ਏਅਰ ਡਿਫੈਂਸ ਸਿਸਟਮ ''ਚ ਆਤਮ ਨਿਰਭਰ ਬਣੇਗਾ ਭਾਰਤ ! ''ਕੁਸ਼ਾ'' ਮਿਜ਼ਾਈਲ ਸਿਸਟਮ ਦਾ ਕੀਤਾ ਸਫ਼ਲ ਪ੍ਰੀਖਣ

Sunday, Aug 09, 2026 - 02:29 PM (IST)

ਏਅਰ ਡਿਫੈਂਸ ਸਿਸਟਮ ''ਚ ਆਤਮ ਨਿਰਭਰ ਬਣੇਗਾ ਭਾਰਤ ! ''ਕੁਸ਼ਾ'' ਮਿਜ਼ਾਈਲ ਸਿਸਟਮ ਦਾ ਕੀਤਾ ਸਫ਼ਲ ਪ੍ਰੀਖਣ

ਨੈਸ਼ਨਲ ਡੈਸਕ- ਭਾਰਤ ਨੇ ਆਪਣੀ ਸਵਦੇਸ਼ੀ ਲੌਂਗ-ਰੇਂਜ ਸਰਫੇਸ-ਟੂ-ਏਅਰ ਮਿਜ਼ਾਈਲ 'ਕੁਸ਼ਾ' ਦਾ ਸਫ਼ਲ ਪ੍ਰੀਖਣ ਕਰ ਲਿਆ ਹੈ। ਪ੍ਰੀਖਣ ਦੇ ਸਫ਼ਲ ਹੁੰਦਿਆਂ ਹੀ ਅੰਤਰਰਾਸ਼ਟਰੀ ਮੀਡੀਆ ਵਿੱਚ ਇਸ ਦੀ ਚਰਚਾ ਤੇਜ਼ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ, 'ਪ੍ਰੋਜੈਕਟ ਕੁਸ਼ਾ' ਦਾ ਇਹ ਪ੍ਰੀਖਣ ਭਾਰਤ ਨੂੰ ਏਅਰ ਡਿਫੈਂਸ ਸੈਕਟਰ 'ਚ ਆਤਮ-ਨਿਰਭਰ ਬਣਾਉਣ ਅਤੇ 2035 ਤੱਕ ਇੱਕ ਮਜ਼ਬੂਤ ਏਅਰ ਡਿਫੈਂਸ ਸਿਸਟਮ ਤਿਆਰ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਮੀਲ ਦਾ ਪੱਥਰ ਸਾਬਿਤ ਹੋਵੇਗਾ।

ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਵੱਲੋਂ ਓਡੀਸ਼ਾ ਦੇ 'ਏ.ਪੀ.ਜੇ. ਅਬਦੁਲ ਕਲਾਮ 'ਦੀਪ' ਤੋਂ ਇਸ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਗਿਆ। ਇਹ ਮਿਜ਼ਾਈਲ ਸਿਸਟਮ ਦੁਸ਼ਮਣ ਦੇ ਲੜਾਕੂ ਜਹਾਜ਼ਾਂ, ਡਰੋਨਾਂ, ਕਰੂਜ਼ ਮਿਜ਼ਾਈਲਾਂ ਅਤੇ ਦੂਰ-ਦੁਰਾਡੇ ਉੱਡ ਰਹੇ ਰਣਨੀਤਕ ਜਹਾਜ਼ਾਂ ਨੂੰ ਹਵਾ ਵਿੱਚ ਹੀ ਤਬਾਹ ਕਰਨ ਦੇ ਸਮਰੱਥ ਹੈ।

ਮੌਜੂਦਾ ਸਮੇਂ ਭਾਰਤ ਰੂਸ ਦੇ ਐੱਸ-400 ਸਿਸਟਮ 'ਤੇ ਨਿਰਭਰ ਹੈ, ਪਰ 'ਪ੍ਰੋਜੈਕਟ ਕੁਸ਼ਾ' ਦੇ ਪੂਰੀ ਤਰ੍ਹਾਂ ਤਿਆਰ ਹੋਣ ਨਾਲ ਭਾਰਤ ਦੀ ਵਿਦੇਸ਼ੀ ਹਥਿਆਰਾਂ 'ਤੇ ਭਾਰਤ ਦੀ ਨਿਰਭਰਤਾ ਕਾਫ਼ੀ ਹੱਦ ਤੱਕ ਖ਼ਤਮ ਹੋ ਜਾਵੇਗੀ। ਇਹ ਪ੍ਰੋਜੈਕਟ ਭਾਰਤ ਦੇ ਆਪਣੇ ਇੰਡੀਜੀਨਸ ਏਅਰ ਡਿਫ਼ੈਂਸ ਨੈੱਟਵਰਕ ਨੂੰ ਮਜ਼ਬੂਤ ਕਰੇਗਾ।

'ਪ੍ਰੋਜੈਕਟ ਕੁਸ਼ਾ' ਅਧੀਨ ਤਿੰਨ ਵੱਖ-ਵੱਖ ਰੇਂਜ (M1, M2, M3) ਦੀਆਂ ਇੰਟਰਸੈਪਟਰ ਮਿਜ਼ਾਈਲਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ, ਜੋ 150 ਕਿਲੋਮੀਟਰ ਤੋਂ ਲੈ ਕੇ 350-400 ਕਿਲੋਮੀਟਰ ਤੱਕ ਦੀ ਦੂਰੀ 'ਤੇ ਦੁਸ਼ਮਣ ਦੇ ਹਮਲਿਆਂ ਨੂੰ ਨਾਕਾਮ ਕਰ ਸਕਦੀਆਂ ਹਨ।

ਜ਼ਿਕਰਯੋਗ ਹੈ ਕਿ ਦੱਖਣੀ ਏਸ਼ੀਆ ਅਤੇ ਸਰਹੱਦੀ ਖੇਤਰਾਂ ਵਿੱਚ ਚੀਨ ਅਤੇ ਪਾਕਿਸਤਾਨ ਦੀਆਂ ਚੁਣੌਤੀਆਂ ਨੂੰ ਵੇਖਦਿਆਂ, ਭਾਰਤ ਦਾ ਇਹ ਸਵਦੇਸ਼ੀ ਏਅਰ ਡਿਫ਼ੈਂਸ ਸਿਸਟਮ ਖੇਤਰੀ ਸੁਰੱਖਿਆ ਅਤੇ ਹਵਾਈ ਸੰਤੁਲਨ ਬਣਾਏ ਰੱਖਣ ਵਿੱਚ ਬੇਹੱਦ ਅਹਿਮ ਭੂਮਿਕਾ ਨਿਭਾਏਗਾ।


author

Harpreet SIngh

Content Editor

Related News