ਟਰੱਕਾਂ ਦੀ ਟੱਕਰ ਵਿਚਾਲੇ ਜ਼ਿੰਦਾ ਸੜ ਗਿਆ ਡਰਾਇਵਰ, ਵੇਖਦੇ ਰਹਿ ਗਏ ਕੋਲ ਖੜੇ ਲੋਕ

06/27/2024 3:11:09 PM

ਬੀਕਾਨੇਰ, ਹਾਈਵੇਅ 'ਤੇ ਅੱਜ ਸਵੇਰੇ ਦੋ ਟਰੱਕਾਂ ਵਿਚਾਲੇ ਭਿਆਨਕ ਟੱਕਰ ਹੋ ਗਈ। ਟੱਕਰ ਐਨੀ ਜ਼ਬਰਦਸਤ ਹੋਈ ਕਿ ਦੋਵਾਂ ਟਰੱਕ ਨੇ ਅੱਗ ਫੜ੍ਹ ਲਈ। ਜਿਸ ਕਾਰਨ ਇੱਕ ਟਰੱਕ ਦਾ ਡਰਾਇਵਰ ਬਾਹਰ ਹੀ ਨਹੀਂ ਨਿਕਲ ਪਾਇਆ ਤੇ ਅੱਗ ਕਾਰਨ ਅੰਦਰ ਹੀ ਜ਼ਿੰਦਾ ਸੜ ਗਿਆ।ਦਰਅਸਲ ਇਹ ਹਾਦਸਾ ਬੀਕਾਨੇਰ ਦੇ ਮਹਾਜਨ ਥਾਣਾ ਖੇਤਰ 'ਚ ਵੀਰਵਾਰ ਸਵੇਰੇ ਭਾਰਤਮਾਲਾ ਹਾਈਵੇਅ 'ਤੇ ਵਾਪਰਿਆ। ਇਸ ਹਾਦਸੇ ਵਿੱਚ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਦੋ ਜ਼ਖ਼ਮੀ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜੋ ਕਿ ਬੀਕਾਨੇਰ ਦੇ ਪੀਬੀਐਮ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਖਰਾਬ ਹੋਏ ਖੜ੍ਹੇ ਟਰੱਕ ਦੇ ਪਿੱਛੇ ਵੱਜਾ ਦੂਜਾ ਟਰੱਕ

ਬੀਕਾਨੇਰ ਜ਼ਿਲੇ 'ਚੋਂ ਲੰਘਦੇ ਜਾਮਨਗਰ-ਅੰਮ੍ਰਿਤਸਰ ਐਕਸਪ੍ਰੈੱਸ ਹਾਈਵੇ 'ਤੇ ਜੈਤਪੁਰ ਦੇ ਟਰੱਕ ਖਰਾਬ ਹੋਣ ਕਾਰਨ ਟਰੱਕ ਡਰਾਈਵਰ ਅਤੇ ਹੈਲਪਰ ਉਸਦੀ ਮੁਰੰਮਤ ਕਰਨ 'ਚ ਰੁੱਝੇ ਹੋਏ ਸਨ। ਇਸੇ ਦੌਰਾਨ ਇਕ ਤੇਜ ਰਫਤਾਰ ਟਰੱਕ ਆਇਆ ਤੇ ਉਸਨੇ ਖਰਾਬ ਟਰੱਕ ਨੂੰ ਪਿੱਛੋਂ ਤੋਂ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਸਾਰ ਹੀ ਦੋਵਾਂ ਟਰੱਕਾਂ ਨੂੰ ਅੱਗ ਲੱਗ ਗਈ। ਜਿਸ ਕਾਰਨ ਦੂਜੇ ਟਰੱਕ ਦੇ ਡਰਾਇਵਰ ਨੂੰ ਟਰੱਕ ਵਿੱਚੋਂ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ ਤੇ ਉਹ ਅੰਦਰ ਹੀ ਜ਼ਿੰਦਾ ਸੜ ਗਿਆ। ਜਦਕਿ ਬਾਹਰ ਖੜ੍ਹੇ ਟਰੱਕ ਦੀ ਮੁਰੰਮਤ ਕਰ ਰਹੇ ਟਰੱਕ ਡਰਾਈਵਰ ਅਤੇ ਆਪਰੇਟਰ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ। ਜਿਨ੍ਹਾਂ ਵਿੱਚੋਂ ਦੋ ਨੂੰ ਪੀਬੀਐਮ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

ਸੱਦੀ ਗਈ ਫਾਇਰ ਬ੍ਰਿਗੇਡ

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਹਾਜਨ ਦੀ ਪੁਲਸ ਨੇ ਫਾਇਰ ਬ੍ਰਿਗੇਡ ਨੂੰ ਮੌਕੇ 'ਤੇ ਸੱਦਿਆ ਅਤੇ ਫਾਇਰ ਬ੍ਰਿਗੇਡ ਨੇ ਦੋਵੇਂ ਟਰੱਕਾਂ ਦੀ ਅੱਗ 'ਤੇ ਕਾਬੂ ਪਾਇਆ। ਫਿਲਹਾਲ ਪੁਲਸ ਨੇ ਕਰੇਨ ਬੁਲਾ ਕੇ ਦੋਵੇਂ ਟਰੱਕਾਂ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਘਟਨਾ ਤੋਂ ਬਾਅਦ ਹਾਈਵੇ 'ਤੇ ਵਾਹਨਾਂ ਦੀ ਲੰਬਾ ਜਾਮ ਲੱਗ ਗਿਆ। 


DILSHER

Content Editor

Related News