ਹਿਮਾਚਲ ਦੇ ਉੱਚਾਈ ਵਾਲੇ ਇਲਾਕਿਆਂ 'ਚ ਤਾਜ਼ਾ ਬਰਫ਼ਬਾਰੀ ਤੋਂ ਬਾਅਦ 216 ਸੜਕਾਂ ਹੋਈਆਂ ਬੰਦ

Saturday, Feb 11, 2023 - 01:35 PM (IST)

ਸ਼ਿਮਲਾ (ਭਾਸ਼ਾ)- ਕੁੱਲੂ, ਲਾਹੌਲ-ਸਪੀਤੀ, ਕਿੰਨੌਰ ਅਤੇ ਸ਼ਿਮਲਾ ਜ਼ਿਲ੍ਹਿਆਂ ਦੇ ਉੱਚਾਈ ਵਾਲੇ ਇਲਾਕਿਆਂ 'ਚ ਸ਼ਨੀਵਾਰ ਨੂੰ ਮੁੜ ਬਰਫ਼ਬਾਰੀ ਹੋਈ, ਜਦੋਂ ਕਿ ਮੱਧ ਅਤੇ ਹੇਠਲੇ ਇਲਾਕਿਆਂ 'ਚ ਮੀਂਹ ਪਿਆ। ਬਰਫ਼ਬਾਰੀ ਕਾਰਨ ਤਿੰਨ ਰਾਸ਼ਟਰੀ ਰਾਜਮਾਰਗਾਂ ਸਮੇਤ 216 ਸੜਕਾਂ ਬੰਦ ਹੋ ਗਈਆਂ ਹਨ। ਲਾਹੌਲ-ਸਪੀਤੀ 'ਚ ਸਭ ਤੋਂ ਵੱਧ 119, ਕਿੰਨੌਰ 'ਚ 31, ਚੰਬਾ 'ਚ 19, ਕੁੱਲੂ 'ਚ 9, ਮੰਡੀ 'ਚ 6, ਕਾਂਗੜਾ 'ਚ 2 ਅਤੇ ਸ਼ਿਮਲਾ ਜ਼ਿਲ੍ਹੇ 'ਚ ਇਕ ਸੜਕ ਬੰਦ ਹੈ। ਰਾਜ ਐਮਰਜੈਂਸੀ ਸੰਚਾਲਨ ਕੇਂਦਰ ਅਨੁਸਾਰ ਸ਼ਿਮਲਾ ਸ਼ਹਿਰ 'ਚ ਬਰਫ਼ਬਾਰੀ ਕਾਰਨ ਰਾਜ 'ਚ ਲਗਭਗ 325 ਟਰਾਂਸਫਾਰਮਰ ਅਤੇ 10 ਜਲ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ। 

ਲਾਹੌਲ-ਸਪੀਤੀ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਸੈਲਾਨੀਆਂ ਅਤੇ ਵਾਸੀਆਂ ਨੂੰ ਬਰਫ਼ਬਾਰੀ ਦੇ ਮਾਮਲੇ 'ਚ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ ਅਤੇ ਦੱਸਿਆ ਹੈ ਕਿ ਬਰਫ਼ ਦੇ ਤੋਦੇ ਡਿੱਗਣ ਕਾਰਨ ਮਨਾਲੀ-ਲੇਹ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਹੈ। ਦਾਰਚਾ-ਸ਼ਿੰਕੁਲਾ ਰੋਡ, ਕਾਜ਼ਾ ਰੋਡ, ਗ੍ਰੇਫੂ ਤੋਂ ਕਾਜ਼ਾ ਰੋਡ ਅਤੇ ਸੁਮਦੋ ਤੋਂ ਲੋਸਰ ਰੋਡ ਵੀ ਸਾਰੇ ਤਰ੍ਹਾਂ ਦੇ ਵਾਹਨਾਂ ਲਈ ਬੰਦ ਹੈ। ਟਿੰਡੀ ਕੋਲ ਬਰਫ਼ ਦੇ ਤੋਦੇ ਡਿੱਗਣ ਤੋਂ ਬਾਅਦ ਪਾਂਗੀ-ਕਿੱਲਾਰ ਰਾਜ ਰਾਜਮਾਰਗ (ਐੱਸ.ਐੱਚ.-26) ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।


DIsha

Content Editor

Related News