ਸ਼ਹੀਦ ਮਹਾਵੀਰ ਸਿੰਘ : ‘ਕਾਲਾਪਾਣੀ’ ਦੀ ਸਜ਼ਾ ਵੀ ਜਿਨ੍ਹਾਂ ਨੂੰ ਡਰਾ ਨਾ ਸਕੀ

05/16/2024 4:59:17 PM

ਮਹਾਵੀਰ ਸਿੰਘ ਦਾ ਜਨਮ 16 ਸਤੰਬਰ 1904 ਨੂੰ ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ (ਤਤਕਾਲੀ ਏਟਾ ਜ਼ਿਲ੍ਹੇ ਦੀ ਤਹਿਸੀਲ) ਦੇ ਸ਼ਾਹਪੁਰ ਟਾਹਲਾ ਨਾਂ ਦੇ ਪਿੰਡ ’ਚ ਪਿਤਾ ਦੇਵੀ ਸਿੰਘ ਦੇ ਘਰ ਹੋਇਆ। ਉਹ ਬਚਪਨ ਤੋਂ ਹੀ ਕ੍ਰਾਂਤੀਕਾਰੀ ਵਿਚਾਰਾਂ ਦੇ ਸਨ।

ਭਰੀ ਸਭਾ ’ਚ ਲਗਾਇਆ ‘ਗਾਂਧੀ ਜੀ ਦੀ ਜੈ’ ਦਾ ਨਾਅਰਾ
1922 ’ਚ ਇਕ ਦਿਨ ਸਰਕਾਰੀ ਅਧਿਕਾਰੀਆਂ ਨੇ ਆਪਣੀ ਅੰਗਰੇਜ਼ ਭਗਤੀ ਪ੍ਰਦਰਸ਼ਿਤ ਕਰਨ ਦੇ ਉਦੇਸ਼ ਨਾਲ ਕਾਸਗੰਜ ’ਚ ਅਮਨ ਸਭਾ ਦਾ ਆਯੋਜਨ ਕੀਤਾ, ਜਿਸ ’ਚ ਡੀ.ਸੀ., ਪੁਲਸ ਕਪਤਾਨ, ਸਕੂਲਾਂ ਦੇ ਇੰਸਪੈਕਟਰ, ਆਂਢ-ਗੁਆਂਢ ਦੇ ਅਮੀਰ-ਉਮਰਾ ਆਦਿ ਇਕੱਠੇ ਹੋਏ, ਛੋਟੇ-ਛੋਟੇ ਬੱਚਿਆਂ ਨੂੰ ਵੀ ਜ਼ਬਰਦਸਤੀ ਲਿਜਾ ਕੇ ਸਭਾ ’ਚ ਬਿਠਾਇਆ ਗਿਆ, ਜਿਨ੍ਹਾਂ ’ਚ ਇਕ ਮਹਾਵੀਰ ਸਿੰਘ ਵੀ ਸੀ। ਲੋਕ ਵਾਰੀ-ਵਾਰੀ ਉੱਠ ਕੇ ਅੰਗਰੇਜ਼ੀ ਹੁਕੂਮਤ ਦੀ ਤਾਰੀਫ਼ ’ਚ ਲੰਬੇ-ਲੰਬੇ ਭਾਸ਼ਣ ਦੇ ਹੀ ਰਹੇ ਸਨ ਤਾਂ ਉਦੋਂ ਬੱਚਿਆਂ ਦਰਮਿਆਨ ਕਿਸੇ ਨੇ ਜ਼ੋਰ ਨਾਲ ਨਾਅਰਾ ਲਗਾਇਆ-‘ਮਹਾਤਮਾ ਗਾਂਧੀ ਦੀ ਜੈ’। ਬਾਕੀ ਲੜਕਿਆਂ ਨੇ ਵੀ ਇਕੋ ਵਾਰੀ ਉੱਚੇ ਸੁਰ ਨਾਲ ਇਸ ਦਾ ਸਮਰਥਨ ਕੀਤਾ ਅਤੇ ਪੂਰਾ ਵਾਤਾਵਰਣ ਇਸ ਨਾਅਰੇ ਨਾਲ ਗੂੰਜ ਉੱਠਿਆ। ਦੇਖਦੇ-ਦੇਖਦੇ ਸਭਾ ਗਾਂਧੀ ਦੀ ਜੈ-ਜੈਕਾਰ ਦੇ ਨਾਅਰਿਆਂ ਨਾਲ ਗੂੰਜ ਉੱਠੀ।

ਚੰਦਰਸ਼ੇਖਰ ਆਜ਼ਾਦ ਨਾਲ ਸੰਪਰਕ
ਉੱਚ ਸਿੱਖਿਆ ਲਈ ਮਹਾਵੀਰ ਸਿੰਘ ਨੇ 1925 ’ਚ ਡੀ.ਏ.ਵੀ. ਕਾਲਜ ਕਾਨਪੁਰ ’ਚ ਦਾਖਲਾ ਲਿਆ। ਉਦੋਂ ਚੰਦਰਸ਼ੇਖਰ ਆਜ਼ਾਦ ਦੇ ਸੰਪਰਕ ਨਾਲ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਦੇ ਸਰਗਰਮ ਮੈਂਬਰ ਬਣ ਗਏ। ਇਥੇ ਉਹ ਭਗਤ ਸਿੰਘ ਦੇ ਪਿਆਰੇ ਸਾਥੀ ਬਣ ਗਏ। 1929 ’ਚ ਦਿੱਲੀ ਦੀ ਅਸੈਂਬਲੀ ’ਚ ਬੰਬ ਸੁੱਟਿਆ ਗਿਆ ਅਤੇ ਅੰਗਰੇਜ਼ ਅਫਸਰ ਸਾਂਡਰਸ ਦੀ ਹੱਤਿਆ ਕੀਤੀ ਗਈ। ਇਨ੍ਹਾਂ ਦੋਵਾਂ ਹੀ ਮਾਮਲਿਆਂ ’ਚ ਭਗਤ ਸਿੰਘ, ਰਾਜਗੁਰੂ ਸੁਖਦੇਵ, ਬਟੁਕੇਸ਼ਵਰ ਦੱਤ ਸਮੇਤ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਕੱਦਮੇ ਦੀ ਸੁਣਵਾਈ ਲਾਹੌਰ ’ਚ ਹੋਈ। ਇਸ ਕੇਸ ’ਚ ਮਹਾਵੀਰ ਸਿੰਘ ਨੂੰ ਭਗਤ ਸਿੰਘ ਦਾ ਸਮਰਥਨ ਕਰਨ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਕੁਝ ਸਮਾਂ ਲਾਹੌਰ ਜੇਲ੍ਹ ਵਿਚ ਰਹਿਣ ਤੋਂ ਬਾਅਦ ਉਸ ਨੂੰ 1930 ਵਿਚ ਬਲਾਰੀ ਸੈਂਟਰਲ ਜੇਲ੍ਹ (ਮੈਸੂਰ) ਅਤੇ ਫਿਰ ਮਦਰਾਸ ਜੇਲ੍ਹ ’ਚ ਭੇਜ ਦਿੱਤਾ ਗਿਆ।

ਜਨਵਰੀ 1933 ’ਚ ਮਹਾਵੀਰ ਸਿੰਘ ਨੂੰ ‘ਸਜ਼ਾ-ਏ-ਕਾਲਾਪਾਣੀ’ ਦੇ ਤਹਿਤ ਅੰਡਮਾਨ ਦੀ ਪੋਰਟ ਬਲੇਅਰ ਜੇਲ੍ਹ ਭੇਜ ਦਿੱਤਾ ਗਿਆ। 12 ਮਈ 1933 ਨੂੰ ਸਾਰੇ ਸਿਆਸੀ ਕੈਦੀ ਮੋਹਿਤ ਮੋਇਤਰਾ ਅਤੇ ਮੋਹਨ ਕਿਸ਼ੋਰ ਨਾਮਦਾਸ ਦੀ ਅਗਵਾਈ ’ਚ ਕੈਦੀਆਂ ਦੇ ਨਾਲ ਵਿਵਹਾਰ ਦੇ ਵਿਰੋਧ ’ਚ ਭੁੱਖ ਹੜਤਾਲ ’ਤੇ ਬੈਠ ਗਏ। ਭੁੱਖ ਹੜਤਾਲ ਦੇ 6ਵੇਂ ਦਿਨ ਤੋਂ ਜੇਲ੍ਹ ਅਧਿਕਾਰੀਆਂ ਨੇ ਕੈਦੀਆਂ ਨੂੰ ਜ਼ਬਰਦਸਤੀ ਖਾਣਾ ਖੁਆਉਣਾ ਸ਼ੁਰੂ ਕਰ ਦਿੱਤਾ। ਅੱਧੇ ਘੰਟੇ ਦੀ ਮਸ਼ੱਕਤ ਤੋਂ ਬਾਅਦ 10-12 ਲੋਕ ਮਿਲ ਕੇ ਮਹਾਵੀਰ ਸਿੰਘ ਨੂੰ ਜ਼ਮੀਨ ’ਤੇ ਡੇਗਣ ’ਚ ਸਫਲ ਰਹੇ, ਜਿਸ ਤੋਂ ਬਾਅਦ ਡਾਕਟਰ ਨੇ ਇਕ ਗੋਢਾ ਉਨ੍ਹਾਂ ਦੀ ਛਾਤੀ ’ਤੇ ਰੱਖਿਆ ਅਤੇ ਨੱਕ ਦੇ ਅੰਦਰ ਟਿਊਬ ਪਾ ਦਿੱਤੀ। ਉਨ੍ਹਾਂ ਨੇ ਇਹ ਵੀ ਨਹੀਂ ਦੇਖਿਆ ਕਿ ਟਿਊਬ ਪੇਟ ਦੀ ਬਜਾਏ ਮਹਾਵੀਰ ਸਿੰਘ ਫੇਫੜਿਆਂ ’ਚ ਚਲੀ ਗਈ ਹੈ। ਇਕ ਲਿਟਰ ਦੁੱਧ ਉਨ੍ਹਾਂ ਦੇ ਫੇਫੜਿਆਂ ’ਚ ਚਲਾ ਗਿਆ, ਜਿਸ ਕਾਰਨ 17 ਮਈ 1933 ਨੂੰ ਭਾਰਤ ਦੇ ਸਪੂਤ ਮਹਾਵੀਰ ਸਿੰਘ ਮਹਾਨ ਮਕਸਦ ਲਈ ਸ਼ਹੀਦ ਹੋ ਗਏ। 

—ਸੁਰੇਸ਼ ਕੁਮਾਰ ਗੋਇਲ


rajwinder kaur

Content Editor

Related News