ਹਾਈਕੋਰਟ ਨੇ ਪਾਈ ਝਾੜ, ਕਿਹਾ- ਜਬਰ-ਜ਼ਿਨਾਹ ਮਾਮਲੇ ਦਾ ਹੋ ਰਿਹਾ ਸਿਆਸੀਕਰਨ

Friday, Jan 03, 2025 - 01:48 PM (IST)

ਹਾਈਕੋਰਟ ਨੇ ਪਾਈ ਝਾੜ, ਕਿਹਾ- ਜਬਰ-ਜ਼ਿਨਾਹ ਮਾਮਲੇ ਦਾ ਹੋ ਰਿਹਾ ਸਿਆਸੀਕਰਨ

ਚੇਨਈ- ਮਦਰਾਸ ਹਾਈਕੋਰਟ ਨੇ ਅੰਨਾ ਯੂਨੀਵਰਸਿਟੀ ਵਿਚ ਜਬਰ-ਜ਼ਿਨਾਹ ਦੀ ਘਟਨਾ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ। ਇਹ ਟਿੱਪਣੀ ਉਸ ਸਮੇਂ ਆਈ ਜਦੋਂ ਪਟਾਲੀ ਮੱਕਲ ਕਾਚੀ (ਪੀ.ਐੱਮ.ਕੇ.) ਦੇ ਵਕੀਲ ਨੇ ਇਸ ਘਟਨਾ ਦੇ ਖਿਲਾਫ ਚੇਨਈ ਵਿਚ ਰੋਸ ਵਿਖਾਵੇ ਲਈ ਪੁਲਸ ਦੀ ਇਜਾਜ਼ਤ ਨਾ ਮਿਲਣ 'ਤੇ ਆਪਣੀ ਚਿੰਤਾ ਪ੍ਰਗਟਾਈ।

ਹਾਈ ਕੋਰਟ ਨੇ ਕਿਹਾ ਕਿ ਅੰਨਾ ਯੂਨੀਵਰਸਿਟੀ ਜਬਰ-ਜ਼ਿਨਾਹ ਮਾਮਲੇ ਦਾ ਸਿਆਸੀਕਰਨ ਹੋ ਰਿਹਾ ਹੈ। ਔਰਤਾਂ ਦੀ ਸੁਰੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇਸ ਘਟਨਾ ਦੀ ਜਾਂਚ ਲਈ ਦੋ ਮੈਂਬਰੀ ਤੱਥ ਖੋਜ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿਚ ਸੇਵਾਮੁਕਤ ਆਈ.ਪੀ.ਐੱਸ .ਅਧਿਕਾਰੀ ਪ੍ਰਵੀਨ ਦੀਕਸ਼ਿਤ ਵੀ ਸ਼ਾਮਲ ਹਨ। ਇਸ ਕਮੇਟੀ ਨੇ 2 ਦਿਨਾਂ ਤੱਕ ਯੂਨੀਵਰਸਿਟੀ ਦਾ ਦੌਰਾ ਕੀਤਾ, ਪੀੜਤਾ, ਉਸ ਦੇ ਪਰਿਵਾਰ, ਯੂਨੀਵਰਸਿਟੀ ਪ੍ਰਸ਼ਾਸਨ ਅਤੇ ਗੈਰ-ਸਰਕਾਰੀ ਸੰਗਠਨ ਨਾਲ ਮੁਲਾਕਾਤ ਕੀਤੀ ਅਤੇ ਕੈਂਪਸ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਘਟਨਾ 23 ਦਸੰਬਰ ਨੂੰ ਹੋਈ ਸੀ, ਜਦੋਂ ਅੰਨਾ ਯੂਨੀਵਰਸਿਟੀ ਕੈਂਪਸ ਵਿਚ 19 ਸਾਲਾ ਇੰਜੀਨੀਅਰਿੰਗ ਦੀ ਵਿਦਿਆਰਥਣ ਦਾ ਕਥਿਤ ਤੌਰ 'ਤੇ ਜਬਰ-ਜ਼ਿਨਾਹ ਕੀਤਾ ਗਿਆ। ਪੀੜਤਾ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਦੋਸ਼ੀ ਨੇ ਪਹਿਲਾਂ ਉਸ ਦੇ ਦੋਸਤ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਤੌਰ ’ ਤੇ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਘੜੀਸ ਕੇ ਨੇੜੇ ਦੀਆਂ ਝਾੜੀਆਂ ਵਿਚ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ। ਪੁਲਸ ਨੇ ਤੁਰੰਤ 45 ਸਾਲਾ ਮੁਲਜ਼ਮ ਗਿਆਨੇਸ਼ਕਰਨ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ। ਗਿਆਨੇਸ਼ਕਰਨ ਇਕ ਸੜਕ ਕਿਨਾਰੇ ਬਿਰਆਨੀ ਵੇਚਦਾ ਹੈ ਅਤੇ ਉਸ ਦੇ ਖਿਲਾਫ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ।
 


author

Tanu

Content Editor

Related News