ਹਨ੍ਹੇਰਿਆਂ ਦਾ ਸ਼ਫਰ
Sunday, Mar 24, 2019 - 10:13 AM (IST)
ਦੀਵੇ ਦੀ ਮੱਧਮ ਲੋਅ ਵਿੱਚ ਯਸ਼ੋਦਰਾ ਦੇ ਦਗਦੇ ਚੇਹਰੇ ਤੋਂ ਪਾਸਾ ਵੱਟ, ਰਾਹੁਲ ਦੀਆਂ ਮੁੰਦੀਆਂ ਅੱਖਾਂ ਤੋਂ ਅੱਖ ਬਚਾ ਘਰ ਦੀ ਦਹਿਲੀਜ ਪਾਰ ਕਰ ਉਹ ਸਫਰ ਨੂੰ ਚੱਲਿਆ ਹੈ... ਇੱਕ ਵਾਰ ਵੀ ਪਿੱਛੇ ਮੁੜ ਨਾ ਦੇਖਿਆ, ਦਿਖਦਾ ਵੀ ਕੀ…ਹਨ੍ਹੇਰਾ ਜੋ ਬਰਪਿਆ ਸੀ। ਪੈਂਡਾ ਲੰਮੇਰਾ ਸੀ ਪਰ ਮਨ ਦੀ ਖੋਹ ਸਭ ਦਰਿਆਵਾਂ ਤੋਂ ਪਾਰ ਜਾਣ ਦੀ ਸੀ, ਉਹ ਜਾਣਦਾ ਸੀ ਔਝੜ ਰਾਹਾਂ ਨੇ ਤੇ ਜੰਗਲੀ ਜਾਨਵਰਾਂ ਦਾ ਵਾਰਾ-ਪਾਹਰਾ ਵੀ... ...ਪਰ, ਓਸ ਨੇ ਤਾਂ ਜਾਣਾ ਸੀ ਤੇ ਉਹ ਤੁਰਦਾ ਹੀ ਗਿਆ ਤੁਰਦਾ ਹੀ ਗਿਆ... ... ਦਿਨ ਬੀਤਦੇ ਗਏ ਰਾਤਾਂ ਗੁਜ਼ਰਦੀਆਂ ਗਈਆਂ। ਫਿਰ ਇੱਕ ਪਹੁ ਫੁੱਟੀ ਤੱਕਿਆ ਪੱਤਿਆਂ 'ਚ ਲਿਪਟਿਆ ਰੁੱਖੜਾ ਇੱਥੇ ਹੀ ਤਾਂ ਆਉਣਾ ਸੀ। ਇੱਥੇ ਆ ਉਹ 'ਉਹ' ਓਹ ਨਹੀ ਰਿਹਾ ਸੀ ਜੋ ਘਰੋਂ ਤੁਰਿਆ ਸੀ। ਹੁਣ ਉਹ ਹੋਰ ਸੀ। ਅਪਣੇ-ਆਪ 'ਚੋਂ ਬਾਹਰ ਆ ਜਦ ਵੀ ਪੈਰ ਪੁੱਟਦਾ ਮਿੱਟੀਆਂ ਉਹਦੀ ਪੈੜ ਚਾਲ ਨਾਲ ਸੁਰ ਅਲਾਪਦੀਆਂ। ਮਨ-ਹੀ-ਮਨ ਓਹਨੇ ਰੂਪ ਚਿਤਵਿਆ ਊਸ਼ਾ ਦੇ ਰੰਗਾਂ ਤੇ ਚੰਨ ਦੀ ਚਾਨਣੀ ਤੋਂ ਬਣਿਆ ਰੂਪ; ਜਿਸ ਵਿੱਚ ਉਹ ਇੱਕ-ਮਿੱਕ ਹੋ ਗਿਆ... ਸਾਰੇ ਦੇ ਸਾਰੇ ਦਿਨ ਤਮਾਮ ਰਾਤਾਂ ਓਹਦੀਆਂ ਅੱਖਾਂ ਥਾਵੇਂ ਗੁਜਰੀਆਂ ਤੇ ਉਹ ਓਸੇ ਰੂਪ ਨਾਲ ਹੀ ਹੋ ਤੁਰਿਆ। ਹੁਣ ਉਹ 'ਉਹ' ਨਹੀ ਰਿਹਾ ਸੀ ਜੋ ਘਰੋਂ ਤੁਰਿਆ ਸੀ ਤੇ ਹੁਣ ਖ਼ੌਫਸੀਰਤਜੰਗਲ ਵੀ ਤਬਦੀਲ ਹੋ ਗਿਆ ਹੈ ਪਿਆਜੀ ਅਹਿਸਾਸਮਈ ਬਗ਼ੀਚੇ ਵਿੱਚ ਤੇ ਹਰ ਪਿਆਜ਼ੀ ਅਹਿਸਾਸ ਉਹਦੇ ਨਾਲ-ਨਾਲ ਤੁਰਦਾ ਹੈ ਤੇ ਉਹ ਤੁਰਦੇ ਹੀ ਜਾ ਰਹੇ ਨੇ... ...ਤੁਰਦੇ ਹੀ ਜਾ ਰਹੇ ਨੇ... ...
