ਕਵਿਤਾ ਖਿੜਕੀ ''ਚ ਪੜ੍ਹੋ ਕਵਿਤਾ ''ਨਸ਼ਾ'' ਤੇ ਅੱਬਾਸ ਧਾਲੀਵਾਲ ਦੀ ਗ਼ਜ਼ਲ

10/09/2021 2:44:19 PM

ਨਸ਼ਾ

ਕਦੇ ਪੰਜਾਬ ਸਿਆਂ ਨੂੰ ਸੱਦ ਦੇ ਸੀ ਕਹਿਕੇ ਜਿਹੜੇ ਚਿੜੀ ਸੋਨੇ ਦੀ, ਉੱਥੇ ਦਿਆ ਵਾਰਸਾਂ ਨੂੰ ਨਸ਼ਿਆਂ ਨੇ ਖਾ ਲਿਆ,
ਹਰੇ ਨਾ ਜਿਹੜੇ ਅਫ਼ਗਾਨਾਂ ਕਦੇ ਮੁਗ਼ਲਾਂ ਤੋਂ,
ਹੁਣ ਉਹਨਾਂ ਨੂੰ ਇਹਨਾਂ ਟੀਕਿਆਂ ਨੇ ਹਰਾ ਲਿਆ,

ਚੰਗਾ ਕੀਹਨੂੰ ਲੱਗਦਾ ਸਨਾਉਣਾ ਜਾਕੇ ਦੁਨੀਆ ਨੂੰ,
ਜੰਮਦੀਆਂ ਸੀ ਕੁੱਖਾਂ ਕਦੇ ਨਲਵੇ,
ਬੰਦੇ ਤੇ ਜੱਸਾ ਸਿੰਘ ਆਹਲੂਵਾਲੀਆ ਜਿਹੇ ਸੂਰਮੇ,
ਅੱਜ ਓਹਨਾਂ ਕੁੱਖਾਂ ਨੂੰ ਧੂੰਏ ਨਾਲ ਸੁਕਾ ਲਿਆ

ਡਾਂਗਾਂ ਜਿਹੇ ਪੁੱਤ ਅੱਜ ਲੱਭਦੇ ਆ ਠੇਕੇ ਕੋਲੋਂ,
ਇੱਕ ਭੈੜੇ ਇਹੇ ਚਿੱਟੇ ਨੇ ਜਵਾਨੀ ਨੂੰ ਹੰਢਾਅ ਲਿਆ,
ਤਾਕਤਾਂ ਨੇ ਕਿੱਥੋਂ ਉਹੋ ਚੋਬਰਾਂ ਦੇ ਸੀਨਿਆਂ ਚ, 
ਛੱਡ ਕੇ ਖੁਰਾਕਾਂ ਸਰੀਰ ਇਹਨਾਂ ਕੈਪਸੂਲਾਂ ਉੱਤੇ ਲਾ ਲਿਆ,

ਓਹ ਵੇਲੇ ਹੋਰ ਸੀ ਜਦ ਸਿਰ ਦਿੱਤੇ ਕੌਮ ਲਈ,
ਅੱਜ ਦਿਆਂ ਯੋਧਿਆਂ ਨੂੰ ਇਹਨਾਂ ਰੀਲਾਂ ਉਲਜਾ ਲਿਆ,
ਕਰਨਾ ਆਬਾਦ ਏਸ ਰੰਗਲੇ ਪੰਜਾਬ ਨੂੰ,
ਮਾਰਨਾ ਈ ਪੈਣਾ ਹੱਲਾ,
ਇੱਕ ਵਾਰੀ ਮਾਰੋ ਝਾਤ ਅਸੀਂ ਕੀ ਕੀ ਗਵਾ ਲਿਆ,

ਦਿਸਣ ਨਾ ਪੱਗਾਂ ਇਹਨਾਂ ਸਿੱਖੀ ਦਿਆ ਵਾਰਸਾਂ 'ਤੇ,
ਰਹਿੰਦੀ ਇਹ ਕਸਰ ਇਹਨਾਂ ਨੂੰ ਫ਼ੈਸ਼ਨਾਂ ਨੇ ਘੇਰਾ ਪਾ ਲਿਆ, 
ਦੁੱਖਦਾ ਏ ਦਿਲ ਜਦੋਂ ਝਾਤ ਮਾਰਾਂ ਘਰਾਂ ਵਿੱਚ ਬੁੱਢੇ ਮਾਂ ਬਾਪ ਨੂੰ ਨਸ਼ਈ ਔਲਾਦ ਨੇ ਹੀ ਢਾਹ ਲਿਆ,

ਮਾਰਤਾ ਗ਼ਰੀਬੀ ਉੱਤੋ ਬੇਰੁਜ਼ਗਾਰੀ ਨੇ,
ਪੜ੍ਹ ਲਿਖ ਰੁਜ਼ਗਾਰ ਲਈ ਯੂਥ ਲਾਉਂਦਾ ਫਿਰੇ ਧਰਨੇ,
ਨੇਤਾ ਤੇ ਮੰਤਰੀ ਵੇਚ ਤੀ ਜ਼ਮੀਰ, 
ਇਹਨਾਂ ਸੋਚਣਾ ਕੀ ਦੇਸ਼ ਬਾਰੇ ਬੱਸ ਕੁਰਸੀ ਨੂੰ ਹੀ ਚਾਹ ਲਿਆ

ਹਰਜਿੰਦਰ ਸਿੰਘ 
ਜੰਡਾਂਵਾਲਾ (ਬਠਿਡਾ)
9781845175

       ਗ਼ਜ਼ਲ 

ਸੱਭ ਪੀੜਾਂ ਨੂੰ ਪਿੰਡੇ ਸਹਿ।
ਦਰਦ ਹਿਜਰ ਦੇ ਸੀਨੇ ਸਹਿ ।
ਜੇ ਸਰ ਮੰਜ਼ਿਲ ਕਰਨੀ ਤੂੰ , 
ਵਾਂਗ ਨਦੀ ਦੇ ਵਹਿੰਦੇ ਰਹਿ।

ਜੀਵਨ ਵਿੱਚ ਕੁੱਝ ਬਨਣਾ ਚਾਹੁਣੇ , 
ਇੱਕ ਪਲ ਨਾ ਫਿਰ ਟਿੱਕ ਕੇ ਬਹਿ।
ਬੰਦੇ ਦੀ ਜੇ ਪਰਖ ਹੈ ਕਰਨੀ , 
ਝੱਲਿਆਂ ਵਾਂਗੂੰ ਬਣ ਕੇ ਰਹਿ। 

ਹਰ ਇੱਕ ਨੂੰ ਨਾ ਪੀੜ ਸੁਣਾ, 
ਆਪਣੇ ਦਰਦ ਤੂੰ ਆਪੇ ਸਹਿ। 
ਝੂਠਿਆਂ ਦੀ ਇਸ ਦੁਨੀਆਂ ਅੰਦਰ 
ਸੱਚੀਆਂ ਗੱਲਾਂ ਮੂੰਹ ਤੇ ਕਹਿ। 
ਸੋਚ ਨੂੰ ਬੇਸ਼ੱਕ ਅੰਬਰੀ ਰੱਖ, 
ਪਰ ਖੁਦ ਆਪ ਜ਼ਮੀਂ ਤੇ ਰਹਿ। 

ਉਨ੍ਹਾਂ ਨੂੰ ਕਦੀ ਮੂੰਹ ਨਾ ਲਾ, 
ਜੋ ਨਫ਼ਰਤ ਨੂੰ ਦਿੰਦੇ ਸ਼ਹਿ।
ਇਹ ਜੱਗ ਮੇਲਾ ਕੁੱਝ ਦਿਨ ਦਾ , 
'ਅੱਬਾਸ' ਨਾ ਕਿਸੇ ਨਾਲ ਐਵੇਂ ਖਹਿ।


ਅੱਬਾਸ ਧਾਲੀਵਾਲ, 
ਮਲੇਰਕੋਟਲਾ 
ਸੰਪਰਕ :9855259650 
Abbasdhaliwal72@gmail.com 


Harnek Seechewal

Content Editor

Related News