ਗੜ੍ਹੀ ਨੂੰ ਪਾਰਟੀ 'ਚੋਂ ਕੱਢਣ ਤੋਂ ਬਾਅਦ ਬਸਪਾ ਨੂੰ ਇਕ ਹੋਰ ਝਟਕਾ, ਹੁਣ ਇਸ ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ
Thursday, Nov 07, 2024 - 10:32 PM (IST)
ਲੁਧਿਆਣਾ- ਬੀਤੇ ਦਿਨੀਂ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੂੰ ਅਨੁਸ਼ਾਸਨਹੀਨਤਾ ਦਾ ਹਵਾਲਾ ਦਿੰਦੇ ਹੋਏ ਹਾਈਕਮਾਂਡ ਨੇ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਸੀ। ਪਾਰਟੀ ਦੇ ਇਸ ਕਦਮ ਤੋਂ ਬਾਅਦ ਬਸਪਾ ਦੇ ਪੰਜਾਬ ਪ੍ਰਦੇਸ਼ ਜਨਰਲ ਸਕੱਤਰ ਜਸਪ੍ਰੀਤ ਸਿੰਘ ਬੀਜਾ ਨੇ ਵੀ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਉਨ੍ਹਾਂ ਨੇ ਪਾਰਟੀ ਦੇ ਨਾਂ ਇਕ ਭਾਵੁਕ ਪੱਤਰ 'ਚ ਲਿਖਿਆ- ''ਮੈਂ ਡਾ. ਜਸਪ੍ਰੀਤ ਸਿੰਘ ਬੀਜਾ (ਜਨਰਲ ਸਕੱਤਰ ਬਸਪਾ ਪੰਜਾਬ, ਇੰਚਾਰਜ ਲੋਕ ਸਭਾ ਸ੍ਰੀ ਫਤਹਿਗੜ੍ਹ ਸਾਹਿਬ, ਇੰਚਾਰਜ ਵਿਧਾਨ ਸਭਾ ਹਲਕਾ ਪਾਇਲ) ਮਿਤੀ 07/11/2024 ਨੂੰ ਆਪਣੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਭਰੇ ਮਨ ਨਾਲ ਅਸਤੀਫਾ ਦਿੰਦਾ ਹਾਂ। ਮੈਂ ਪਿਛਲੇ 20 ਸਾਲਾਂ ਤੋਂ ਲਗਾਤਾਰ ਪਾਰਟੀ ਦੇ ਵੱਖ ਵੱਖ ਅਹੁਦਿਆਂ ਤੇ ਜਿਵੇਂ ਜਨਰਲ ਸਕੱਤਰ ਪੰਜਾਬ ਸਕੱਤਰ ਪੰਜਾਬ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਹਲਕਾ ਪ੍ਰਧਾਨ ਯੂਥ ਵਿੰਗ ਅਤੇ ਸੈਕਟਰ ਇੰਚਾਰਜ ਆਦਿ ਦੇ ਅਹੁਦਿਆਂ ਤੇ ਰਹਿ ਕੇ ਪਾਰਟੀ ਦੀ ਸੇਵਾ ਨਿਭਾ ਚੁੱਕਾ ਹਾਂ।''
ਉਨ੍ਹਾਂ ਅੱਗੇ ਲਿਖਿਆ, ''ਮੈਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਧਾਨ ਸਭਾ ਹਲਕਾ ਪਾਇਲ ਤੋਂ (ਬਸਪਾ-ਸ਼੍ਰੋਮਣੀ ਅਕਾਲੀ ਦਲ ) ਗਠਜੋੜ ਵੱਲੋਂ ਲੜ ਚੁੱਕਾ ਹਾਂ ਅਤੇ 21,000 ਦੇ ਲੱਗਭਗ ਵੋਟਾਂ ਹਾਸਲ ਕੀਤੀਆਂ ਸਨ। ਪਿਛਲੇ ਦਿਨੀਂ ਬਸਪਾ ਦੇ ਕੇਂਦਰੀ ਇੰਚਾਰਜ ਰਣਧੀਰ ਸਿੰਘ ਸੈਨੀਵਾਲ ਵਲੋਂ ਇੱਕ ਨਾਦਰਸ਼ਾਹੀ ਤੁਗਲਕੀ ਫੁਰਮਾਨ ਜਾਰੀ ਕਰ ਕੇ ਬਸਪਾ ਦੇ ਇਮਾਨਦਾਰ, ਮਿਹਨਤੀ, ਸੁਲਝੇ ਹੋਏ ਅਤੇ ਤਜਰਬੇਕਾਰ ਲੀਡਰ, ਪਾਰਟੀ ਲਈ ਆਪਣੀ ਸਰਕਾਰੀ ਨੌਕਰੀ ਦੀ ਕੁਰਬਾਨੀ ਦੇ ਕੇ ਪਾਰਟੀ ਲਈ ਦਿਨ-ਰਾਤ ਇਕ ਕਰ ਕੇ ਲੱਗੇ ਹੋਏ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਜੀ ਨੂੰ ਸਾਜ਼ਿਸ਼ ਤਹਿਤ ਜ਼ਲੀਲ ਕਰ ਕੇ ਪਾਰਟੀ ਵਿਚੋਂ ਬਿਨਾਂ ਸੋਚੇ ਸਮਝੇ ਕੱਢ ਦਿੱਤਾ ਗਿਆ ਸੀ, ਜਿਸ ਦਾ ਪੂਰੇ ਦੇਸ਼-ਵਿਦੇਸ਼ ਦੇ ਵਰਕਰਾਂ ਅਤੇ ਆਗੂਆਂ ਵਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ।''
ਇਹ ਵੀ ਪੜ੍ਹੋ- ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ, 10,000 ਤੋਂ ਵੱਧ ਸਰਪੰਚਾਂ ਨੂੰ ਹਲਫ਼ ਚੁਕਾਉਣਗੇ CM ਮਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e