26 ਤੇ 27 ਦਸੰਬਰ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੁਫ਼ਤ ਹੈਲਥ ਚੈਕਅੱਪ ਕੈਂਪ
Thursday, Dec 25, 2025 - 08:49 PM (IST)
ਵੈੱਬ ਡੈਸਕ : ਧੰਨ ਧੰਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਅਮਰ, ਅਦੁੱਤੀ ਅਤੇ ਇਤਿਹਾਸਕ ਸ਼ਹਾਦਤ ਦੀ ਪਾਵਨ ਯਾਦ ਨੂੰ ਸਮਰਪਿਤ, ਸਮਾਜ ਸੇਵਾ ਦੇ ਭਾਵ ਨਾਲ ਸੁਭਾਸ਼ ਗੋਇਲ ਵੱਲੋਂ ਮੁਫ਼ਤ ਹੈਲਥ ਚੈਕਅੱਪ ਕੈਂਪ ਅਤੇ ਢਾਡੀ ਦਰਬਾਰ ਦਾ ਵਿਸ਼ਾਲ ਆਯੋਜਨ 26 ਅਤੇ 27 ਦਸੰਬਰ ਨੂੰ ਚੁੰਨੀ ਤੋਂ ਬਡਾਲੀ ਆਲਾ ਸਿੰਘ ਰੋਡ ਨੇੜੇ ਰਿਲਾਇੰਸ ਪੈਟਰੋਲ ਪੰਪ ਵਿਖੇ ਕੀਤਾ ਜਾ ਰਿਹਾ ਹੈ।

ਇਸ ਦੋ ਦਿਨਾਂ ਸਮਾਗਮ ਦੌਰਾਨ ਮਾਹਿਰ ਅਤੇ ਤਜਰਬੇਕਾਰ ਡਾਕਟਰਾਂ ਦੀ ਟੀਮ ਵੱਲੋਂ ਆਮ ਲੋਕਾਂ ਦੀ ਮੁਫ਼ਤ ਸਿਹਤ ਜਾਂਚ ਕੀਤੀ ਜਾਵੇਗੀ, ਤਾਂ ਜੋ ਸਮਾਜ ਦੇ ਹਰ ਵਰਗ ਤੱਕ ਸਿਹਤ ਸੇਵਾਵਾਂ ਪਹੁੰਚ ਸਕਣ। ਇਸ ਪਾਵਨ ਅਤੇ ਧਾਰਮਿਕ ਸਮਾਗਮ ਦੌਰਾਨ ਢਾਡੀ ਦਰਬਾਰ ਭਾਈ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ ਜੀ ਲਾਂਡਰਾ ਵਾਲਿਆਂ ਵੱਲੋਂ ਸਜਾਇਆ ਜਾਵੇਗਾ। ਉਹ ਆਪਣੀ ਢਾਡੀ ਵਾਰਾਂ ਅਤੇ ਇਤਿਹਾਸਕ ਕਥਾਵਾਂ ਰਾਹੀਂ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ, ਅਟੱਲ ਵਿਸ਼ਵਾਸ ਅਤੇ ਧਰਮ ਦੀ ਰੱਖਿਆ ਲਈ ਦਿੱਤੇ ਗਏ ਬਲਿਦਾਨ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਡੂੰਘਾਈ ਨਾਲ ਜੋੜਣਗੇ ਅਤੇ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬਾਨ ਦੇ ਮਾਰਗ ‘ਤੇ ਤੁਰਨ ਦੀ ਪ੍ਰੇਰਨਾ ਦੇਣਗੇ।
ਇਸ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸੁਭਾਸ਼ ਗੋਇਲ ਵੱਲੋਂ ਸਮੂਹ ਸੰਗਤ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਅਰਪਿਤ ਕਰਨ।
