ਹਿਮਾਚਲ ''ਚ ਕੁਦਰਤੀ ਆਫ਼ਤ ''ਚ ਗਈ 348 ਲੋਕਾਂ ਦੀ ਜਾਨ, 2003 ਕਰੋੜ ਦਾ ਹੋਇਆ ਨੁਕਸਾਨ

Saturday, Sep 17, 2022 - 06:10 PM (IST)

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ ਮੌਜੂਦਾ ਮਾਨਸੂਨ ਦੌਰਾਨ ਮੋਹਲੇਧਾਰ ਮੀਂਹ, ਜ਼ਮੀਨ ਖਿਸਕਣ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ, ਜਿਸ 'ਚ 29 ਜੂਨ ਤੋਂ 16 ਸਤੰਬਰ 2022 ਤੱਕ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਇਸ ਦੌਰਾਨ ਆਫ਼ਤ ਨਾਲ ਸਬੰਧਤ ਘਟਨਾਵਾਂ 'ਚ 348 ਲੋਕਾਂ ਦੀ ਮੌਤ ਹੋਈ ਹੈ ਜਦੋਂਕਿ 9 ਲੋਕ ਅਜੇ ਵੀ ਲਾਪਤਾ ਹਨ। ਸੂਬੇ ਨੂੰ ਮਾਨਸੂਨ 'ਚ 2003.07 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜੋ ਬੀਤੇ ਸਾਲਾਂ 'ਚ ਮਾਨਸੂਨ ਸੀਜ਼ਨ ਦੌਰਾਨ ਰਿਕਾਰਡ ਤੋੜ ਨੁਕਸਾਨ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2018 'ਚ 1578.08 ਕਰੋੜ ਦਾ ਨੁਕਸਾਨ ਹੋਇਆ ਸੀ। ਇਹ ਜਾਣਕਾਰੀ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਵਿਸ਼ੇਸ਼ ਸਕੱਤਰ ਸੁਰੇਸ਼ ਮੋਕਟਾ ਨੇ ਸ਼ਨੀਵਾਰ ਨੂੰ ਇੱਥੇ ਦਿੱਤੀ। ਉਨ੍ਹਾਂ ਦੱਸਿਆ ਕਿ ਮਾਨਸੂਨ ਸੀਜ਼ਨ ਦੌਰਾਨ ਹੁਣ ਤੱਕ ਸਭ ਤੋਂ ਵੱਧ ਨੁਕਸਾਨ ਮੰਡੀ ਜ਼ਿਲ੍ਹੇ 'ਚ ਦਰਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਜਨਮ ਦਿਨ 'ਤੇ ਵਿਸ਼ੇਸ਼: ਤਸਵੀਰਾਂ 'ਚ ਵੋਖੋ PM ਮੋਦੀ ਦੇ ਸੱਤਾ ਦੇ ਸਿਖ਼ਰ ਤੱਕ ਪਹੁੰਚਣ ਦੀ ਕਹਾਣੀ

ਮੰਡੀ 'ਚ ਹੁਣ ਤੱਕ 745.00 ਲੱਖ ਦਾ ਨੁਕਸਾਨ ਹੋ ਚੁੱਕਾ ਹੈ। ਇਸ ਤੋਂ ਇਲਾਵਾ ਚੰਬਾ 'ਚ 608.18 ਲੱਖ ਦਾ ਨੁਕਸਾਨ ਹੋਇਆ ਹੈ। ਬਿਲਾਸਪੁਰ 'ਚ 165.93, ਹਮੀਰਪੁਰ 98.89, ਕਾਂਗੜਾ 429.05, ਕਿੰਨੌਰ 'ਚ 68.66, ਕੁੱਲੂ 'ਚ 485.12, ਲਾਹੌਲ ਸਪੀਤੀ 'ਚ 36.80, ਸ਼ਿਮਲਾ 'ਚ 486.20, ਸਿਰਮੌਰ 'ਚ 72.65, ਸੋਲਨ 92.78 ਲੱਖ ਅਤੇ ਊਨਾ 'ਚ 164.10 ਲੱਖ ਦੇ ਨੁਕਸਾਨ ਦਾ ਮੁਲਾਂਕਣ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਹੁਣ ਤੱਕ ਵੱਖ-ਵੱਖ ਆਫ਼ਤਾਂ 'ਚ 348 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 9 ਲੋਕ ਲਾਪਤਾ ਦੱਸੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੜਕ ਹਾਦਸਿਆਂ 'ਚ 178 ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਸੂਬੇ 'ਚ 34 ਲੋਕਾਂ ਦੀ ਡੁੱਬਣ ਕਾਰਨ, 19 ਦੀ ਜ਼ਮੀਨ ਖਿਸਕਣ ਕਾਰਨ, 10 ਦੀ ਬੱਦਲ ਫਟਣ ਕਾਰਨ, 24 ਲੋਕਾਂ ਦੀ ਸੱਪ ਦੇ ਡੱਸਣ ਕਾਰਨ ਅਤੇ 45 ਲੋਕਾਂ ਦੀ ਪਹਾੜਾਂ ਅਤੇ ਦਰਖਤਾਂ ਤੋਂ ਡਿੱਗਣ ਕਾਰਨ ਮੌਤ ਹੋ ਗਈ। ਜ਼ਮੀਨ ਖਿਸਕਣ ਕਾਰਨ ਸੂਬੇ 'ਚ 35 ਪੱਕੇ ਮਕਾਨ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ। ਪੱਕੇ ਮਕਾਨਾਂ ਦੇ ਨਾਲ-ਨਾਲ 141 ਕੱਚੇ ਮਕਾਨ ਵੀ ਢਹਿ ਗਏ ਹਨ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ 104 ਪੱਕੇ ਮਕਾਨਾਂ ਨੂੰ ਅੰਦਰੂਨੀ ਨੁਕਸਾਨ ਹੋਇਆ ਹੈ, ਜਦੋਂਕਿ 752 ਕੱਚੇ ਮਕਾਨਾਂ ਨੂੰ ਵੀ ਅੰਦਰੂਨੀ ਤੌਰ 'ਤੇ ਨੁਕਸਾਨ ਪੁੱਜਿਆ ਹੈ। ਮੀਂਹ ਕਾਰਨ ਸਭ ਤੋਂ ਵੱਧ ਨੁਕਸਾਨ ਲੋਕ ਨਿਰਮਾਣ ਵਿਭਾਗ ਅਤੇ ਆਈ.ਪੀ.ਐੱਚ. ਵਿਭਾਗ ਨੂੰ ਹੋਇਆ ਹੈ।

ਇਹ ਵੀ ਪੜ੍ਹੋ : ਇਸ ਵਾਰ ਆਪਣੀ ਮਾਂ ਨਾਲ ਨਹੀਂ, ਲੱਖਾਂ ਆਦਿਵਾਸੀ ਮਾਵਾਂ ਨਾਲ ਮਨਾ ਰਿਹਾ ਜਨਮ ਦਿਨ : PM ਮੋਦੀ

ਹਿਮਾਚਲ ਪ੍ਰਦੇਸ਼ 'ਚ ਇਨ੍ਹਾਂ ਕੁਦਰਤੀ ਆਫ਼ਤਾਂ ਕਾਰਨ ਹੋਏ ਭਾਰੀ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ ਤੋਂ ਇਕ ਅੰਤਰ-ਮੰਤਰਾਲਾ ਕੇਂਦਰੀ ਟੀਮ ਭੇਜਣ ਦੀ ਬੇਨਤੀ ਕੀਤੀ ਗਈ ਸੀ। ਰਾਜ ਸਰਕਾਰ ਦੀ ਬੇਨਤੀ 'ਤੇ ਅੰਤਰ-ਕੇਂਦਰੀ ਟੀਮ ਦੇ 6 ਮੈਂਬਰਾਂ ਨੇ 28 ਅਗਸਤ ਤੋਂ 30 ਅਗਸਤ 2022 ਤੱਕ ਆਫ਼ਤ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਪਹਿਲੀ ਵਾਰ ਇਕ ਅੰਤਰ-ਮੰਤਰਾਲਾ ਕੇਂਦਰੀ ਟੀਮ ਨੇ ਮਾਨਸੂਨ ਦੌਰਾਨ ਕੁਦਰਤੀ ਆਫ਼ਤਾਂ ਕਾਰਨ ਹੋਏ ਭਾਰੀ ਨੁਕਸਾਨ ਦਾ ਜਾਇਜ਼ਾ ਲੈਣ ਲਈ ਸੂਬੇ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਐੱਨ.ਡੀ.ਆਰ.ਐੱਫ. ਤਹਿਤ 200 ਕਰੋੜ ਰੁਪਏ ਦੀ ਅੰਤਰਿਮ ਸਹਾਇਤਾ ਰਾਜ ਨੂੰ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਇਸ ਕਾਰਨ ਪ੍ਰਭਾਵਿਤ ਲੋਕਾਂ ਨੂੰ ਸੂਬੇ 'ਚ ਕੁਦਰਤੀ ਆਫਤਾਂ ਕਾਰਨ ਹੋਏ ਨੁਕਸਾਨ ਦੀ ਮਦਦ ਲਈ ਲੋੜੀਂਦੀ ਰਾਹਤ ਰਾਸ਼ੀ ਅਤੇ ਹੋਰ ਰਾਹਤ ਅਤੇ ਪੁਨਰ ਨਿਰਮਾਣ ਕਾਰਜਾਂ 'ਚ ਮਦਦ ਮਿਲ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News