ਮਣੀਪੁਰ ਦੀ ਹਿੰਸਾ ਨੂੰ ਲੈ ਕੇ ਭਾਜਪਾ ਵਿਧਾਇਕ ਵੱਲੋਂ ਲਿਖੀ ਚਿੱਠੀ ਨੇ ਮਚਾਈ ਖਲਬਲੀ

Tuesday, Sep 03, 2024 - 11:08 PM (IST)

ਮਣੀਪੁਰ ਦੀ ਹਿੰਸਾ ਨੂੰ ਲੈ ਕੇ ਭਾਜਪਾ ਵਿਧਾਇਕ ਵੱਲੋਂ ਲਿਖੀ ਚਿੱਠੀ ਨੇ ਮਚਾਈ ਖਲਬਲੀ

ਜਲੰਧਰ, (ਵਿਸ਼ੇਸ਼)- ਮਣੀਪੁਰ ਵਿਚ ਹਿੰਸਾ ਨੂੰ ਲੈ ਕੇ ਭਾਜਪਾ ਦੇ ਇਕ ਵਿਧਾਇਕ ਦੀ ਚਿੱਠੀ ਨੇ ਭਾਜਪਾ ਅੰਦਰ ਖਲਬਲੀ ਮਚਾ ਦਿੱਤੀ ਹੈ।

ਕਾਰਨ ਇਹ ਹੈ ਕਿ ਮਣੀਪੁਰ ਦੀ ਹਿੰਸਾ ਨੂੰ ਲੈ ਕੇ ਹੁਣ ਤੱਕ ਸਿਰਫ ਵਿਰੋਧੀ ਧਿਰ ਹੀ ਭਾਜਪਾ ਸਰਕਾਰ ’ਤੇ ਸਵਾਲ ਉਠਾ ਰਹੀ ਸੀ ਪਰ ਹੁਣ ਭਾਜਪਾ ਵਿਧਾਇਕ ਦੀ ਚਿੱਠੀ ਨੇ ਅੱਗ ’ਚ ਘਿਓ ਦਾ ਕੰਮ ਕੀਤਾ ਹੈ।

ਮਣੀਪੁਰ ਤੋਂ ਭਾਜਪਾ ਦੇ ਵਿਧਾਇਕ ਰਾਜ ਕੁਮਾਰ ਇਮੋ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਮਣੀਪੁਰ ’ਚ ਕੇਂਦਰੀ ਫੋਰਸਾਂ ਦੇ 60 ਹਜ਼ਾਰ ਜਵਾਨਾਂ ਦੀ ਮੌਜੂਦਗੀ ਦੇ ਬਾਵਜੂਦ ਸ਼ਾਂਤੀ ਨਹੀਂ ਹੋ ਰਹੀ, ਜੋ ਇਕ ਗੰਭੀਰ ਮੁੱਦਾ ਹੈ।

ਉਨ੍ਹਾਂ ਚਿੱਠੀ ’ਚ ਇਹ ਵੀ ਕਿਹਾ ਹੈ ਕਿ ਮਣੀਪੁਰ ’ਚ ਰੋਹਿੰਗਿਆ ਘੁਸਪੈਠੀਆਂ ਦੀ ਗਿਣਤੀ ਵੀ ਵਧ ਰਹੀ ਹੈ। ਇਹ ਘੁਸਪੈਠੀਏ ਲਗਾਤਾਰ ਭਾਰਤ ’ਚ ਦਾਖਲ ਹੋ ਰਹੇ ਹਨ, ਜੋ ਦੇਸ਼ ਲਈ ਖ਼ਤਰਾ ਹੈ।

ਚਿੱਠੀ ’ਚ ਭਾਜਪਾ ਵਿਧਾਇਕ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਹੈ ਕਿ ਜੇ ਕੇਂਦਰੀ ਫੋਰਸਾਂ ਦੀ ਮੌਜੂਦਗੀ ਦੇ ਬਾਵਜੂਦ ਹਿੰਸਾ ਨਹੀਂ ਰੁਕ ਸਕਦੀ ਤਾਂ ਜਵਾਨਾਂ ਨੂੰ ਉਥੋਂ ਵਾਪਸ ਹੀ ਸੱਦ ਲੈਣਾ ਚਾਹੀਦਾ ਹੈ।

ਚਿੱਠੀ ’ਚ ਵਿਧਾਇਕ ਨੇ ਇਹ ਵੀ ਲਿਖਿਆ ਹੈ ਕਿ ਵਧੇਰੇ ਜਵਾਨਾਂ ਦੇ ਮੂਕ ਦਰਸ਼ਕ ਬਣ ਕੇ ਹਾਜ਼ਰ ਰਹਿਣ ਦਾ ਕੋਈ ਫਾਇਦਾ ਨਹੀਂ। ਉਨ੍ਹਾਂ ਇਹ ਵੀ ਮੰਨਿਆ ਕਿ ਸੂਬਾ ਸਰਕਾਰ ਤੇ ਲੋਕਾਂ ਦੇ ਸਹਿਯੋਗ ਦੀ ਘਾਟ ਕਾਰਨ ਅਾਸਾਮ ਰਾਈਫਲਜ਼ ਦੀਆਂ ਕੁਝ ਯੁਨਿਟਾਂ ਨੂੰ ਕੁਝ ਦਿਨ ਪਹਿਲਾਂ ਹੀ ਵਾਪਸ ਬੁਲਾਇਆ ਗਿਆ ਹੈ।

ਇੰਫਾਲ ਪੱਛਮੀ ਦੇ ਸਗੋਲਬੰਦ ਖੇਤਰ ਤੋਂ ਭਾਜਪਾ ਵਿਧਾਇਕ ਇਮੋ ਸਿੰਘ ਨੇ ਚਿੱਠੀ ’ਚ ਲਿਖਿਆ ਹੈ ਕਿ 16 ਮਹੀਨੇ ਬੀਤ ਚੁੱਕੇ ਹਨ । ਲੋਕ ਉਮੀਦ ਕਰ ਰਹੇ ਸਨ ਕਿ ਹਿੰਸਾ ਖਤਮ ਹੋ ਜਾਵੇਗੀ, ਪਰ ਅਜਿਹਾ ਨਹੀਂ ਹੋਇਆ। ਹੁਣ ਹਮਲਾਵਰਾਂ ਵੱਲੋਂ ਡਰੋਨ ਦੀ ਮਦਦ ਵੀ ਲਈ ਜਾ ਰਹੀ ਹੈ । ਇਸੇ ਲਈ ਉਹ ਇਹ ਚਿੱਠੀ ਲਿਖਣ ਲਈ ਮਜਬੂਰ ਹੋਏ ਹਨ।


author

Rakesh

Content Editor

Related News