ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 501ਵੇਂ ਟਰੱਕ ਦੀ ਰਾਹਤ ਸਮੱਗਰੀ

03/16/2019 8:52:33 PM

ਜਲੰਧਰ,  (ਜੁਗਿੰਦਰ ਸੰਧੂ)– ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਨੇ ਜੰਮੂ-ਕਸ਼ਮੀਰ ਦੇ ਲੋਕਾਂ ਦਾ ਜਿਹੜਾ  ਜਾਨੀ-ਮਾਲੀ ਨੁਕਸਾਨ ਕੀਤਾ ਹੈ, ਉਸ ਦੀ ਪੂਰਤੀ ਨਹੀਂ ਹੋ ਸਕਦੀ। ਇਸ ਦੌਰਾਨ ਘਾਟੀ ’ਚੋਂ ਉੱਜੜੇ ਹਜ਼ਾਰਾਂ ਪੀੜਤ ਪਰਿਵਾਰਾਂ ਨੂੰ ਅੱਜ ਵੀ ਥਾਂ-ਥਾਂ ਭਟਕਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਸੈਨਿਕਾਂ ਵਲੋਂ ਕੀਤੀ ਜਾਂਦੀ ਗੋਲੀਬਾਰੀ ਨੇ ਸਰਹੱਦੀ ਪਰਿਵਾਰਾਂ ਨੂੰ ਜਿਹੜੇ ਜ਼ਖਮ ਲਾਏ ਹਨ, ਉਹ ਵੀ ਛੇਤੀ ਭਰਨ ਵਾਲੇ ਨਹੀਂ।
ਪਾਕਿਸਤਾਨੀ ਸਾਜ਼ਿਸ਼ਾਂ ਕਾਰਨ ਸੂਬੇ ਦੇ ਲੱਖਾਂ ਲੋਕਾਂ ਦੀ ਹਾਲਤ ਕੱਖਾਂ ਤੋਂ ਵੀ ਹੌਲੀ ਹੋ ਗਈ। ਅਨੇਕਾਂ ਪਰਿਵਾਰਾਂ ਦੇ ਘਰ ਵੀ ਖੁੱਸ ਗਏ ਅਤੇ ਰੋਜ਼ਗਾਰ ਵੀ ਨਹੀਂ ਰਿਹਾ। ਉਨ੍ਹਾਂ ਨੂੰ ਜਿਥੇ ਸਿਰ ਲੁਕਾਉਣ ਦੀ ਚਿੰਤਾ ਬਣੀ ਰਹਿੰਦੀ ਹੈ, ਉਥੇ ਹਰ ਵੇਲੇ ਰੋਜ਼ੀ-ਰੋਟੀ ਦਾ ਫਿਕਰ ਵੀ ਸਤਾਉਂਦਾ ਰਹਿੰਦਾ ਹੈ।
ਜੰਮੂ-ਕਸ਼ਮੀਰ ਦੇ ਇਨ੍ਹਾਂ ਪ੍ਰਭਾਵਿਤ ਪਰਿਵਾਰਾਂ ਦਾ ਦੁੱਖ-ਦਰਦ ਵੰਡਾਉਣ ਅਤੇ ਉਨ੍ਹਾਂ ਨੂੰ ਸਹਾਇਤਾ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਪਿਛਲੇ 20 ਸਾਲਾਂ ਤੋਂ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ 501ਵੇਂ ਟਰੱਕ ਦੀ ਸਹਾਇਤਾ-ਸਮੱਗਰੀ ਪਿਛਲੇ ਦਿਨੀਂ ਕੱਟੜਾ ਖੇਤਰ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ ਸੀ।
ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਪੰਜਾਬ ਦੀਆਂ ਕੁਝ ਸਮਾਜ-ਸੇਵੀ ਸੰਸਥਾਵਾਂ ਵਲੋਂ ਦਿੱਤਾ ਗਿਆ ਸੀ। ਇਸ ਟਰੱਕ ਦੀ ਸਮੱਗਰੀ ਵਿਚ 300 ਕੰਬਲ, 300 ਜ਼ਨਾਨਾ ਸੂਟ, 300 ਮਰਦਾਨਾ ਸੂਟ, ਬੱਚਿਆਂ ਦੇ ਕੱਪੜੇ, ਸਵੈਟਰ, ਸ਼ਾਲ ਅਤੇ ਕੁਝ ਹੋਰ ਘਰੇਲੂ ਵਰਤੋਂ ਦੇ ਕੱਪੜੇ ਸ਼ਾਮਲ ਸਨ। 
ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਜਲੰਧਰ ਤੋਂ ਇਸ ਟਰੱਕ ਨੂੰ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ’ਤੇ ਸ਼੍ਰੀ ਰੋਮੇਸ਼ ਸ਼ਰਮਾ, ਨਰਿੰਦਰ ਸ਼ਰਮਾ, ਜੋਗਿੰਦਰ ਸ਼ਰਮਾ, ਜੋਤੀ, ਅਜੈ ਕੁਮਾਰ, ਸੌਰਭ, ਮੱਟੂ ਸ਼ਰਮਾ, ਰਾਜੂ ਅਤੇ ਕੁੰਦਨ ਲਾਲ ਵੀ ਮੌਜੂਦ ਸਨ।
ਰਾਹਤ ਮੁਹਿੰਮ ਦੇ ਆਗੂ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੀ ਟੀਮ ਵਿਚ ਜਨਹਿਤ ਵੈੱਲਫੇਅਰ ਸੋਸਾਇਟੀ ਦੀ ਚੇਅਰਪਰਸਨ ਮੈਡਮ ਡੌਲੀ ਹਾਂਡਾ, ਸਮਾਜ ਸੇਵਿਕਾ ਮੈਡਮ ਪ੍ਰੋਮਿਲਾ ਅਰੋੜਾ ਰਜਿੰਦਰ ਸ਼ਰਮਾ (ਭੋਲਾ ਜੀ) ਅਤੇ ਕਟੜਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਅਮਿਤ ਕੁਮਾਰ ਵੀ ਸ਼ਾਮਲ ਸਨ।
 


Bharat Thapa

Content Editor

Related News