108 ਮਾਓਵਾਦੀਆਂ ਨੇ ਕੀਤਾ ਆਤਮ-ਸਮਰਪਣ, ਕਰੋੜਾਂ ਦੀ ਨਕਦੀ ਤੇ ਸੋਨਾ ਬਰਾਮਦ

Thursday, Mar 12, 2026 - 12:50 AM (IST)

108 ਮਾਓਵਾਦੀਆਂ ਨੇ ਕੀਤਾ ਆਤਮ-ਸਮਰਪਣ, ਕਰੋੜਾਂ ਦੀ ਨਕਦੀ ਤੇ ਸੋਨਾ ਬਰਾਮਦ

ਜਗਦਲਪੁਰ/ਰਾਏਪੁਰ : ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ 44 ਔਰਤਾਂ ਸਮੇਤ ਕੁੱਲ 108 ਮਾਓਵਾਦੀਆਂ ਨੇ ਹਿੰਸਾ ਦਾ ਰਾਹ ਤਿਆਗ ਕੇ ਆਤਮ-ਸਮਰਪਣ ਕਰ ਦਿੱਤਾ। ਇਹ ਆਤਮ-ਸਮਰਪਣ ਜਗਦਲਪੁਰ ਦੇ ਲਾਲਬਾਗ ਸਥਿਤ ਪੁਲਸ ਕੋਆਰਡੀਨੇਸ਼ਨ ਸੈਂਟਰ ਵਿਖੇ ਸੀਨੀਅਰ ਪੁਲਸ ਅਤੇ ਅਰਧ ਸੈਨਿਕ ਬਲਾਂ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੋਇਆ।

ਕਰੋੜਾਂ ਦੀ ਨਕਦੀ ਅਤੇ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ
ਪੁਲਸ ਅਧਿਕਾਰੀਆਂ ਅਨੁਸਾਰ ਮਾਓਵਾਦੀਆਂ ਦੇ ਇੱਕੋ ਟਿਕਾਣੇ ਤੋਂ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੋਈ ਹੈ, ਜਿਸ ਵਿੱਚ 3.61 ਕਰੋੜ ਰੁਪਏ ਦੀ ਨਕਦੀ ਅਤੇ ਲਗਭਗ 1.64 ਕਰੋੜ ਰੁਪਏ ਦੀ ਕੀਮਤ ਦਾ ਇੱਕ ਕਿਲੋ ਸੋਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਪੁਲਸ ਨੇ 101 ਮਾਰੂ ਹਥਿਆਰ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ ਏ.ਕੇ.-47, ਇੰਸਾਸ (INSAS), ਐਲ.ਐਮ.ਜੀ. (LMG) ਅਤੇ ਬੀ.ਜੀ.ਐਲ. (BGL) ਵਰਗੇ ਘਾਤਕ ਹਥਿਆਰ ਸ਼ਾਮਲ ਹਨ।

ਵੱਡੇ ਇਨਾਮੀ ਨਕਸਲੀ ਮੁੱਖ ਧਾਰਾ ਵਿੱਚ ਹੋਏ ਸ਼ਾਮਲ
ਆਤਮ-ਸਮਰਪਣ ਕਰਨ ਵਾਲਿਆਂ ਵਿੱਚ ਡਿਵੀਜ਼ਨਲ ਕਮੇਟੀ ਦੇ 6 ਮੈਂਬਰ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਹਰੇਕ 'ਤੇ 8-8 ਲੱਖ ਰੁਪਏ ਦਾ ਇਨਾਮ ਸੀ। ਇਸ ਦੇ ਨਾਲ ਹੀ ਏਰੀਆ ਕਮੇਟੀ ਦੇ 22 ਮੈਂਬਰ ਵੀ ਸ਼ਾਮਲ ਹਨ, ਜਿਨ੍ਹਾਂ 'ਤੇ 5-5 ਲੱਖ ਰੁਪਏ ਦਾ ਇਨਾਮ ਘੋਸ਼ਿਤ ਸੀ। ਇਨ੍ਹਾਂ ਸਾਰੇ ਸਮਰਪਣ ਕਰਨ ਵਾਲੇ ਮਾਓਵਾਦੀਆਂ 'ਤੇ ਕੁੱਲ ਮਿਲਾ ਕੇ 3.29 ਕਰੋੜ ਰੁਪਏ ਦਾ ਇਨਾਮ ਸੀ। ਮੁੱਖ ਰੂਪ ਵਿੱਚ ਰਾਹੁਲ ਤੇਲਾਮ, ਰਾਮਧਰ ਉਰਫ ਬੀਰੂ ਅਤੇ ਮੱਲੇਸ਼ ਵਰਗੇ ਵੱਡੇ ਨਾਂ ਇਸ ਸੂਚੀ ਵਿੱਚ ਸ਼ਾਮਲ ਹਨ।

ਸਰਕਾਰ ਦੀ ਨੀਤੀ ਦਾ ਅਸਰ
ਬਸਤਰ ਖੇਤਰ ਦੇ ਪੁਲਸ ਇੰਸਪੈਕਟਰ ਜਨਰਲ ਸੁੰਦਰਰਾਜ ਪੀ. ਨੇ ਦੱਸਿਆ ਕਿ ਇਹ ਨਕਸਲੀ ਸਰਕਾਰ ਦੀ 'ਪੂਨਾ ਨਾਰਗੋਮ' (ਮੁੜ ਵਸੇਬਾ ਨੀਤੀ) ਤੋਂ ਪ੍ਰਭਾਵਿਤ ਹੋ ਕੇ ਮੁੱਖ ਧਾਰਾ ਵਿੱਚ ਪਰਤੇ ਹਨ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਸਮਰਪਣ ਇਸ ਗੱਲ ਦਾ ਸੰਕੇਤ ਹੈ ਕਿ ਮਾਓਵਾਦੀ ਵਿਚਾਰਧਾਰਾ ਹੁਣ ਕਮਜ਼ੋਰ ਪੈ ਰਹੀ ਹੈ।

ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਬਿਆਨ
ਰਾਜ ਦੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਇ ਨੇ ਇਸ ਸਫਲਤਾ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, "ਬਸਤਰ ਵਿੱਚ ਬੰਦੂਕਾਂ ਹਾਰ ਰਹੀਆਂ ਹਨ ਅਤੇ ਵਿਸ਼ਵਾਸ ਜਿੱਤ ਰਿਹਾ ਹੈ"। ਰਾਜ ਦੇ ਗ੍ਰਹਿ ਮੰਤਰੀ ਵਿਜੇ ਸ਼ਰਮਾ ਨੇ ਦੱਸਿਆ ਕਿ ਸਰਕਾਰ ਦਾ ਟੀਚਾ 31 ਮਾਰਚ 2026 ਤੱਕ ਰਾਜ ਵਿੱਚੋਂ ਨਕਸਲਵਾਦ ਦਾ ਪੂਰੀ ਤਰ੍ਹਾਂ ਖਾਤਮਾ ਕਰਨਾ ਹੈ।  ਜ਼ਿਕਰਯੋਗ ਹੈ ਕਿ ਪਿਛਲੇ 26 ਮਹੀਨਿਆਂ ਵਿੱਚ ਰਾਜ ਵਿੱਚ ਕੁੱਲ 2,714 ਮਾਓਵਾਦੀ ਹਿੰਸਾ ਛੱਡ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

Baljit Singh

Content Editor

Related News