8 ਮੰਜ਼ਿਲਾ ਇਮਾਰਤ ''ਚ ਲੱਗੀ ਅੱਗ, 64 ਬਿਜਲੀ ਮੀਟਰ ਸੜੇ
Monday, Mar 24, 2025 - 11:02 AM (IST)

ਠਾਣੇ- ਮਹਾਰਾਸ਼ਟਰ ਦੇ ਠਾਣੇ ਸ਼ਹਿਰ ਵਿਚ ਸੋਮਵਾਰ ਨੂੰ 8 ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਨਾਲ 64 ਬਿਜਲੀ ਮੀਟਰ ਨੁਕਸਾਨੇ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਠਾਣੇ ਨਗਰ ਨਿਗਮ ਦੀ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਯਾਸੀਨ ਤਡਵੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਕੋਈ ਜ਼ਖਮੀ ਨਹੀਂ ਹੋਇਆ। ਅਧਿਕਾਰੀ ਨੇ ਦੱਸਿਆ ਕਿ ਅੱਗ ਸਵੇਰੇ 6 ਵਜ ਕੇ 33 ਮਿੰਟ 'ਤੇ ਖਾਰੇਗਾਂਵ ਦੇ ਕਲਵਾ ਇਲਾਕੇ ਵਿਚ ਸਥਿਤ ਚਿੰਤਾਮਣੀ ਹਾਈਟਸ ਬਿਲਡਿੰਗ ਦੇ ਬਿਜਲੀ ਮੀਟਰ ਰੂਮ 'ਚ ਲੱਗੀ।
ਘਟਨਾ ਦੀ ਸੂਚਨਾ ਮਿਲਦੇ ਹੀ ਕਲਵਾ ਪੁਲਸ, ਇਕ ਨਿੱਜੀ ਬਿਜਲੀ ਸਪਲਾਈ ਕੰਪਨੀ, ਫਾਇਰ ਬ੍ਰਿਗੇਡ ਅਤੇ ਖੇਤਰੀ ਆਫ਼ਤ ਪ੍ਰਬੰਧਨ ਦਲ ਦੇ ਕਰਮੀ ਘਟਨਾ ਵਾਲੀ ਥਾਂ 'ਤੇ ਪਹੁੰਚੇ। ਅਧਿਕਾਰੀ ਨੇ ਦੱਸਿਆ ਕਿ ਅੱਗ ਸਿਰਫ਼ ਮੀਟਰ ਰੂਮ ਤੱਕ ਹੀ ਸੀਮਤ ਰਹੀ। ਇਮਾਰਤ ਦੇ 56 ਰਿਹਾਇਸ਼ੀ ਫਲੈਟ ਅਤੇ ਪਹਿਲੀ ਮੰਜ਼ਿਲ 'ਤੇ ਸਥਿਤ 7 ਦੁਕਾਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਤਡਵੀ ਨੇ ਦੱਸਿਆ ਕਿ ਸਵੇਰੇ 7 ਵਜ ਕੇ 2 ਮਿੰਟ 'ਤੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।