲਵੇ ’ਚ ਟੀ.ਟੀ.ਈ. ਵਜੋਂ ਕੰਮ ਕਰਦਾ ਹੈ ਪਰ ਉਹ ਇਸ ਟਰੇਨ ’ਚ ਡਿਊਟੀ ’ਤੇ ਤਾਇਨਾਤ ਨਹੀਂ ਸੀ।
ਉਸ ’ਤੇ ਦੋਸ਼ ਹੈ ਕਿ ਉਹ ਸ਼ਰਾਬ ਦੇ ਨਸ਼ੇ ’ਚ ਸੀ। ਗੌਰਮਿੰਟ ਰੇਲਵੇ ਪੁਲਸ (ਜੀ. ਆਰ. ਪੀ.) ਲਖਨਊ ਦੇ ਇੰਸਪੈਕਟਰ ਨਵਰਤਨ ਗੌਤਮ ਨੇ ਮੰਗਲਵਾਰ ਨੂੰ ਦੱਸਿਆ ਕਿ ਰਾਜੇਸ਼ ਨਾਂ ਦੇ ਇਕ ਯਾਤਰੀ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਅਤੇ ਉਸ ਦੀ ਪਤਨੀ ਅਕਾਲ ਤਖ਼ਤ ਐਕਸਪ੍ਰੈੱਸ ਦੇ ਕੋਚ ਏ-1 ਦੀ ਸੀਟ ਨੰਬਰ 31 ਅਤੇ 32 ’ਤੇ ਬਿਹਾਰ ਦੇ ਕਿਊਲ ਤੋਂ ਅੰਮ੍ਰਿਤਸਰ ਜਾ ਰਹੇ ਸਨ। ਸ਼ਿਕਾਇਤਕਰਤਾ ਅਨੁਸਾਰ 13 ਮਾਰਚ ਦੀ ਰਾਤ ਕਰੀਬ 12.30 ਵਜੇ ਮੁੰਨਾ ਕੁਮਾਰ ਨਾਂ ਦੇ ਵਿਅਕਤੀ ਨੇ ਉਸ ਦੀ ਪਤਨੀ ਦੇ ਸਿਰ ’ਤੇ ਪਿਸ਼ਾਬ ਕਰ ਦਿੱਤਾ। ਗੌਤਮ ਨੇ ਦੱਸਿਆ ਕਿ ਜਦੋਂ ਜੀ. ਆਰ. ਪੀ. ਚਾਰਬਾਗ ਲਖਨਊ ਨੂੰ ਸ਼ਿਕਾਇਤ ਕੀਤੀ ਗਈ ਤਾਂ ਮੁਲਜ਼ਮ ਮੁੰਨਾ ਕੁਮਾਰ ਨੂੰ ਚਾਰਬਾਗ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 4/5 ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਮੁੰਨਾ ਕੁਮਾਰ ਰੇਲਵੇ ’ਚ ਟੀ.ਟੀ.ਈ. ਹੈ ਅਤੇ ਸਹਾਰਨਪੁਰ ’ਚ ਤਾਇਨਾਤ ਹੈ ਪਰ ਉਹ ਇਸ ਰੇਲ ਗੱਡੀ (ਅਕਾਲ ਤਖ਼ਤ ਐਕਸਪ੍ਰੈੱਸ) ’ਚ ਤਾਇਨਾਤ ਨਹੀਂ ਸੀ। ਉਨ੍ਹਾਂ ਦੱਸਿਆ ਕਿ ਮੁੰਨਾ ਕੁਮਾਰ ਨੇ ਸ਼ਰਾਬ ਪੀਤੀ ਹੋਈ ਸੀ ਜਾਂ ਨਹੀਂ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।