ਇਟਲੀ ਨਗਰ ਕੌਂਸਲ ਚੋਣਾਂ : ਸ਼ਹੀਦ ਭਗਤ ਸਿੰਘ ਨਗਰ ਦਾ ਨੌਜਵਾਨ ਮੁਨੀਸ਼ ਕੁਮਾਰ ਰਿਸ਼ੀ ਮੈਦਾਨ ''ਚ

05/26/2024 2:49:46 PM

ਰੋਮ (ਦਲਵੀਰ ਕੈਂਥ): ਇਟਲੀ ਵਿੱਚ ਭਾਰਤੀਆਂ ਦੀ ਕਾਮਯਾਬੀ ਤੇ ਕਾਬਲੀਅਤ ਤੋਂ ਪ੍ਰਭਾਵਿਤ ਇਟਲੀ ਦੀਆਂ ਸਿਆਸੀ ਪਾਰਟੀਆਂ ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਕੇ ਨਵਾਂ ਇਤਿਹਾਸ ਸਿਰਜ ਰਹੀਆਂ ਹਨ। ਭਾਵੇਂ ਕਿ ਪਹਿਲਾਂ ਵੀ ਭਾਰਤੀ ਮੂਲ ਦੇ ਕੁਝ ਉਮੀਦਵਾਰਾਂ ਨੇ ਵੋਟਾਂ ਵਿੱਚ ਜਿੱਤ ਹਾਸਿਲ ਕਰਦਿਆਂ ਆਪਣੀ-ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਪਰ ਇਸ ਵਾਰ ਪਹਿਲਾਂ ਤੋਂ ਵੀ ਵੱਧ ਇਟਲੀ ਦੀਆਂ ਸਿਆਸੀ ਪਾਰਟੀਆਂ ਭਾਰਤੀ ਮੂਲ ਦੇ ਨੌਜਵਾਨ ਉਮੀਦਵਾਰਾਂ ਨੂੰ ਇਟਲੀ ਦੇ ਕਈ ਸੂਬਿਆਂ ਵਿੱਚ 8-9 ਜੂਨ 2024 ਦਿਨ ਸ਼ਨੀਵਾਰ ਤੇ ਐਤਵਾਰ ਨਗਰ ਕੌਂਸਲਾਂ ਦੀਆਂ ਵੋਟਾਂ ਵਿੱਚ ਖੜ੍ਹਾ ਕਰ ਇਟਲੀ ਦੇ ਭਾਰਤੀਆਂ ਨਾਲ ਮੁੱਢ ਤੋਂ ਜੁੜਨ ਦਾ ਕਾਬਲੇ ਤਾਰੀਫ਼ ਫ਼ੈਸਲਾ ਕਰ ਰਹੀਆਂ ਹਨ।

PunjabKesari

ਇਟਲੀ ਦੇ ਭਾਰਤੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਦੇ ਸਾਰਥਿਕ ਹੱਲ ਕਰਨ ਦੀ ਹਾਮੀ ਭਰਨ ਵਾਲੀ ਸਿਆਸੀ ਪਾਰਟੀ ਪਰਤੀਤੋ ਡੈਮੋਕਰਾਤੀਕੋ ਨੇ ਸੂਬੇ ਇਮਿਲੀਆ ਰੋਮਾਨਾ ਦੇ ਜਿ਼ਲ੍ਹਾ ਰਿਜੋਇਮੀਲੀਆ ਦੇ ਨਗਰ ਕੌਂਸਲ ਕਦਲਬੋਸਕੋ ਦੀ ਸੋਪਰਾ ਦੀਆਂ ਚੋਣਾਂ ਲਈ ਭਾਰਤੀ ਮੂਲ ਦੇ ਜਿ਼ਲ੍ਹਾ ਸ਼ਹੀਦ ਭਗਤ ਸਿੰਘ ਨਗਰ (ਪੰਜਾਬ) ਦੇ ਪਿੰਡ ਭੀਣ ਦੇ ਜੰਮਪਲ ਨੌਜਵਾਨ ਮੁਨੀਸ਼ ਕੁਮਾਰ ਰਿਸ਼ੀ (24) ਪੁੱਤਰ ਮਨਜੀਤ ਪ੍ਰੀਤ ਨੂੰ ਮੈਦਾਨ ਵਿੱਚ ਉਤਾਰਿਆ ਹੈ ਜਿਸ ਨੂੰ ਇਲਾਕੇ ਦੇ ਭਾਰਤੀ ਭਾਈਚਾਰੇ ਤੋਂ ਇਲਾਵਾ ਇਟਾਲੀਅਨ ਭਾਈਚਾਰੇ ਤੇ ਪ੍ਰਵਾਸੀ ਭਾਈਚਾਰੇ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।

PunjabKesari

14 ਅਕਤੂਬਰ 2007 ਈ: ਨੂੰ ਹੋਂਦ ਵਿੱਚ ਆਈ ਇਟਲੀ ਦੀ ਇਹ ਸਿਆਸੀ ਪਾਰਟੀ ਪਰਤੀਤੋ ਡੈਮੋਕਰਾਤੀਕ ਜਿਸ ਦੇ ਕੌਮੀ ਪ੍ਰਧਾਨ ਸਤੇਫਨੋ ਬੋਨਾਚੀਨੀ ਨੇ ਸਦਾ ਹੀ ਵਿਦੇਸ਼ੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਲਈ ਆਵਾਜ਼ ਬੁਲੰਦ ਕੀਤੀ ਹੈ। ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਚੋਣ ਮੈਦਾਨ ਵਿੱਚ ਪਹਿਲੀ ਵਾਰ ਉਤਰੇ ਭਾਰਤੀ ਮੂਲ ਦੇ ਨੌਜਵਾਨ ਮਨੀਸ਼ ਕੁਮਾਰ ਰਿਸ਼ੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਪ੍ਰਵਾਸੀਆਂ ਨੂੰ ਚੰਗੀਆਂ ਸਿਹਤ ਸਹੂਲਤਾਂ, ਉਨ੍ਹਾਂ ਦੀ ਮਿਹਨਤ ਦਾ ਪੂਰਾ ਹੱਕ ਤੇ ਉਨ੍ਹਾਂ ਦੀਆਂ ਕੀਮਤੀ ਜਾਨਾਂ ਦੀ ਕੰਮਾਂ ਦੌਰਾਨ ਸੁਰੱਖਿਆ ਵਰਗੇ ਗੰਭੀਰ ਮੁੱਦਿਆਂ 'ਤੇ ਕੰਮ ਕਰ ਰਹੀ ਹੈ ਜਿਸ ਨੂੰ ਅਮਲੀ ਜਾਮਾਂ ਉਹ ਲੋਕਾਂ ਵੱਲੋਂ ਦਿੱਤੇ ਜਿੱਤ ਦੇ ਫੱਤਵੇਂ ਮਗਰੋਂ ਪਹਿਨਾਉਣਗੇ। 

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਚੋਣਾਂ : ਪਹਿਲੀ ਵਾਰ 4.7 ਕਰੋੜ ਲੋਕ ਫੋਟੋ ਆਈ.ਡੀ ਨਾਲ ਪਾਉਣਗੇ ਵੋਟ

ਪਾਰਟੀ ਦੇ ਕੌਮੀ ਪ੍ਰਧਾਨ ਸਤੇਫਨੋ ਬੋਨਾਚੀਨੀ ਯੂਰਪੀਅਨ ਯੂਨੀਅਨ ਦੀਆਂ ਚੋਣਾਂ ਲੜ ਰਹੇ ਹਨ ਪਾਰਟੀ ਪ੍ਰਵਾਸੀਆਂ ਦੇ ਹੱਕਾਂ ਲਈ ਯੂਰਪੀਅਨ ਪਾਰਲੀਮੈਂਟ ਵਿੱਚ ਵੀ ਆਵਾਜ਼ ਬੁਲੰਦ ਕਰੇਗੀ। ਰਿਸ਼ੀ ਨੇ ਕਿਹਾ ਜੇਕਰ ਇਟਲੀ ਦੇ ਭਾਰਤੀ ਆਪਣੇ ਬੱਚਿਆਂ ਦਾ ਭੱਵਿਖ ਸੁੱਰਖਿਅਤ ਕਰਨ ਚਾਹੁੰਦੇ ਹਨ ਤਾਂ ਜਿਹੜੇ ਵੀ ਭਾਰਤੀ ਉਮੀਦਵਾਰ ਖੜ੍ਹੇ ਹਨ ਉਨ੍ਹਾਂ ਨੂੰ ਵੋਟ ਪਾਕੇ ਕਾਮਯਾਬ ਜਰੂਰ ਕਰਨ। ਜਿਨ੍ਹਾਂ ਕੋਲ ਇਟਾਲੀਅਨ ਨਾਗਰਿਕਤਾਂ ਹੈ ਉਹ ਭਾਰਤੀ ਇਟਾਲੀਅਨ ਲੋਕਾਂ ਦੇ ਬਰਾਬਰ ਹਨ ਬਸ ਲੋੜ ਹੈ ਉਨ੍ਹਾਂ ਨੂੰ ਆਪਣੀ ਤਾਕਤ ਨੂੰ ਜਾਣ ਕੇ ਸਹੀ ਫ਼ੈਸਲਾ ਕਰਨ ਦੀ। ਉਹ ਫ਼ੈਸਲਾ ਜਿਹੜਾ ਕਿ ਲੋਕਾਂ ਦੇ ਹਿੱਤ ਵਿੱਚ ਤੇ ਲੋਕਾਂ ਦੇ ਭੱਵਿਖ ਲਈ ਇਤਿਹਾਸਕ ਫ਼ੈਸਲਾ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News