ਨਾਬਾਲਗਾ ਨਾਲ ਜਬਰ-ਜ਼ਨਾਹ ਮਾਮਲੇ ’ਚ ਅਧਿਆਪਕ ਨੂੰ 111 ਸਾਲ ਦੀ ਜੇਲ
Tuesday, Dec 31, 2024 - 10:57 PM (IST)
ਤਿਰੂਵਨੰਤਪੁਰਮ, (ਭਾਸ਼ਾ)– ਕੇਰਲ ਦੇ ਤਿਰੂਵਨੰਤਪੁਰਮ ਦੀ ਵਿਸ਼ੇਸ਼ ਫਾਸਟ ਟ੍ਰੈਕ ਅਦਾਲਤ ਨੇ 5 ਸਾਲ ਪਹਿਲਾਂ 11ਵੀਂ ਜਮਾਤ ਦੀ ਵਿਦਿਆਰਥਣ ਨੂੰ ਵਰਗਲਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਜੁਰਮ ਵਿਚ ਇਕ ਅਧਿਆਪਕ ਨੂੰ 111 ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਅਤੇ ਉਸ ’ਤੇ 1.05 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ।
ਅਦਾਲਤ ਦੇ ਹੁਕਮ ਮੁਤਾਬਕ ਜੇਕਰ ਦੋਸ਼ੀ ਮਨੋਜ (44) ਜੁਰਮਾਨਾ ਨਹੀਂ ਭਰਦਾ ਤਾਂ ਉਸ ਨੂੰ ਇਕ ਸਾਲ ਦੀ ਹੋਰ ਸਜ਼ਾ ਕੱਟਣੀ ਪਵੇਗੀ। ਮਨੋਜ ਦੀ ਪਤਨੀ ਨੂੰ ਜਦੋਂ ਪਤਾ ਲੱਗਾ ਕਿ ਉਸ ਦੇ ਪਤੀ ਨੇ ਇਕ ਨਾਬਾਲਗਾ ਨਾਲ ਜਬਰ-ਜ਼ਨਾਹ ਕੀਤਾ ਹੈ ਤਾਂ ਉਸ ਨੇ ਖੁਦਕੁਸ਼ੀ ਕਰ ਲਈ ਸੀ।
ਜੱਜ ਆਰ. ਰੇਖਾ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਮਨੋਜ ’ਤੇ ਕਿਸੇ ਵੀ ਤਰ੍ਹਾਂ ਦਾ ਤਰਸ ਨਹੀਂ ਕੀਤਾ ਜਾ ਸਕਦਾ। ਇਹ ਘਟਨਾ 2 ਜੁਲਾਈ, 2019 ਦੀ ਹੈ। ਮਨੋਜ ਆਪਣੇ ਘਰ ਟਿਊਸ਼ਨ ਪੜਾਉਂਦਾ ਸੀ। ਉਸ ਨੇ ਵਿਦਿਆਰਥਣ ਨੂੰ ਵਿਸ਼ੇਸ਼ ਜਮਾਤ ਦਾ ਬਹਾਨਾ ਬਣਾ ਕੇ ਆਪਣੇ ਘਰ ਬੁਲਾਇਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ ਤੇ ਉਸ ਨੇ ਆਪਣੇ ਮੋਬਾਈਲ ਨਾਲ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਵੀ ਖਿੱਚ ਲਈਆਂ ਸਨ।