ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਨੂੰ ਭਿਜਵਾਈ 472ਵੇਂ ਟਰੱਕ ਦੀ ਰਾਹਤ ਸਮੱਗਰੀ

04/25/2018 12:18:51 PM

ਜਲੰਧਰ, ਜੰਮੂ (ਜੁਗਿੰਦਰ ਸੰਧੂ)— ਜੰਮੂ-ਕਸ਼ਮੀਰ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨੀ ਅੱਤਵਾਦ ਦਾ ਸੰਤਾਪ ਹੰਢਾਅ ਰਹੇ ਹਨ। ਇਸ ਕਾਲੀ ਖੇਡ ਕਾਰਨ ਸੂਬੇ ਦੇ ਲੋਕਾਂ ਨੂੰ ਜਾਨ ਅਤੇ ਮਾਲ ਦੇ ਰੂਪ 'ਚ ਭਾਰੀ ਕੀਮਤ ਚੁਕਾਉਣੀ ਪਈ ਹੈ। ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ ਸਰਹੱਦ ਪਾਰ ਤੋਂ ਭਾਰਤੀ ਖੇਤਰਾਂ ਅਤੇ ਸੁਰੱਖਿਆ ਬਲਾਂ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾਂਦੀ ਗੋਲੀਬਾਰੀ ਨੇ ਵੀ ਅਣਗਿਣਤ ਬੇਦੋਸ਼ੇ ਨਾਗਰਿਕਾਂ ਅਤੇ ਸੈਨਿਕਾਂ ਦੀਆਂ ਜਾਨਾਂ ਲਈਆਂ ਹਨ। 
ਭਾਰਤ ਵੱਲੋਂ ਸ਼ਾਂਤੀ ਲਈ ਵਾਰ-ਵਾਰ ਕਦਮ ਚੁੱਕੇ ਜਾਣ ਦੇ ਬਾਵਜੂਦ ਪਾਕਿਸਤਾਨ ਆਪਣੀਆਂ ਘਟੀਆ ਸਾਜ਼ਿਸ਼ਾਂ ਤੋਂ ਬਾਜ਼ ਨਹੀਂ ਆ ਰਿਹਾ, ਜਿਸ ਕਾਰਨ ਸਰਹੱਦੀ ਖੇਤਰਾਂ ਵਿਚ ਹਰ ਵੇਲੇ ਤਣਾਅ ਬਣਿਆ ਰਹਿੰਦਾ ਹੈ। ਸਰਹੱਦੀ ਖੇਤਰਾਂ ਦੇ ਨਾਗਰਿਕਾਂ ਨੂੰ ਜਿਥੇ ਹਰ ਵੇਲੇ ਖ਼ਤਰੇ ਦਾ ਡਰ ਸਤਾਉਂਦਾ ਰਹਿੰਦਾ ਹੈ, ਉਥੇ ਹੀ ਰੋਜ਼ੀ-ਰੋਟੀ ਦੀ ਚਿੰਤਾ ਵੀ ਬਣੀ ਰਹਿੰਦੀ ਹੈ। ਅਜਿਹੇ ਪੀੜਤ ਪਰਿਵਾਰਾਂ ਦਾ ਦਰਦ ਪਛਾਣਦਿਆਂ ਹੀ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਸਰਪ੍ਰਸਤੀ ਹੇਠ 'ਪੰਜਾਬ ਕੇਸਰੀ ਪੱਤਰ ਸਮੂਹ' ਵੱਲੋਂ ਪਿਛਲੇ 20 ਸਾਲਾਂ ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। 
ਇਸ ਮੁਹਿੰਮ ਅਧੀਨ 472ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਸਾਂਬਾ ਸੈਕਟਰ ਦੇ ਸਰਹੱਦੀ ਪਿੰਡ ਰਾਮਗੜ੍ਹ 'ਚ ਵੰਡੀ ਗਈ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਜੁੜੇ ਪਰਿਵਾਰਾਂ ਦੇ ਮੈਂਬਰਾਂ ਨੂੰ ਘਰੇਲੂ ਵਰਤੋਂ ਦਾ ਸਾਮਾਨ ਮੁਹੱਈਆ ਕਰਵਾਇਆ ਗਿਆ।
ਇਸ ਵਾਰ ਦੀ ਰਾਹਤ ਸਮੱਗਰੀ ਪੰਜਾਬ ਦੇ ਮਾਲਵਾ ਖੇਤਰ ਨਾਲ ਸਬੰਧਤ ਦਾਨਵੀਰਾਂ ਵੱਲੋਂ ਸ਼ਿਆਮ ਸਮਾਜ-ਸੇਵਾ ਆਸ਼ਰਮ ਸਮਾਣਾ ਤੋਂ ਭਿਜਵਾਈ ਗਈ ਸੀ। ਇਹ ਸਮੱਗਰੀ ਭਿਜਵਾਉਣ ਵਿਚ ਸ਼੍ਰੀ ਮਦਨ ਲਾਲ ਪਰਦੇਸੀ ਅਤੇ ਵੀਰ ਭਾਨ ਜੈ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ, ਜਿਸ ਵਿਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿਲੋ ਆਟਾ, 10 ਕਿਲੋ ਚਾਵਲ ਅਤੇ 1 ਕੰਬਲ ਸ਼ਾਮਲ ਸੀ। 
ਰਾਹਤ ਸਮੱਗਰੀ ਦੀ ਵੰਡ ਲਈ ਪ੍ਰਭਾਵਿਤ ਇਲਾਕਿਆਂ 'ਚ ਜਾਣ ਵਾਲੀ ਟੀਮ ਦੀ ਅਗਵਾਈ ਸ. ਜੇ. ਬੀ. ਸਿੰਘ ਚੌਧਰੀ ਅੰਬੈਸਡਰ ਆਫ ਗੁੱਡਵਿਲ ਕਰ ਰਹੇ ਸਨ। ਇਸ ਟੀਮ ਵਿਚ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ, ਫਿਰੋਜ਼ਪੁਰ ਤੋਂ 'ਜਗ ਬਾਣੀ' ਦੇ ਪ੍ਰਤੀਨਿਧੀ ਕੁਲਦੀਪ ਭੁੱਲਰ, ਜ਼ੀਰਾ ਦੇ ਦਵਿੰਦਰ ਅਕਾਲੀਆਂਵਾਲਾ, ਜਲੰਧਰ ਦੇ ਸਮਾਜ-ਸੇਵੀ ਇਕਬਾਲ ਸਿੰਘ ਅਰਨੇਜਾ, ਪਰਗਟ ਸਿੰਘ ਭੁੱਲਰ, ਰੌਕੀ ਕਥੂਰੀਆ ਅਤੇ ਹੈਪੀ ਭੁੱਲਰ ਵੀ ਸ਼ਾਮਲ ਸਨ। 
ਰਾਮਗੜ੍ਹ ਵਿਚ ਇਹ ਸਮੱਗਰੀ ਲਾਇਨਜ਼ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਜੌਹਲ ਦੀ ਦੇਖ-ਰੇਖ ਹੇਠ ਵੰਡੀ ਗਈ। ਇਸ ਮੌਕੇ ਸ਼ਿਵ ਕੁਮਾਰ ਚੌਧਰੀ, ਰਾਮ ਸਿੰਘ ਭਗਤ, ਨਿਰਮਲ ਸਿੰਘ, ਸਵਰਨ ਸਿੰਘ ਅਤੇ ਪ੍ਰਕਾਸ਼ ਚੌਧਰੀ ਨੇ ਵੀ ਸਮੱਗਰੀ ਵੰਡਣ 'ਚ ਸਹਾਇਤਾ ਕੀਤੀ। ਸਮੱਗਰੀ ਲੈਣ ਵਾਲੇ ਪਰਿਵਾਰਾਂ ਦੇ ਮੈਂਬਰ ਰਾਮਗੜ੍ਹ ਤੋਂ ਇਲਾਵਾ ਰਜਵਾਲ, ਕਮੋਰ, ਪਰਿੰਡੀਆਂ, ਪਲੌਟਾ, ਬਰੋਟਾ, ਰਮਲੂ ਆਦਿ ਨਾਲ ਸਬੰਧਤ ਸਨ।


Related News