10 ਸਾਲ ਪੁਰਾਣੇ ਮਾਮਲੇ ’ਚ IG ਚੀਮਾ ਸਮੇਤ 6 ਲੋਕਾਂ ਨੂੰ 8 ਮਹੀਨੇ ਦੀ ਸਜ਼ਾ
Saturday, Dec 21, 2024 - 01:24 PM (IST)
ਮੋਹਾਲੀ (ਸੰਦੀਪ) : ਅਗਵਾ ਕਰਨ ਨਾਲ ਸਬੰਧਿਤ 10 ਸਾਲ ਪੁਰਾਣੇ ਮਾਮਲੇ ’ਚ ਸੀ. ਬੀ. ਆਈ. ਅਦਾਲਤ ਨੇ ਪੰਜਾਬ ਪੁਲਸ ਦੇ ਆਈ. ਜੀ. ਗੌਤਮ ਚੀਮਾ ਸਮੇਤ 6 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ 8 ਮਹੀਨੇ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਸਾਰਿਆਂ ’ਤੇ ਅਦਾਲਤ ਨੇ 6500-6500 ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਸਾਰਿਆਂ ’ਤੇ ਇਕ ਭਗੌੜੇ ਮੁਲਜ਼ਮ ਨੂੰ ਪੁਲਸ ਹਿਰਾਸਤ ’ਚ ਅਗਵਾ ਕਰਨ ਦੇ ਗੰਭੀਰ ਦੋਸ਼ ਲੱਗੇ ਸਨ। ਹਾਲਾਂਕਿ ਉਨ੍ਹਾਂ ਖ਼ਿਲਾਫ਼ ਅਗਵਾ ਕਰਨ ਦੇ ਦੋਸ਼ ਸਾਬਤ ਨਹੀਂ ਹੋਏ। ਇਸ ਲਈ ਅਦਾਲਤ ਨੇ ਉਨ੍ਹਾਂ ਨੂੰ ਆਰ. ਪੀ. ਸੀ. ਦੀ ਧਾਰਾ 225 (ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ’ਚ ਰੁਕਾਵਟ ਪਾਉਣ), 186 (ਪੁਲਸ ਦੇ ਕੰਮ ’ਚ ਰੁਕਾਵਟ ਪਾਉਣ) ਤੇ 120-ਬੀ (ਸਾਜ਼ਿਸ਼ ਰਚਣ) ਤਹਿਤ ਸਜ਼ਾ ਸੁਣਾਈ ਹੈ।
ਉਨ੍ਹਾਂ ਖ਼ਿਲਾਫ਼ 2014 ’ਚ ਪੁਲਸ ਨੇ ਅਗਵਾ ਕਰਨ, ਰਸਤਾ ਰੋਕਣ, ਕੁੱਟਮਾਰ ਤੇ ਧਮਕਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ ਪਰ ਬਾਅਦ ’ਚ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ ਗਈ ਸੀ। ਇਸ ਮਾਮਲੇ ’ਚ ਚੀਮਾ ਤੋਂ ਇਲਾਵਾ 5 ਹੋਰ ਮੁਲਜ਼ਮਾਂ ਨੂੰ ਸਜ਼ਾ ਸੁਣਾਈ ਗਈ ਹੈ, ਜਿਨ੍ਹਾਂ ’ਚ ਵਰੁਣ, ਰਸ਼ਮੀ ਨੇਗੀ, ਵਿੱਕੀ ਵਰਮਾ, ਆਰੀਅਨ ਸਿੰਘ ਤੇ ਅਜੈ ਚੌਧਰੀ ਸ਼ਾਮਲ ਹਨ। ਗੌਤਮ ਚੀਮਾ ਦੇ ਵਕੀਲ ਤਰਮਿੰਦਰ ਸਿੰਘ ਅਨੁਸਾਰ ਉਨ੍ਹਾਂ ਨੂੰ ਅਗਵਾ ਕਰਨ ਦੇ ਦੋਸ਼ਾਂ ’ਚ ਬਰੀ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੀ ਸਜ਼ਾ ’ਤੇ ਅਦਾਲਤ ਨੇ ਰੋਕ ਵੀ ਲਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਹਾਈਕੋਰਟ ’ਚ ਅਪੀਲ ਦਾਇਰ ਕਰਨਗੇ। ਥਾਣਾ ਫੇਜ਼-1 ’ਚ ਦਰਜ ਕੀਤੇ ਗਏ ਮਾਮਲੇ ਅਨੁਸਾਰ ਗੌਤਮ ਚੀਮਾ ’ਤੇ ਦੋਸ਼ ਹੈ ਕਿ 26 ਅਗਸਤ 2014 ਨੂੰ ਸ਼ਰਾਬ ਦੇ ਨਸ਼ੇ ’ਚ ਟੱਲੀ ਹੋ ਕੇ ਉਹ ਪੁਲਸ ਦੀ ਹਿਰਾਸਤ ’ਚ ਮੌਜੂਦ ਮੁਲਜ਼ਮ ਸੁਮੇਧ ਗੁਲਾਟੀ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ।
ਦੂਜਾ ਮਾਮਲਾ ਥਾਣਾ ਮਟੌਰ ’ਚ ਦਰਜ ਹੈ, ਜਿਸ ’ਚ ਸੈਕਟਰ-70 ਦੀ ਇਕ ਔਰਤ ਨੇ ਦੋਸ਼ ਲਾਇਆ ਸੀ ਕਿ 20 ਮਾਰਚ ਦੀ ਰਾਤ ਨੂੰ ਆਈ.ਜੀ. ਗੌਤਮ ਚੀਮਾ, ਅਜੈ ਚੌਧਰੀ ਤੇ ਉਨ੍ਹਾਂ ਦੀ ਮਹਿਲਾ ਦੋਸਤ ਸ਼ਰਾਬ ਦੇ ਨਸ਼ੇ ’ਚ ਉਸ ਦੇ ਘਰ ਪਹੁੰਚੇ ਤੇ ਉਸ ਨਾਲ ਦੁਰਵਿਵਹਾਰ ਕੀਤਾ। ਔਰਤ ਵੱਲੋਂ ਲਾਏ ਦੋਸ਼ਾਂ ਤੋਂ ਬਾਅਦ ਮਾਮਲਾ ਹਾਈਕੋਰਟ ਪਹੁੰਚਿਆ, ਜਿਸ ਨੇ ਇਸ ਨੂੰ ਸੀ. ਬੀ. ਆਈ. ਨੂੰ ਸੌਂਪ ਦਿੱਤਾ। ਸੀ. ਬੀ. ਆਈ. ਨੇ ਜਾਂਚ ਤੋਂ ਬਾਅਦ ਗੌਤਮ ਚੀਮਾ ਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮੁਹਾਲੀ ਸਥਿਤ ਸੀ. ਬੀ. ਆਈ. ਅਦਾਲਤ ’ਚ ਚਾਰਜਸ਼ੀਟ ਦਾਖ਼ਲ ਕੀਤੀ।