ਨਵੇਂ ਮਾਪਿਆਂ ਨਾਲ ਨਹੀਂ ਪਿਆ ਮੋਹ, ਗੋਦ ਲਏ 1100 ਬੱਚੇ ਬਾਲ ਦੇਖਭਾਲ ਸੰਸਥਾਵਾਂ ''ਚ ਪਰਤੇ

01/05/2020 12:17:50 PM

ਨਵੀਂ ਦਿੱਲੀ (ਭਾਸ਼ਾ)— ਚਾਈਲਡ ਅਡਾਪਸ਼ਨ ਰਿਸੋਰਸ ਅਥਾਰਟੀ (ਕਾਰਾ) ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਦੇਸ਼ ਭਰ 'ਚ 1100 ਤੋਂ ਵਧ ਗੋਦ ਲਏ ਗਏ ਬੱਚੇ ਪਿਛਲੇ 5 ਸਾਲ 'ਚ ਬਾਲ ਦੇਖਭਾਲ ਸੰਸਥਾਵਾਂ 'ਚ ਵਾਪਸ ਪਰਤ ਆਏ ਹਨ। ਕਾਰਾ ਦੇ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਬੱਚੇ ਖਾਸ ਕਰ ਕੇ 8 ਸਾਲ ਤੋਂ ਵੱਧ ਉਮਰ ਦੇ ਬੱਚੇ ਗੋਦ ਲੈਣ ਵਾਲੇ ਮਾਤਾ-ਪਿਤਾ ਦੇ ਘਰ ਦੇ ਮਾਹੌਲ ਮੁਤਾਬਕ ਢਲ ਨਾ ਸਕਣ ਕਾਰਨ ਪਰਤ ਆਏ। ਸੂਚਨਾ ਦਾ ਅਧਿਕਾਰ (ਆਰ. ਟੀ. ਆਈ.) ਜ਼ਰੀਏ ਮਿਲੀ ਸੂਚਨਾ ਮੁਤਾਬਕ 2014-15 'ਚ ਸਭ ਤੋਂ ਵੱਧ ਬੱਚੇ ਵਾਪਸ ਆਏ। ਆਰ. ਟੀ. ਆਈ. ਦੇ ਅੰਕੜਿਆਂ ਮੁਤਾਬਕ 2014-15 ਵਿਚ ਗੋਦ ਲਏ ਗਏ ਕੁੱਲ 4,362 ਬੱਚਿਆਂ 'ਚੋਂ 387 ਬੱਚਿਆਂ ਅਤੇ 2015-16 'ਚ ਗੋਦ ਲਏ ਕੁੱਲ 3,677 'ਚੋਂ 236 ਬੱਚਿਆਂ ਨੂੰ ਉਨ੍ਹਾਂ ਨੂੰ ਗੋਦ ਲੈਣ ਵਾਲੇ ਮਾਤਾ-ਪਿਤਾ ਨੇ ਵਾਪਸ ਪਹੁੰਚਾ ਦਿੱਤਾ। ਅੰਕੜਿਆਂ ਮੁਤਾਬਕ 2016-17 'ਚ ਕੁੱਲ 3,788 'ਚੋਂ 195 ਬੱਚਿਆਂ, 2017-18 'ਚ ਕੁੱਲ 3,927 'ਚੋਂ 153 ਬੱਚਿਆਂ ਅਤੇ 2018-19 'ਚ ਕੁੱਲ 4,027 'ਚੋਂ 133 ਬੱਚਿਆਂ ਨੂੰ ਵਾਪਸ ਬਾਲ ਦੇਖਭਾਲ ਸੰਸਥਾਵਾਂ 'ਚ ਪਹੁੰਚਾਇਆ ਗਿਆ। 

ਕਾਰਾ ਦੇ ਅਧਿਕਾਰੀ ਨੇ ਕਿਹਾ ਕਿ ਬਾਲ ਦੇਖਭਾਲ ਸੰਸਥਾਵਾਂ ਵਿਚ ਬੱਚਿਆਂ ਦਾ ਵੱਖਰੇ ਢੰਗ ਨਾਲ ਪਾਲਣ-ਪੋਸ਼ਣ ਕੀਤਾ ਜਾਂਦਾ ਹੈ।  ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਬਾਲ ਦੇਖਭਾਲ ਸੰਸਥਾਵਾਂ 'ਚ ਦੇਖਭਾਲ ਕਰਨ ਵਾਲਿਆਂ ਨਾਲ ਇੰਨਾ ਲਗਾਅ ਹੋ ਜਾਂਦਾ ਹੈ ਕਿ ਉਨ੍ਹਾਂ ਲਈ ਉਨ੍ਹਾਂ ਨੂੰ ਛੱਡ ਕੇ ਕਿਸੇ ਪਰਿਵਾਰ ਨਾਲ ਰਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਨੂੰ ਪਰਿਵਾਰਾਂ ਨਾਲ ਰਹਿਣ ਅਤੇ ਉਨ੍ਹਾਂ ਮੁਤਾਬਕ ਢਲਣ ਲਈ ਤਿਆਰ ਕੀਤਾ ਜਾਣਾ ਚਾਹੀਦਾ ਹੈ। ਅਧਿਕਾਰੀ ਨੇ ਕਿਹਾ ਕਿ ਇਸ ਲਈ ਬੱਚਿਆਂ ਨੂੰ ਗੋਦ ਲੈਣ ਵਾਲੇ ਮਾਤਾ-ਪਿਤਾ ਦੀ ਵੀ ਕੌਂਸਲਿੰਗ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਵੀ ਇਸ ਲਈ ਤਿਆਰ ਕੀਤਾ ਜਾਣਾ ਚਾਹੀਦਾ ਹੈ। ਅੰਕੜਿਆਂ ਮੁਤਾਬਕ ਗੋਦ ਲਏ ਗਏ ਬੱਚਿਆਂ ਦੇ ਪਿਛਲੇ 5 ਸਾਲ 'ਚ ਵਾਪਸ ਆਉਣ ਦੀ ਗਿਣਤੀ ਦੇ ਮਾਮਲੇ 'ਚ ਮਹਾਰਾਸ਼ਟਰ ਸਭ ਤੋਂ ਅੱਗੇ ਰਿਹਾ। ਉੱਥੇ 273 ਬੱਚੇ ਵਾਪਸ ਬਾਲ ਦੇਖਭਾਲ ਸੰਸਥਾਵਾਂ 'ਚ ਪਹੁੰਚਾਏ ਗਏ। ਇਸ ਤੋਂ ਬਾਅਦ ਮੱਧ ਪ੍ਰਦੇਸ਼ 'ਚ 92, ਓਡੀਸ਼ਾ 'ਚ 88 ਅਤੇ ਕਰਨਾਟਕ 'ਚ 60 ਦਾ ਨੰਬਰ ਆਉਂਦਾ ਹੈ।


Tanu

Content Editor

Related News