ਗੱਡੀ ਵਿਚੋਂ ਭਾਰੀ ਮਾਤਰਾ ’ਚ ਸ਼ਰਾਬ ਬਰਾਮਦ, 3 ਕਾਬੂ
Saturday, Aug 01, 2026 - 01:47 PM (IST)
ਮੋਗਾ (ਆਜ਼ਾਦ) : ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ਾਂ ’ਤੇ ਬਾਹਰੋ ਸ਼ਰਾਬ ਲਿਆ ਕੇ ਵੇਚਣ ਵਾਲੇ ਸਮੱਗਲਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਫੋਕਲ ਪੁਆਇੰਟ ਪੁਲਸ ਚੌਕੀ ਦੇ ਇੰਚਾਰਜ ਮੋਹਕਮ ਸਿੰਘ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਸਤਨਾਮ ਸਿੰਘ ਜਦੋਂ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰਦੇ ਹੋਏ ਦੇਰ ਰਾਤ ਕੱਚਾ ਦੁਸਾਂਝ ਰੋਡ ਮੋਗਾ ਕੋਲ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਗੁਰਪ੍ਰੀਤ ਸਿੰਘ ਨਿਵਾਸੀ ਭਗਤ ਸਿੰਘ ਨਗਰ, ਸੁਰਜੀਤ ਸਿੰਘ ਨਿਵਾਸੀ ਐੱਮ. ਪੀ. ਬਸਤੀ ਲੰਡੇਕੇ, ਰੁਪਿੰਦਰ ਨਿਵਾਸੀ ਅਜੀਤਵਾਲ ਬਾਹਰਲੇ ਜ਼ਿਲਿਆਂ ਵਿਚੋਂ ਗੱਡੀ ਵਿਚ ਸ਼ਰਾਬ ਭਰ ਕੇ ਲਿਆਉਂਦੇ ਹਨ, ਮੋਗਾ ਇਲਾਕੇ ਵਿਚ ਸਪਲਾਈ ਕਰਦੇ ਹਨ ਅਤੇ ਅੱਜ ਵੀ ਉਹ ਭਾਰੀ ਮਾਤਰਾ ਵਿਚ ਸ਼ਰਾਬ ਦੀ ਗੱਡੀ ਭਰ ਕੇ ਲਿਆ ਰਹੇ ਹਨ।
ਇਸ ’ਤੇ ਪੁਲਸ ਨੇ ਨਾਕਾਬੰਦੀ ਕਰ ਕੇ ਜਦੋਂ ਗੱਡੀ ਨੂੰ ਰੋਕਿਆ ਤਾਂ ਤਲਾਸ਼ੀ ਲੈਣ ’ਤੇ ਉਸ ਵਿਚੋਂ 14 ਪੇਟੀਆਂ ਸ਼ਰਾਬ ਜਿਨ੍ਹਾਂ ਵਿਚ 9 ਪੇਟੀਆਂ ਮਾਰਕਾ ਮੋਟਾ ਸੰਤਰਾਂ, ਪੰਜ ਪੇਟੀਆਂ ਮਾਰਕਾ ਹੀਰ ਬਰਾਮਦ ਕੀਤੀਆਂ, ਜਿਸ ’ਤੇ ਪੁਲਸ ਪਾਰਟੀ ਨੇ ਤਿੰਨਾਂ ਕਥਿਤ ਸਮੱਗਲਰਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕੀਤਾ ਗਿਆ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਤਿੰਨਾਂ ਕਥਿਤ ਸਮੱਗਲਰਾਂ ਨੂੰ ਪੁੱਛ-ਗਿੱਛ ਦੇ ਬਾਅਦ ਬਰ ਜ਼ਮਾਨਤ ਰਿਹਾਅ ਕਰ ਦਿੱਤਾ ਗਿਆ।
