ਦਾਜ ਦੀ ਬਲੀ ਚੜ੍ਹੀ ਵਿਆਹੁਤਾ, ਸਹੁਰੇ ਪਰਿਵਾਰ ਵਲੋਂ ਤੇਜ਼ਾਬ ਪੀਣ ਲਈ ਕੀਤਾ ਗਿਆ ਮਜ਼ਬੂਰ
Monday, Feb 07, 2022 - 03:17 PM (IST)
ਮੁਜ਼ੱਫਰਨਗਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਦਾਜ ਦੀ ਮੰਗ ਪੂਰੀ ਨਹੀਂ ਕਰ ਪਾਉਣ 'ਤੇ ਇਕ ਔਰਤ ਨੂੰ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਨੇ ਤੇਜ਼ਾਬ ਪੀਣ ਲਈ ਮਜ਼ਬੂਰ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਐਤਵਾਰ ਨੂੰ ਨਿਊ ਮੰਡੀ ਥਾਣਾ ਖੇਤਰ ਦੇ ਰਾਠੇੜੀ ਪਿੰਡ 'ਚ ਇਹ ਵਾਰਦਾਤ ਹੋਈ ਅਤੇ ਜਾਨ ਗੁਆਉਣ ਵਾਲੀ ਔਰਤ ਦੀ ਪਛਾਣ ਰੇਸ਼ਮਾ ਦੇ ਰੂਪ 'ਚ ਕੀਤੀ ਗਈ ਹੈ।
ਔਰਤ ਦੇ ਪੇਕੇ ਵਾਲਿਆਂ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਰੇਸ਼ਮਾ 'ਤੇ ਉਸ ਦੇ ਸਹੁਰੇ ਵਾਲੇ ਦਾਜ ਲਈ ਦਬਾਅ ਬਣਾ ਰਹੇ ਸਨ ਅਤੇ ਇਸ ਲਈ ਉਸ ਨੂੰ ਪਰੇਸ਼ਾਨ ਕਰਦੇ ਸਨ। ਪੇਕੇ ਵਾਲਿਆਂ ਨੇ ਦੋਸ਼ ਲਗਾਇਆ ਕਿ ਸਹੁਰੇ ਪਰਿਵਾਰ ਨੇ ਰੇਸ਼ਮਾ ਦਾ ਉਤਪੀੜਨ ਕੀਤਾ ਅਤੇ ਉਸ ਨੂੰ ਤੇਜ਼ਾਬ ਪੀਣ ਲਈ ਮਜ਼ਬੂਰ ਕੀਤਾ। ਪੁਲਸ ਅਨੁਸਾਰ ਜਦੋਂ ਰੇਸ਼ਮਾ ਦੀ ਲਾਸ਼ ਉਸ ਦੇ ਸਹੁਰੇ ਘਰੋਂ ਮਿਲੀ, ਉਦੋਂ ਚਿਹਰੇ 'ਤੇ ਸੜਨ ਦੇ ਨਿਸ਼ਾਨ ਸਨ। ਪੁਲਸ ਅਨੁਸਾਰ ਰੇਸ਼ਮਾ ਦੇ ਪਤੀ ਪਰਵੇਜ, ਉਸ ਦੇ ਜੇਠ ਜਾਵੇਦ, ਸਹੁਰੇ ਸ਼ਮਸ਼ਾਦ ਅਤੇ ਸੱਸ ਚੰਮੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਸਾਰੇ ਦੋਸ਼ੀ ਫਰਾਰ ਹਨ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।