ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਦਾ ਦੋ ਰੋਜ਼ਾ ਸਿਖਲਾਈ ਕੈਂਪ ਸ਼ੁਰੂ ਹੋਇਆ

10/20/2018 1:38:18 PM

ਪੀਏਯੂ ਵਿਖੇ ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਲਈ ਝੋਨੇ ਦੀ ਪਰਾਲੀ ਦੀ ਸੰਭਾਲ ਕਰਨ ਵਾਲੀ ਮਸ਼ੀਨਰੀ ਦੀ ਵਰਤੋਂ ਬਾਰੇ ਦੋ ਰੋਜ਼ਾ ਸਿਖਲਾਈ ਕੈਂਪ ਅੱਜ ਸ਼ੁਰੂ ਹੋਇਆ। ਇਹ ਕੈਂਪ ਐਗਰੀਕਲਚਰਲ ਟੈਕਨਾਲਜੀ ਐਪਲੀਕੇਸ਼ਨ ਰਿਸਰਚ ਇੰਸਟੀਚਿਊਟ ਲੁਧਿਆਣਾ ਦੇ ਸਹਿਯੋਗ ਨਾਲ ਹੋ ਰਿਹਾ ਹੈ । ਇਸ ਸਿਖਲਾਈ ਕੈਂਪ ਨੂੰ ਵਿਸ਼ੇਸ਼ ਤੌਰ ਤੇ ਝੋਨੇ ਦੀ ਸਾਂਭ-ਸੰਭਾਲ ਕਰਨ ਵਾਲੀ ਮਸ਼ੀਨਰੀ ਨੂੰ ਪੰਜਾਬ ਤੋਂ ਬਿਨਾਂ ਹਰਿਆਣਾ, ਯੂਪੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਮਕਬੂਲ ਕਰਨ ਲਈ ਲਗਾਇਆ ਜਾ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ 44 ਵਿਗਿਆਨੀ ਇਸ ਕੈਂਪ ਵਿਚ ਹਿੱਸਾ ਲੈ ਰਹੇ ਹਨ। ਇਸੇ ਤਰ੍ਹਾਂ ਦੀ ਸਿਖਲਾਈ ਹਰਿਆਣਾ ਅਤੇ ਯੂਪੀ ਦੇ ਕ੍ਰਿਸ਼ੀ ਵਿਗਿਆਨੀਆਂ ਲਈ ਵੀ ਦਿੱਤੀ ਗਈ ਸੀ। 

ਕੈਂਪ ਦਾ ਆਰੰਭ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਕਰਨ ਵਾਲੀ ਮਸ਼ੀਨਰੀ ਦੇ ਅੱਜ ਦੀ ਖੇਤੀ ਦਾ ਪ੍ਰਮੁੱਖ ਹਿੱਸਾ ਬਣ ਜਾਣ ਦੀ ਗੱਲ ਕੀਤੀ। ਉਹਨਾਂ ਇਹ ਵੀ ਕਿਹਾ ਕਿ ਅੱਜ ਵਾਤਾਵਰਨ ਦੀ ਸੰਭਾਲ ਵਿਗਿਆਨੀਆਂ ਅਤੇ ਕਿਸਾਨਾਂ ਸਾਹਮਣੇ ਚੁਣੌਤੀ ਵਾਂਗ ਖੜੀ ਹੈ ਅਤੇ ਇਸ ਦਾ ਸਾਹਮਣਾ ਮਿਲ ਕੇ ਕਰਨਾ ਚਾਹੀਦਾ ਹੈ । 

ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਹਰੀਸ਼ ਵਰਮਾ ਇਸ ਕੈਂਪ ਦੇ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਸਨ। ਉਹਨਾਂ ਨੇ ਇਸ ਕੈਂਪ ਵਿਚ ਹਿੱਸਾ ਲੈਣ ਵਾਲੇ ਵਿਗਿਆਨੀਆਂ ਨੂੰ ਵਧਾਈ ਦਿੰਦਿਆਂ ਹੋਰ ਜੋਸ਼ ਅਤੇ ਉਤਸ਼ਾਹ ਨਾਲ ਆਪਣੇ ਖੇਤਰ ਵਿਚ ਡੱਟ ਜਾਣ ਦਾ ਸੱਦਾ ਦਿੱਤਾ । ਪਰਾਲੀ ਦੀ ਵਰਤੋਂ ਪਸ਼ੂਆਂ ਲਈ ਕਰਨ ਲਈ ਉਹਨਾਂ ਨੇ ਹੋਰ ਖੋਜ ਦੀ ਗੁੰਜਾਇਸ਼ ਉਤੇ ਜ਼ੋਰ ਦਿੱਤਾ ।

ਐਗਰੀਕਲਚਰਲ ਟੈਕਨਾਲਜੀ ਐਪਲੀਕੇਸ਼ਨ ਰਿਸਰਚ ਇੰਸਟੀਚਿਊਟ ਲੁਧਿਆਣਾ ਦੇ ਨਿਰਦੇਸ਼ਕ ਡਾ. ਰਾਜਬੀਰ ਸਿੰਘ ਨੇ ਖੇਤੀ ਕਾਰਜਾਂ ਦੀ ਵਜ੍ਹਾ ਨਾਲ ਬਦਲ ਰਹੇ ਵਾਤਾਵਰਨ ਬਾਰੇ ਬੋਲਦਿਆਂ ਕੇਵੀ. ਕੇ. ਦੇ ਵਿਗਿਆਨੀਆਂ ਨੂੰ ਵਧੇਰੇ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ । ਕੇਂਦਰ ਸਰਕਾਰ ਵਲੋਂ ਪਰਾਲੀ ਸਾਂਭਣ ਵਾਲੀ ਮਸ਼ੀਨਰੀ ਅਤੇ ਯੋਜਨਾਵਾਂ ਬਾਰੇ ਗੱਲ ਕਰਦਿਆਂ ਉਹਨਾਂ ਇਸ ਮਸ਼ੀਨਰੀ ਨੂੰ ਸਧਾਰਨ ਕਿਸਾਨ ਤਕ ਪਹੁੰਚਾਉਣ ਦੀ ਲੋੜ ਤੇ ਜ਼ੋਰ ਦਿੱਤਾ।

ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਵਿਦਵਾਨਾਂ ਦਾ ਸਵਾਗਤ ਕੀਤਾ । ਉਹਨਾਂ ਨੇ ਕ੍ਰਿਸ਼ੀ ਵਿਗਿਆਨੀਆਂ ਨੂੰ ਹਰ ਤਰ੍ਹਾਂ ਦੀ ਤਕਨੀਕੀ ਸਹਾਇਤਾ ਦਾ ਭਰੋਸਾ ਦਿਵਾਉਂਦਿਆਂ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੀਆਂ ਨਵੀਆਂ ਲੱਭਤਾਂ ਅਤੇ ਖੋਜਾਂ ਦੀ ਗੱਲ ਕੀਤੀ। ਸੀਨੀਅਰ ਖੋਜ ਇੰਜਨੀਅਰ ਡਾ. ਗੁਰਸਾਹਿਬ ਸਿੰਘ ਮਨੇਸ ਨੇ ਸਭ ਦਾ ਧੰਨਵਾਦ ਕੀਤਾ। ਇਸ ਕੈਂਪ ਦੇ           ਕੁਆਰਡੀਨੇਟਰ ਡਾ. ਮਹੇਸ਼ ਕੁਮਾਰ ਨਾਰੰਗ ਹਨ ।


neha meniya

Content Editor

Related News