''ਟਾਈਟਲਰ ਨੇ ਭੀੜ ਨੂੰ ਕਿਹਾ-ਸਿੱਖਾਂ ਨੂੰ ਮਾਰ ਦਿਓ, ਉਨ੍ਹਾਂ ਨੇ ਸਾਡੀ ਮਾਂ ਦਾ ਕਤਲ ਕੀਤਾ ਹੈ''

Sunday, Aug 06, 2023 - 10:25 AM (IST)

''ਟਾਈਟਲਰ ਨੇ ਭੀੜ ਨੂੰ ਕਿਹਾ-ਸਿੱਖਾਂ ਨੂੰ ਮਾਰ ਦਿਓ, ਉਨ੍ਹਾਂ ਨੇ ਸਾਡੀ ਮਾਂ ਦਾ ਕਤਲ ਕੀਤਾ ਹੈ''

ਨਵੀਂ ਦਿੱਲੀ- ਕਾਂਗਰਸ ਨੇਤਾ ਜਗਦੀਸ਼ ਟਾਈਟਲਰ 1 ਨਵੰਬਰ, 1984 ਨੂੰ ਗੁਰਦੁਆਰਾ ਪੁਲ ਬੰਗਸ਼ ਦੇ ਸਾਹਮਣੇ ਜਿਵੇਂ ਹੀ ਚਿੱਟੇ ਰੰਗ ਦੀ ਅੰਬੈਸਡਰ ਕਾਰ ’ਚੋਂ ਉਤਰੇ, ਉਨ੍ਹਾਂ ਨੇ ਚੀਕਦੇ ਹੋਏ ਕਿਹਾ-ਸਿੱਖਾਂ ਨੂੰ ਮਾਰ ਦਿਓ... ਉਨ੍ਹਾਂ ਨੇ ਸਾਡੀ ਮਾਂ ਦਾ ਕਤਲ ਕਰ ਦਿੱਤਾ ਹੈ ਅਤੇ ਛੇਤੀ ਹੀ ਸਿੱਖ ਧਾਰਮਿਕ ਸਥਾਨ ’ਤੇ 3 ਲੋਕ ਮ੍ਰਿਤਕ ਪਏ ਸਨ।

ਇਹ ਬਿਆਨ ਸਾਬਕਾ ਕੇਂਦਰੀ ਮੰਤਰੀ ਖਿਲਾਫ ਦਰਜ ਇਕ ਪੂਰਕ ਦੋਸ਼-ਪੱਤਰ ਦਾ ਹਿੱਸਾ ਹੈ, ਜਿਸ ਕਾਰਨ ਉਨ੍ਹਾਂ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਮਾਮਲੇ ’ਚ ਇਕ ਮੁਲਜ਼ਮ ਦੇ ਰੂਪ ’ਚ ਵਧੀਕ ਮੁੱਖ ਮੈਟਰੋਪਾਲਿਟਨ ਮੈਜਿਸਟ੍ਰੇਟ ਵਿਧੀ ਗੁਪਤਾ ਆਨੰਦ ਦੇ ਸਾਹਮਣੇ ਸ਼ਨੀਵਾਰ ਨੂੰ ਪਹਿਲੀ ਵਾਰ ਪੇਸ਼ ਹੋਣਾ ਪਿਆ। ਸਿੱਖ ਅੰਗ ਰੱਖਿਅਕਾਂ ਵੱਲੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਇਕ ਦਿਨ ਬਾਅਦ ਸਿੱਖ ਵਿਰੋਧੀ ਹਿੰਸਾ ਹੋਈ ਸੀ।

ਬਿਆਨ ’ਚ ਦਾਅਵਾ ਕੀਤਾ ਗਿਆ ਕਿ ਕਾਰ ’ਚੋਂ ਉੱਤਰਨ ਤੋਂ ਬਾਅਦ ਟਾਈਟਲਰ ਨੇ ਉੱਥੇ ਇਕੱਠੇ ਹੋਏ ਆਪਣੇ ਸਮਰਥਕਾਂ ਨੂੰ ਝਿੜਕਦਿਆਂ ਕਿਹਾ, ‘‘ਮੈਂ ਤੁਹਾਨੂੰ ਪੂਰੀ ਤਰ੍ਹਾਂ ਭਰੋਸਾ ਦਿੱਤਾ ਸੀ ਕਿ ਤੁਹਾਡੇ ’ਤੇ ਕੋਈ ਦੋਸ਼ ਨਹੀਂ ਆਵੇਗਾ। ਤੁਸੀਂ ਬਸ ਸਿੱਖਾਂ ਦਾ ਕਤਲ ਕਰੋ।’’ ਬਿਆਨ ’ਚ ਕਿਹਾ ਗਿਆ ਕਿ ਮੁਲਜ਼ਮ ਨੇ ਅੱਗੇ ਕਿਹਾ ਕਿ ਇਸ ਦੇ ਬਾਵਜੂਦ ਘੱਟ ਗਿਣਤੀ ’ਚ ਸਿੱਖ ਮਾਰੇ ਗਏ ਹਨ, ਜਿਸ ਨਾਲ ਉਨ੍ਹਾਂ ਨੂੰ ਸ਼ਰਮਸਾਰ ਹੋਣਾ ਪਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੂਰਬੀ ਦਿੱਲੀ ਅਤੇ ਉੱਤਰੀ ਦਿੱਲੀ ਦੇ ਮੁਕਾਬਲੇ ਉਨ੍ਹਾਂ ਦੇ ਚੋਣ ਹਲਕੇ (ਉਨ੍ਹਾਂ ਦੀ ਦਿੱਲੀ ਸਦਰ ਲੋਕ ਸਭਾ ਸੀਟ ਦੇ ਅਧੀਨ ਆਉਣ ਵਾਲੇ ਵਿਧਾਨ ਸਭਾ ਹਲਕਿਆਂ) ’ਚ ਸਿਰਫ ਨਾ-ਮਾਤਰ ਹੀ ਕਤਲ ਹੋਏ ਹਨ ਅਤੇ ਉਸ ਤੋਂ ਬਾਅਦ ਉਹ ਗ਼ੁੱਸੇ ’ਚ ਉੱਥੋਂ ਚਲੇ ਗਏ।

ਕੁਝ ਗਵਾਹਾਂ ਨੇ ਦਾਅਵਾ ਕੀਤਾ ਕਿ ਹਾਲਾਂਕਿ ਉਨ੍ਹਾਂ ਨੇ ਇਹ ਸਪੱਸ਼ਟ ਰੂਪ ’ਚ ਨਹੀਂ ਸੁਣਿਆ ਕਿ ਟਾਈਟਲਰ ਨੇ ਭੀੜ ਨੂੰ ਸਟੀਕ ਰੂਪ ’ਚ ਕੀ ਕਿਹਾ ਸੀ ਪਰ ਇਸ ਤੋਂ ਬਾਅਦ ਉੱਥੇ ਇਕੱਠੇ ਹੋਏ ਲੋਕ ਹਿੰਸਕ ਹੋ ਗਏ ਅਤੇ ਗੁਰਦੁਆਰਾ ਪੁਲ ਬੰਗਸ਼ ’ਤੇ ਹਮਲਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਜ਼ਿਆਦਾਤਰ ਗਵਾਹਾਂ ਨੇ ਕਿਹਾ ਕਿ ਉਹ ਇਹ ਸੁਣਨ ’ਚ ਅਸਫਲ ਰਹੇ ਕਿ ਟਾਈਟਲਰ ਨੇ ਭੀੜ ਨੂੰ ਕੀ ਕਿਹਾ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਕਾਰ ’ਚੋਂ ਉਤਰ ਕੇ ਭਾਸ਼ਣ ਦਿੰਦੇ ਵੇਖਿਆ, ਜਿਸ ਨਾਲ ਭਾਜੜ ਮਚ ਗਈ।

ਅਦਾਲਤ ਨੇ ਸ਼ਨੀਵਾਰ ਨੂੰ ਇਸ ਮਾਮਲੇ ਦੇ ਸਬੰਧ ’ਚ ਇਹ ਵੇਖਦੇ ਹੋਏ ਜਗਦੀਸ਼ ਟਾਈਟਲਰ ਵੱਲੋਂ ਪੇਸ਼ ਜ਼ਮਾਨਤ ਬਾਂਡ ਸਵੀਕਾਰ ਕਰ ਲਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਇਕ ਸੈਸ਼ਨ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਦਿੱਤੀ ਜਾ ਚੁੱਕੀ ਹੈ। ਇਕ ਸੈਸ਼ਨ ਅਦਾਲਤ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ’ਚ ਟਾਈਟਲਰ ਨੂੰ ਇਕ ਲੱਖ ਰੁਪਏ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਰਾਸ਼ੀ ਦੀ ਜ਼ਮਾਨਤ ’ਤੇ ਅਗਾਊਂ ਜ਼ਮਾਨਤ ਦੇ ਦਿੱਤੀ ਸੀ।


author

Tanu

Content Editor

Related News