ਇਕ ਦੁਖੀ ਪ੍ਰਵਾਸੀ ਬਾਪ ਦੀ ਪੀੜ ''ਚੋਂ ਉਪਜਿਆ-ਵਸੀਅਤ ਨਾਮਾ
Wednesday, Nov 22, 2023 - 03:50 PM (IST)
ਵਡੇਰੀ ਉਮਰ ਦੇ ਇਕ ਨਾਮੀ ਸ਼ਖ਼ਸੀਅਤ ਨਾਲ ਪਿਛਲੇ ਦਿਨੀਂ ਮੁਲਾਕਾਤ ਦਾ ਸਬੱਬ ਬਣਿਆ। ਉਨ੍ਹਾਂ ਨੇ ਆਪਣੇ ਜਾਣੂੰ ਪ੍ਰਵਾਸੀ ਪੰਜਾਬੀ ਬੰਦੇ ਦਾ ਇੱਕ ਪੁਰਾਣਾ ਖ਼ਤ, ਆਪਣੇ ਦਸਤਾਵੇਜ਼ਾਂ 'ਚੋਂ ਕੱਢ ਕੇ ਮੈਨੂੰ ਪੜ੍ਹਾਇਆ। ਉਸ ਖ਼ਤ ਦੀ ਇਬਾਰਤ ਇਸ ਤਰ੍ਹਾਂ ਸੀ-
"ਸਰਦਾਰ ਸਾਬ੍ਹ ਸਤਿ ਸ੍ਰੀ ਆਕਾਲ। ਰਾਜ਼ੀ ਖੁਸ਼ੀ ਤੋਂ ਬਾਅਦ ਸਮਾਚਾਰ ਇਹ ਹੈ ਕਿ ਹੁਣ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਕੈਨੇਡਾ ਆ ਕੇ ਬੜੀ ਵੱਡੀ ਗ਼ਲਤੀ ਕਰ ਬੈਠਾਂ। ਹੁਣ ਮੇਰੇ ਪਾਸ ਸਿਰਫ਼ ਪਛਤਾਵਾ ਹੀ ਬਾਕੀ ਹੈ ਹੋਰ ਕੁੱਝ ਵੀ ਨਹੀਂ। ਮੈਂ ਆਪਣੇ ਪਿੰਡ ਵਾਲਾ ਸ਼ਾਹੀ ਠਾਠ ਬਿਹਤਰ ਸਵਰਗ ਦੀ ਭਾਲ਼ ਵਿੱਚ ਕੁਰਬਾਨ ਕਰ ਦਿੱਤੈ।
ਖ਼ੇਤਾਂ ਵਿੱਚ ਹੱਡ ਭੰਨਵੀਂ ਮਿਹਨਤ ਕੀਤੀ। ਹਲ਼ ਚਲਾਇਆ,ਫਲੇ ਵਾਹੇ, ਫ਼ੌਜ 'ਚ ਨੌਕਰ ਵੀ ਰਿਹੈਂ। 1980 ਵਿਆਂ ਵਿਚ ਮੇਰੇ ਉੱਤੇ ਵੀ ਦੇਖਾ ਦੇਖੀ ਕੈਨੇਡਾ ਦਾ ਭੂਤ ਸਿਰ ਚੜ੍ਹ ਬੋਲ ਪਿਆ। ਇੱਥੇ ਆ ਕੇ ਫਾਕੇ ਕੱਟੇ, ਮਿਹਨਤ ਵੀ ਬੜੀ ਕੀਤੀ। ਕਰਜ਼ਾ ਚੁੱਕ ਕੇ ਆਪਣਾ ਘਰ ਅਤੇ ਗੱਡੀ ਵੀ ਬਣਾ ਲਈ। ਪਰਿਵਾਰ ਵੀ ਸੱਦ ਲਿਆ। ਮੈਂ ਕਰਜ਼ਾ ਲਾਹੁੰਦਾ ਬੁੱਢਾ ਹੋ ਗਿਆਂ। ਬੱਚੇ ਪੱਕੇ ਅਤੇ ਸੈੱਟ ਨੇ। ਜਿੱਥੇ ਮੇਰੀ ਪਿੰਡ ਵਾਲੀ ਜ਼ਮੀਨ ਸ਼ਰੀਕਾਂ ਨੱਪ ਲਈ ਉਥੇ ਧੀ ਨੇ ਗੋਰੇ ਨਾਲ਼, ਪੁੱਤ ਨੇ ਮੁਸਲਿਮ ਕੁੜੀ ਨਾਲ ਸ਼ਾਦੀ ਕਰ ਲਈ। ਇਹੀ ਨਹੀਂ ਡਾਂਟ ਪਾਉਣ 'ਤੇ ਬੇਟਾ-ਬੇਟੀ ਨੇ 3-4 ਦਫ਼ਾ ਥਾਣਾ ਵੀ ਦਿਖਾ ਦਿੱਤਾ ਏ, ਮੈਨੂੰ। ਅੱਕ ਚੱਬ ਕੇ,ਦੜ ਵੱਟ ਕੇ ਹੁਣ ਬੈਠ ਗਿਆ ਹਾਂ। ਕਾਫ਼ੀ ਸਮਾਂ ਘਰ ਵਿੱਚ ਕਲੇਸ਼ ਹੁੰਦਾ ਰਿਹਾ। ਘਰ ਵਿੱਚ ਨਾ ਤਾਂ ਕਿਸੇ ਨੂੰ ਮੇਰਾ ਡਰ ਹੈ ਨਾ ਹੀ ਕੋਈ ਇੱਜ਼ਤ। ਬੇਟਾ ਸ਼ਰਾਬ ਪੀ ਕੇ ਨਿੱਤ ਗਾਲੀ ਗਲੋਚ ਕਰਦਾ ਹੈ। ਮੇਰੀ ਘਰ ਵਾਲੀ ਘਰੇਲੂ ਕਲੇਸ਼ ਦੀ ਭੇਟ ਚੜ੍ਹ ਕੇ ਸ੍ਵਰਗ ਸਧਾਰ ਗਈ । ਮੈਂ ਵੀ ਹਾਰਟ ਅਤੇ ਬੀ. ਪੀ. ਦਾ ਮਰੀਜ਼ ਬਣ ਗਿਆ। ਜਿਥੇ ਪਿੰਡੋਂ ਸਾਡੇ ਪਰਿਵਾਰ ਦਾ ਬੂਟਾ ਪੁੱਟ ਹੋ ਗਿਆ ਉਥੇ ਇੱਜ਼ਤ ਅਤੇ ਸਰਦਾਰੀ ਵੀ ਜਾਂਦੀ ਰਹੀ। ਮੇਰੇ ਬੇਟਾ ਬੇਟੀ ਆਪਣੇ ਪਿਛੋਕੜ ਤੋਂ ਪੂਰੀ ਤਰ੍ਹਾਂ ਟੁੱਟ ਕੇ ਪੱਛਮੀ ਰੰਗ ਵਿਚ ਰੰਗੇ ਗਏ ਨੇ। ਮੈਂ ਬੜਾ ਸ਼ਰਮਸਾਰ ਹਾਂ। ਨਮੋਸ਼ੀ ਦਾ ਮਾਰਿਆ ਪਿੰਡ ਵੀ ਨਹੀਂ ਆ ਸਕਦਾ। ਮਰਨੇ ਨੂੰ ਧਰਤੀ ਵਿਹਲ ਨਹੀਂ ਦਿੰਦੀ।
ਤੁਸੀਂ ਸੁਲਝੇ ਹੋਏ ਓ। ਪਹਿਲੇ ਵੀ ਹਰ ਮੁਸੀਬਤ ਵਿੱਚ ਤੁਸਾਂ ਮੇਰੀ ਬਾਂਹ ਫੜੀ ਹੈ। ਉਹੋ ਆਸ ਹਾਲੇ ਇਵੇਂ ਹੀ ਬਣਾਈ ਰੱਖਣਾ।
-ਵਸੀਅਤ ਨਾਮਾ-
ਮੈਂ ਫਲਾਨਾ ਸਿੰਘ ਆਪਣੇ ਹੋਸ਼ ਹਵਾਸ ਨਾਲ ਹੇਠ ਦਰਜ਼ ਵਸੀਅਤ ਕਰਦਾ ਹਾਂ ਕਿ-
ਮੇਰੀ ਚੱਲ ਅਤੇ ਅਚੱਲ ਜਾਇਦਾਦ ਜੋ ਵੀ ਪਿੰਡ ਵਿੱਚ ਵਾਕਿਆ ਹੈ, ਮੈਂ ਤੁਹਾਨੂੰ ਉਸ ਦਾ ਕਾਰ ਮੁਖ਼ਤਿਆਰ ਦਾ ਹੱਕ ਦਿੰਦਾ ਹਾਂ।
1-ਮੇਰਾ ਘਰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨਾਮ ਲਾ ਦਿੱਤਾ ਜਾਵੇ। ਉਹ ਉਸ ਨੂੰ ਸਟੋਰ ਜਾਂ ਕਿਸੇ ਵੀ ਲੋੜ ਮੁਤਾਬਕ ਵਰਤ ਲੈਣ।
2-ਮੇਰੀ ਪਿੰਡ ਵਿੱਚ ਕੁੱਲ ਛੇ ਏਕੜ ਵਾਹੀਯੋਗ ਜ਼ਮੀਨ ਨਹਿਰੋਂ ਪਾਰ ਹੈ। ਉਹ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨਾਮ ਪੁਰ ਕਰ ਦਿੱਤੀ ਜਾਵੇ। ਜ਼ਮੀਨ ਦਾ ਮਾਮਲਾ ਗੁਰਦੁਆਰਾ ਸਾਹਿਬ ਵਾਲੇ ਲੋੜ ਮੁਤਾਬਕ ਖ਼ਰਚ ਕਰ ਲਿਆ ਕਰਨ।
3-ਗੁਰਦੁਆਰਾ ਸਾਹਿਬ ਵਿਖੇ ਮੇਰੇ ਵਲੋਂ ਕੀਤੇ ਗਏ ਦਾਨ ਪੁੰਨ ਦੇ ਨਾਮ ਦਾ ਇਕ ਬੋਰਡ ਜ਼ਰੂਰ ਲਗਵਾ ਦਿੱਤਾ ਜਾਵੇ ਤਾਂ ਕਿ ਪਿੰਡ ਵਿੱਚ ਮੇਰੀ ਕੋਈ ਯਾਦ ਨਿਸ਼ਾਨੀ ਬਣੀ ਰਹੇ।
4-ਮੇਰੇ ਮਰਨ ਪਿੱਛੋਂ ਮੇਰਾ ਸਸਕਾਰ ਪਿੰਡ ਵਿੱਚ ਕਰਿਓ। ਤਾਂ ਕਿ ਮੇਰੇ ਅਖ਼ੀਰੀ ਸਫ਼ਰ ਵਿੱਚ , ਦੋਸਤ ਮਿੱਤਰ,ਸਾਕ ਸਬੰਧੀਆਂ ਸਮੇਤ ਪਿੰਡ ਦਾ ਸਾਰਾ ਭਾਈਚਾਰਾ ਸ਼ਾਮਲ ਹੋ ਸਕੇ। ਮੇਰੀ ਰਾਖ ਨੂੰ ਵੀ ਕੀਰਤਪੁਰ ਦੀ ਬਜਾਏ ਮੇਰੇ ਖੇਤਾਂ ਵਿੱਚ ਮਿਲਾਉਣਾ। ਮੇਰੀ ਜਾਚੇ ਇਸ ਤਰ੍ਹਾਂ ਮਿੱਟੀ ਵਿੱਚ ਮਿਲਕੇ ਮੇਰੀ ਰੂਹ ਨੂੰ ਸਕੂਨ ਮਿਲੇਗਾ।
ਪਿੰਡ ਵਿੱਚ ਤੁਹਾਡੇ ਤੋਂ ਵੱਧ ਭਰੋਸੇਯੋਗ ਕੋਈ ਹੋਰ ਮੇਰੀ ਨਜ਼ਰ 'ਚ ਨਹੀਂ ਆਇਆ। ਆਸਵੰਦ ਹਾਂ ਕਿ ਤੁਸੀਂ ਮੇਰੇ ਭਰੋਸੇ ਨਾਲ ਵਫ਼ਾ ਪਾਲੋਂਗੇ।
ਤੁਹਾਡਾ ਕਰਜ਼ਦਾਰ,
ਫਲਾਨਾ ਸਿੰਘ
ਮੁਲਾਕਾਤੀ: ਸਤਵੀਰ ਸਿੰਘ ਚਾਨੀਆਂ