BSF ਭਰਤੀ 'ਚ ਸਾਬਕਾ ਅਗਨੀਵੀਰਾਂ ਲਈ 10 ਫੀਸਦੀ ਰਾਖਵਾਂਕਰਨ, ਉਮਰ ਹੱਦ 'ਚ ਵੀ ਛੋਟ
Friday, Mar 10, 2023 - 04:51 PM (IST)
ਨਵੀ ਦਿੱਲੀ (ਭਾਸ਼ਾ)- ਅਗਨੀਪੱਥ ਯੋਜਨਾ ਨੂੰ ਉਤਸ਼ਾਹ ਦੇਣ ਲਈ ਕੇਂਦਰੀ ਗ੍ਰਹਿ ਮੰਤਰਾਲਾ ਨੇ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) 'ਚ ਅਸਾਮੀਆਂ 'ਚ ਸਾਬਕਾ ਅਗਨੀਵੀਰਾਂ ਲਈ ਉੱਪਰੀ ਉਮਰ ਹੱਦ 'ਚ ਛੋਟ ਦੇ ਨਾਲ 10 ਫ਼ੀਸਦੀ ਰਾਖਵਾਂਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਸਰਹੱਦੀ ਸੁਰੱਖਿਆ ਫ਼ੋਰਸ, ਜਨਰਲ ਡਿਊਟੀ ਕੈਡਰ (ਨਾਨ-ਗਜ਼ਟਿਡ) ਭਰਤੀ ਨਿਯਮ, 2015 'ਚ ਸੋਧ ਤੋਂ ਬਾਅਦ ਇਕ ਨੋਟੀਫਿਕੇਸ਼ਨ ਦੇ ਮਾਧਿਅਮ ਨਾਲ ਕੀਤੀ ਗਈ ਸੀ ਅਤੇ ਇਹ 9 ਮਾਰਚ ਤੋਂ ਲਾਗੂ ਹੋਵੇਗੀ। ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ,''10 ਫ਼ੀਸਦੀ ਅਸਾਮੀਆਂ ਸਾਬਕਾ-ਅਗਨੀਵੀਰਾਂ ਲਈ ਰਾਖਵੀਂਆਂ ਹੋਣਗੀਆਂ।''
ਮੰਤਰਾਲਾ ਨੇ ਕਿਹਾ ਕਿ ਸਾਬਕਾ ਅਗਨੀਵੀਰਾਂ ਦੇ ਪਹਿਲੇ ਬੈਚ ਦੇ ਉਮੀਦਵਾਰਾਂ ਲਈ ਉੱਪਰੀ ਉਮਰ ਹੱਦ 'ਚ 5 ਸਾਲ ਤੱਕ ਦੀ ਛੋਟ ਦਿੱਤੀ ਜਾਵੇਗੀ, ਜਦੋਂ ਕਿ ਹੋਰ ਬੈਚ ਦੇ ਉਮੀਦਵਾਰਾਂ ਲਈ 3 ਸਾਲ ਤੱਕ ਦੀ ਛੋਟ ਦਿੱਤੀ ਜਾਵੇਗੀ। ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਸਾਬਕਾ ਅਗਨੀਵੀਰਾਂ ਨੂੰ ਵੀ ਸਰੀਰਕ ਪ੍ਰੀਖਿਆ ਤੋਂ ਛੋਟ ਦਿੱਤੀ ਜਾਵੇਗੀ। ਕੇਂਦਰ ਨੇ ਪਿਛਲੇ ਸਾਲ 14 ਜੂਨ ਨੂੰ ਫ਼ੌਜ, ਜਲ ਸੈਨਾ ਅਤੇ ਹਵਾਈ ਫ਼ੌਜ 'ਚ 17 ਤੋਂ ਸਾਢੇ 21 ਸਾਲ ਦੀ ਉਮਰ ਦੇ ਨੌਜਵਾਨਾਂ ਦੀ ਭਰਤੀ ਲਈ ਅਗਨੀਪਥ ਯੋਜਨਾ ਦੀ ਸ਼ੁਰੂਆਤ ਕੀਤੀ ਸੀ, ਜੋ ਵੱਡੇ ਪੱਧਰ 'ਤੇ ਚਾਰ ਸਾਲਾਂ ਦੀ ਛੋਟੀ ਮਿਆਦ ਦੇ ਠੇਕੇ ਦੇ ਆਧਾਰ 'ਤੇ ਸੀ। ਇਸ ਯੋਜਨਾ ਤਹਿਤ ਭਰਤੀ ਕੀਤੇ ਜਾਣ ਵਾਲੇ 'ਅਗਨੀਵੀਰ' ਵਜੋਂ ਜਾਣੇ ਜਾਣਗੇ। ਚਾਰ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ, ਹਰੇਕ ਬੈਚ ਦੇ 25 ਫੀਸਦੀ ਭਰਤੀਆਂ ਨੂੰ ਨਿਯਮਿਤ ਸੇਵਾ ਦੀ ਪੇਸ਼ਕਸ਼ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ