ਨਾਬਾਲਗ ਨਾਲ ਗੈਂਗਰੇਪ ਤੋਂ ਬਾਅਦ ਭੱਠੀ 'ਚ ਜਿਊਂਦੇ ਸਾੜਿਆ, ਕੋਰਟ ਨੇ ਦੋਸ਼ੀਆਂ ਨੂੰ ਸੁਣਾਈ ਮੌਤ ਦੀ ਸਜ਼ਾ
Monday, May 20, 2024 - 02:27 PM (IST)
ਜੈਪੁਰ (ਭਾਸ਼ਾ)- ਰਾਜਸਥਾਨ ਦੇ ਭੀਲਵਾੜਾ ਦੀ ਪੋਕਸੋ ਅਦਾਲਤ ਨੇ ਇਕ ਨਾਬਾਲਗ ਨਾਲ ਸਮੂਹਿਕ ਜਬਰ ਜ਼ਿਨਾਹ ਅਤੇ ਉਸ ਨੂੰ ਕੋਲੇ ਦੀ ਭੱਠੀ 'ਚ ਸਾੜਨ ਦੇ ਮਾਮਲੇ 'ਚ 2 ਦੋਸ਼ੀਆਂ ਨੂੰ ਸੋਮਵਾਰ ਨੂੰ ਮੌਤ ਦੀ ਸਜ਼ਾ ਸੁਣਾਈ। ਵਿਸ਼ੇਸ਼ ਸਰਕਾਰੀ ਵਕੀਲ ਮਹਾਵੀਰ ਸਿੰਘ ਕਿਸ਼ਨਾਵਤ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੀਡੀਆ ਨੂੰ ਕਿਹਾ,''ਇਸ ਮਾਮਲੇ 'ਚ 2 ਦੋਸ਼ੀਆਂ ਕਾਲੂ ਅਤੇ ਕਾਨਹਾ, ਜਿਨ੍ਹਾਂ ਨੇ ਨਾਬਾਲਗ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ ਅਤੇ ਉਸ ਦਾ ਕਤਲ ਕੀਤਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।'' ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਨਾਬਾਲਗ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ, ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਫਿਰ ਉਸ ਨੂੰ ਜਿਊਂਦੇ ਹੀ ਭੱਠੀ 'ਚ ਸਾੜ ਦਿੱਤਾ ਗਿਆ, ਇਸ ਨੂੰ ਅਦਾਲਤ ਨੇ 'ਦੁਰਲੱਭ' ਮੰਨਦੇ ਹੋਏ ਦੋਹਾਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦੋਹਾਂ ਦੋਸ਼ੀਆਂ ਦੀ ਸਜ਼ਾ ਸੋਮਵਾਰ ਨੂੰ ਸੁਣਾਈ ਗਈ। ਅਦਾਲਤ ਨੇ ਇਸ ਮਾਮਲੇ 'ਚ ਸਬੂਤ ਮਿਟਾਉਣ ਦੇ ਦੋਸ਼ੀ 7 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਸੀ। ਇਨ੍ਹਾਂ 'ਚ ਤਿੰਨ ਔਰਤਾਂ ਅਤੇ ਚਾਰ ਪੁਰਸ਼ ਹਨ। ਪਿਛਲੇ ਸਾਲ ਅਗਸਤ 'ਚ ਹੋਈ ਇਹ ਘਟਨਾ ਰਾਜਸਥਾਨ 'ਚ ਇਕ ਮੁੱਖ ਰਾਜਨੀਤਕ ਮੁੱਦਾ ਬਣ ਗਈ ਸੀ ਅਤੇ ਉਸ ਸਮੇਂ ਵਿਰੋਧੀ ਦਲ, ਭਾਜਪਾ ਨੇ ਔਰਤਾਂ ਖ਼ਿਲਾਫ਼ ਅਪਰਾਧ ਨੂੰ ਲੈ ਕੇ ਉਸ ਸਮੇਂ ਦੀ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਸੀ।
ਦੱਸਣਯੋਗ ਹੈ ਕਿ 2 ਅਗਸਤ ਨੂੰ ਕੋਟੜੀ ਥਾਣਾ ਖੇਤਰ 'ਚ 14 ਸਾਲਾ ਇਕ ਨਾਬਾਲਗ ਨਾਲ ਸਮੂਹਿਕ ਜਬਰ ਜ਼ਿਨਾਹ ਤੋਂ ਬਾਅਦ ਉਸ ਨੂੰ ਕੋਲੇ ਦੀ ਭੱਠੀ 'ਚ ਸੁੱਟ ਦਿੱਤਾ ਗਿਆ ਸੀ। ਉਹ ਇਲਾਕੇ 'ਚ ਬੱਕਰੀਆਂ ਚਰਾਉਣ ਗਈ ਸੀ। ਕੋਟੜੀ ਹੁਣ ਨਵਗਠਿਤ ਸ਼ਾਹਪੁਰ ਜ਼ਿਲ੍ਹੇ 'ਚ ਆਉਂਦਾ ਹੈ। ਪੁਲਸ ਨੇ ਇਸ ਘਟਨਾ ਲਈ ਭੱਠੀਆਂ ਦੇ ਨੇੜੇ ਹੀ ਰਹਿ ਰਹੇ ਕਾਲਬੇਲੀਆ ਭਾਈਚਾਰੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਲੋਕ ਉਨ੍ਹਾਂ ਭੱਠੀਆਂ 'ਚ ਕੋਲਾ ਬਣਾਉਣ ਦਾ ਕੰਮ ਕਰਦੇ ਸਨ। ਕਿਸਨਾਵਤ ਅਨੁਸਾਰ, ਸਮੂਹਿਕ ਜਬਰ ਜ਼ਿਨਾਹ ਤੋਂ ਬਾਅਦ ਦੋਸ਼ੀਆਂ ਨੂੰ ਲੱਗਾ ਕਿ ਨਾਬਾਲਗ ਮਰ ਗਈ ਹੈ ਅਤੇ ਉਨ੍ਹਾਂ ਨੇ ਉਸ ਨੂੰ ਭੱਠੀ 'ਚ ਸੁੱਟ ਦਿੱਤਾ। ਉੱਥੇ ਹੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ (ਐੱਫਐੱਸਐੱਲ) ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਕੁੜੀ ਨੂੰ ਭੱਠੀ 'ਚ ਸੁੱਟਿਆ ਗਿਆ, ਉਦੋਂ ਉਹ ਜਿਊਂਦੀ ਸੀ, ਕਿਉਂਕਿ ਉਸ ਦੀ ਮੌਤ ਸੜਨ ਕਾਰਨ ਹੋਈ ਸੀ। ਹਾਦਸੇ ਵਾਲੀ ਜਗ੍ਹਾ 'ਤੇ ਇਕ ਲਾਈਨ 'ਚ ਕੁੱਲ 5 ਭੱਠੀਆਂ ਸਨ ਅਤੇ ਉਨ੍ਹਾਂ 'ਚੋਂ ਇਕ ਅਸਾਧਾਰਨ ਤੌਰ 'ਤੇ ਪੂਰੀ ਤਰ੍ਹਾਂ ਬੰਦ ਕੀਤੇ ਬਿਨਾਂ ਹੀ ਚੱਲ ਰਹੀ ਸੀ। ਸਥਾਨਕ ਲੋਕਾਂ ਨੂੰ ਇਸ 'ਤੇ ਸ਼ੱਕ ਹੋਇਆ, ਕਿਉਂਕਿ ਆਮ ਤੌਰ 'ਤੇ ਭੱਠੀ ਪੂਰੀ ਤਰ੍ਹਾਂ ਬੰਦ ਹੁੰਦੀ ਹੈ। ਲੋਕਾਂ ਨੂੰ ਉੱਥੇ ਕੁੜੀ ਦਾ ਕੰਗਨ ਮਿਲਿਆ, ਜਿਸ ਤੋਂ ਬਾਅਦ ਹੱਡੀਆਂ ਬਰਾਮਦ ਕੀਤੀਆਂ ਗਈਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8