37 ਸਾਲ ਪਹਿਲਾਂ ਰਿਸ਼ਤੇਦਾਰ ਨੂੰ ਗਿਆ ਸੀ ਮਿਲਣ, ਵਿਦੇਸ਼ ਦੀ ਜੇਲ੍ਹ ਖਾ ਗਈ ਜਵਾਨੀ
Wednesday, Aug 21, 2024 - 04:11 PM (IST)
![37 ਸਾਲ ਪਹਿਲਾਂ ਰਿਸ਼ਤੇਦਾਰ ਨੂੰ ਗਿਆ ਸੀ ਮਿਲਣ, ਵਿਦੇਸ਼ ਦੀ ਜੇਲ੍ਹ ਖਾ ਗਈ ਜਵਾਨੀ](https://static.jagbani.com/multimedia/2024_8image_16_11_10907349593.jpg)
ਅਗਰਤਲਾ (ਭਾਸ਼ਾ)- ਤ੍ਰਿਪੁਰਾ ਦੇ ਸਿਪਾਹੀਜਾਲਾ ਜ਼ਿਲ੍ਹੇ ਦਾ ਇਕ ਵਿਅਕਤੀ ਕਈ ਸਾਲ ਪਹਿਲਾਂ ਆਪਣੇ ਰਿਸ਼ਤੇਦਾਰ ਨੂੰ ਮਿਲਣ ਬੰਗਲਾਦੇਸ਼ ਗਿਆ ਸੀ ਅਤੇ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਇਹ ਯਾਤਰਾ ਉਸ ਦੀ ਜ਼ਿੰਦਗੀ ਨਰਕ ਕਰ ਦੇਵੇਗੀ ਅਤੇ ਉਹ ਭਾਰਤ ਵਿਚ ਆਪਣੇ ਪਰਿਵਾਰ ਕੋਲ ਵਾਪਸ ਆਉਣ ਲਈ ਤਰਸ ਜਾਵੇਗਾ। ਸ਼ਾਹਜਹਾਂ (62) ਬੰਗਲਾਦੇਸ਼ਾਂ ਦੀ ਜੇਲ੍ਹਾਂ 'ਚ 37 ਸਾਲ ਬਿਤਾਉਣ ਤੋਂ ਬਾਅਦ ਹੁਣ ਘਰ ਆ ਗਿਆ ਹੈ। ਉਹ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਜਵਾਨਾਂ ਦੀ ਮਦਦ ਨਾਲ ਸ਼੍ਰੀਮੰਤਪੁਰ 'ਲੈਂਡ ਕਸਟਮ' ਸਟੇਸ਼ਨ ਰਾਹੀਂ ਭਾਰਤ ਪਰਤਿਆ। ਅਧਿਕਾਰੀਆਂ ਨੇ ਦੱਸਿਆ ਕਿ ਸੋਨਾਮੁਰਾ ਉਪ ਮੰਡਲ ਦੀ ਸਰਹੱਦ 'ਤੇ ਰਾਬਿੰਦਰਨਗਰ ਪਿੰਡ ਦਾ ਰਹਿਣ ਵਾਲਾ ਸ਼ਾਹਜਹਾਂ 1988 'ਚ ਬੰਗਲਾਦੇਸ਼ ਦੇ ਕੋਮਿਲਾ 'ਚ ਆਪਣੇ ਸਹੁਰੇ ਘਰ ਗਿਆ ਸੀ। ਉਸ ਅਨੁਸਾਰ ਉਸ ਦੌਰਾਨ ਪੁਲਸ ਨੇ ਉਸ ਦੇ ਰਿਸ਼ਤੇਦਾਰ ਦੇ ਘਰ ਛਾਪਾ ਮਾਰ ਕੇ ਉਸ ਨੂੰ ਗੁਆਂਢੀ ਮੁਲਕ 'ਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ। ਸ਼ਾਹਜਹਾਂ ਨੇ ਪੱਤਰਕਾਰਾਂ ਨੂੰ ਕਿਹਾ,''25 ਸਾਲ ਦੀ ਉਮਰ 'ਚ ਮੈਨੂੰ ਕੋਮਿਲਾ ਦੀ ਅਦਾਲਤ ਨੇ 11 ਸਾਲ ਦੀ ਸਜ਼ਾ ਸੁਣਾਈ ਸੀ। ਮੇਰੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਮੈਨੂੰ ਰਿਹਾਅ ਨਹੀਂ ਕੀਤਾ ਗਿਆ ਅਤੇ 26 ਸਾਲ ਹੋਰ ਹਿਰਾਸਤ ਵਿਚ ਬਿਤਾਏ। ਘਰ ਆਉਣ ਦੀ ਮਨਜ਼ੂਰੀ ਦਿੱਤੇ ਜਾਣ ਤੋਂ ਪਹਿਲਾਂ ਕੁੱਲ ਮਿਲਾ ਕੇ ਮੈਂ 37 ਸਾਲ ਜੇਲ੍ਹ 'ਚ ਬਿਤਾਏ।''
ਸ਼ਾਹਜਹਾਂ ਨਾਲ ਜੋ ਅਨਿਆਂ ਹੋਇਆ, ਉਹ ਕੁਝ ਮਹੀਨੇ ਪਹਿਲਾਂ ਮੀਡੀਆ ਦੇ ਮਾਧਿਅਮ ਨਾਲ ਸਾਹਮਣੇ ਆਇਆ। ਸ਼ਾਹਜਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦੁਰਦਸ਼ਾ 'ਤੇ ਜ਼ਾਰਾ ਫਾਊਂਡੇਸ਼ਨ ਦੀ ਨਜ਼ਰ ਪਈ, ਜੋ ਵਿਦੇਸ਼ਾਂ 'ਚ ਫਸੇ ਸ਼ਰਨਾਰਥੀਆਂ ਦੀ ਮਦਦ ਕਰਦਾ ਹੈ। ਪਰਿਵਾਰ ਨੇ ਦੱਸਿਆ ਕਿ ਜ਼ਾਰਾ ਫਾਊਂਡੇਸ਼ਨ ਦੇ ਪ੍ਰਧਾਨ ਮੌਸ਼ਾਹਿਦ ਅਲੀ ਨੇ ਸ਼ਾਹਜਹਾਂ ਦੀ ਰਿਹਾਈ ਲਈ ਤੁਰੰਤ ਕਦਮ ਚੁੱਕੇ ਅਤੇ ਫਿਰ ਕਈ ਕਾਨੂੰਨੀ ਪ੍ਰਕਿਰਿਆਵਾਂ ਤੋਂ ਬਾਅਦ ਸ਼ਾਹਜਹਾਂ ਨੂੰ ਮੰਗਲਵਾਰ ਨੂੰ ਸ਼੍ਰੀਮੰਤਪੁਰ ਸਟੇਸ਼ਨ 'ਤੇ ਬੀ.ਐੱਸ.ਐੱਫ. ਕਰਮੀਆਂ ਨੂੰ ਸੌਂਪ ਦਿੱਤਾ ਗਿਆ। ਹੁਣ 62 ਸਾਲ ਦੀ ਉਮਰ ਦੇ ਸ਼ਾਹਜਹਾਂ ਉਸ ਸਮੇਂ ਘਰੋਂ ਨਿਕਲੇ ਸਨ, ਜਦੋਂ ਉਹ ਨੌਜਵਾਨ ਸਨ ਅਤੇ ਉਨ੍ਹਾਂ ਦੀ ਪਤਨੀ ਗਰਭਵਤੀ ਸੀ। ਭਾਰਤ ਆਉਣ 'ਤੇ ਉਨ੍ਹਾਂ ਦੇ ਬੇਟੇ ਨੇ ਪਹਿਲੀ ਵਾਰ ਸ਼ਾਹਜਹਾਂ ਆਪਣੇ ਸਾਹਮਣੇ ਦੇਖਿਆ। ਸ਼ਾਹਜਹਾਂ ਨੇ ਕਿਹਾ,''ਮੈਂ ਸ਼ਬਦਾਂ 'ਚ ਆਪਣੀ ਖੁਸ਼ੀ ਬਿਆਨ ਨਹੀਂ ਕਰ ਸਕਦਾ। ਮੈਨੂੰ ਅਜਿਹਾ ਲੱਗ ਰਿਹਾ ਹੈ ਜਿਵੇਂ ਕਿ ਮੈਂ ਜੰਨਤ 'ਚ ਹਾਂ। ਇਹ ਮੇਰੇ ਲਈ ਪੁਨਰ ਜਨਮ ਵਰਗਾ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਇਸ ਜੀਵਨ 'ਚ ਆਪਣੀ ਜਨਮ ਭੂਮੀ ਵਾਪਸ ਆ ਸਕਾਂਗਾ। ਇਹ ਜ਼ਾਰਾ ਫਾਊਂਡੇਸ਼ਨ ਹੀ ਹੈ, ਜੋ ਮੈਨੂੰ ਘਰ ਵਾਪਸ ਲੈ ਕੇ ਆਇਆ। ਮੈਂ ਪੂਰੀ ਜ਼ਿੰਦਗੀ ਇਸ ਸੰਗਠਨ ਦਾ ਇੰਚਾਰਜ ਰਹਾਂਗਾ।'' ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪੁਲਸ ਹਿਰਾਸਤ 'ਚ ਸ਼ੁਰੂਆਤ ਦੇ 14 ਦਿਨਾਂ 'ਚ ਉਨ੍ਹਾਂ ਤਸ਼ੱਦਦ ਝੱਲਿਆ। ਸ਼ਾਹਜਹਾਂ ਨੇ ਯਾਦ ਕੀਤਾ,''ਕੋਮਿਲਾ ਕੇਂਦਰੀ ਜੇਲ੍ਹ 'ਚ 11 ਸਾਲ ਬਿਤਾਉਣ ਤੋਂ ਬਾਅਦ ਮੈਨੂੰ ਝੂਠੇ ਦੋਸ਼ਾਂ 'ਚ ਦੂਜੀਆਂ ਜੇਲ੍ਹਾਂ 'ਚ ਭੇਜ ਦਿੱਤਾ ਗਿਆ ਅਤੇ ਮੈਂ ਉੱਥੇ ਹੋਰ 26 ਸਾਲ ਬਿਤਾਏ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8