35 ਸਾਲ ਬਾਅਦ ਗ੍ਰਿਫ਼ਤਾਰ ਹੋਇਆ ਕਤਲ ਦੇ ਮਾਮਲੇ ''ਚ ਫਰਾਰ ਦੋਸ਼ੀ
Wednesday, Apr 03, 2024 - 06:09 PM (IST)
ਪਾਲਘਰ (ਭਾਸ਼ਾ)- ਕਤਲ ਦੇ ਮਾਮਲੇ 'ਚ 35 ਸਾਲਾਂ ਤੋਂ ਵਧ ਸਮੇਂ ਤੋਂ ਫਰਾਰ ਦੋਸ਼ੀ ਨੂੰ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮਾਨਿਕਪੁਰ ਪੁਲਸ ਥਾਣੇ ਦੇ ਸੀਨੀਅਰ ਰਾਜੂ ਮਾਨੇ ਨੇ ਦੱਸਿਆ ਕਿ 30 ਨਵੰਬਰ 1988 ਨੂੰ ਸਲੀਮ ਅਕਬਰ ਅਲੀ (24) ਦੀ ਪਾਲਘਰ ਜ਼ਿਲ੍ਹੇ ਦੇ ਵਸਈ ਇਲਾਕੇ ਦੇ ਨਵਘਰ 'ਚ ਕੁਝ ਲੋਕਾਂ ਨੇ ਮਿਲ ਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਅਤੇ 34 (ਸਾਂਝੀ ਮੰਸ਼ਾ) ਦੇ ਅਧੀਨ 8 ਲੋਕਾਂ ਵਿਜੇ ਸੁਦਾਮ ਰਾਣੇ, ਸ਼ੰਕਰ ਬਾਗਲੀ ਮਖਾਨ, ਧਰਮ ਧਰਮੇਂਦਰ, ਸ਼ੇਖਰ ਪੁਜਾਰੀ, ਚੰਦਰਸ਼ੇਖਰ ਸ਼ੈੱਟੀ, ਕੁਮਾਰ ਹੋਦੇ, ਧਨੰਜਯ ਬੇਲੂਰ ਅਤੇ ਕਲਾਮੈਂਟ ਸਿਮੋਨ ਲੋਬੋ ਉਰਫ਼ ਮੁੰਨਾ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।
ਅਧਿਕਾਰੀ ਨੇ ਦੱਸਿਆ ਕਿ ਬੇਲੂਰ ਅਤੇ ਲੋਬੋ ਨੂੰ ਛੱਡ ਬਾਕੀ ਦੋਸ਼ੀਆਂ ਨੂੰ 1988 'ਚ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਲੋਬੋ ਬਹਿਰੀਨ ਦੌੜ ਗਿਆ ਸੀ ਅਤੇ ਤਿੰਨ ਸਾਲ ਪਹਿਲਾਂ ਭਾਰਤ ਪਰਤਿਆ ਸੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਦੋਸ਼ੀ ਦੇ ਟਿਕਾਣੇ ਦਾ ਪਤਾ ਲਗਾਇਆ। ਉਨ੍ਹਾਂ ਕਿਹਾ ਕਿ ਪੁਲਸ ਨੂੰ ਹਾਲ 'ਚ ਜਾਣਕਾਰੀ ਮਿਲੀ ਕਿ ਲੋਬੋ (55) ਭਾਰਤ ਆਇਆ ਹੈ ਅਤੇ ਵਸਈ ਸ਼ਹਿਰ ਦੇ ਮਾਨਿਕਪੁਰ 'ਚ ਰਹਿ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਲੋਬੋ ਨੂੰ ਸੋਮਵਾਰ ਨੂੰ ਉਸ ਦੇ ਘਰੋਂ ਫੜਿਆ, ਜਿੱਥੇ ਉਹ ਲੁੱਕ ਕੇ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੇਲੂਰ ਨੂੰ ਫੜਨ ਦੀ ਅਜੇ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8