ਆਓ! ਭਾਸ਼ਾ ਵਿਗਿਆਨ ਅਤੇ ਕੋਸ਼ਕਾਰੀ ਦੇ ਜ਼ਰੀਏ ਆਪਣੇ ਭਵਿੱਖ ਨੂੰ ਸੰਵਾਰੀਏ

04/07/2021 6:49:54 PM

ਹਰ ਇੱਕ ਭਾਸ਼ਾ ਦਾ ਸਹੀ ਦੇ ਪ੍ਰਮਾਣਿਕ ਗਿਆਨ ਉਸ ਦੇ ਵਿਗਿਆਨਿਕ ਤੌਰ ’ਤੇ ਕੀਤੇ ਅਧਿਐਨ ਤੋਂ ਪ੍ਰਾਪਤ ਹੁੰਦਾ ਹੈ ਪਰ ਹਰ ਇੱਕ ਭਾਸ਼ਾ ਦਾ ਆਪੋ-ਆਪਣਾ ਭਾਸ਼ਾ-ਵਿਗਿਆਨ ਹੈ। ਭਾਸ਼ਾ-ਵਿਗਿਆਨ ਦਾ ਵਿਸ਼ਾ ਇੱਕ ਅੰਤਰਰਾਸ਼ਟਰੀ ਵਿਸ਼ੇ ਵਜੋਂ ਜਾਣਿਆ ਜਾਂਦਾ ਹੈ। ਭਾਸ਼ਾ ਦਾ ਅਧਿਐਨ ਕਰਨ ਤੋਂ ਇਲਾਵਾ ਕਿਸੇ ਵੀ ਭਾਸ਼ਾ ਦੇ ਲੇਖਨ, ਪਠਨ, ਉਚਾਰਨ, ਸਮਝਣ, ਵਿਆਕਰਨਕ ਜਾਣਕਾਰੀ ਅਤੇ ਅਤੇ ਉਪ-ਭਾਸ਼ਾਵਾਂ ਦੇ ਖੇਤਰ ਦੇ ਵਿਕਾਸ ਅਤੇ ਭਾਸ਼ਾ ਵਿੱਚ ਆਈਆਂ ਵਿਆਕਰਣਕ ਅਤੇ ਸੱਭਿਆਚਾਰਕ ਤਬਦੀਲੀਆਂ ਦਾ ਅਧਿਐਨ ਕਰਨ ਲਈ ਭਾਸ਼ਾ-ਵਿਗਿਆਨ ਇੱਕ ਮਹੱਤਵਪੂਰਨ ਵਿਸ਼ਾ ਹੈ।

ਆਧੁਨਿਕ ਯੁੱਗ ਵਿੱਚ ਭਾਸ਼ਾ-ਵਿਗਿਆਨ ਦੇ ਵਿਸ਼ੇ ਦੇ ਅਧਿਐਨ ਲਈ ਭਾਸ਼ਾ ਦੇ ਮਨੋ-ਵਿਗਿਆਨ, ਸਮਾਜ ਭਾਸ਼ਾ-ਵਿਗਿਆਨ, ਭਾਸ਼ਾ ਦਾ ਭੂਗੋਲਿਕ ਅਧਿਐਨ, ਭਾਸ਼ਾਈ ਅਧਿਆਪਨ ਆਦਿ ਪੱਧਰਾਂ ਦੇ ਖੋਜ-ਕਾਰਜ ਕੀਤੇ ਜਾ ਰਹੇ ਹਨ। ਵੀਹਵੀਂ ਸਦੀ ਦੇ ਆਰੰਭ ਵਿੱਚ ਯੂਰਪ ਦੇ ਪ੍ਰਸਿੱਧ ਭਾਸ਼ਾ-ਵਿਗਿਆਨੀ ਸੋਸਿਊਰ ਨੇ ਆਧੁਨਿਕ ਭਾਸ਼ਾ-ਵਿਗਿਆਨ ਦੀ ਨੀਂਹ ਰੱਖੀ। ਸੋਸਿਊਰ ਮੁਤਾਬਿਕ ਭਾਸ਼ਾ ਦਾ ਪ੍ਰਚੱਲਿਤ ਅਤੇ ਬੋਲਚਾਲ ਦਾ ਰੂਪ ਅਧਿਐਨ ਲਈ ਮਹੱਤਵਪੂਰਨ ਹੈ। ਭਾਸ਼ਾ-ਵਿਗਿਆਨ ਜ਼ਰੀਏ ਸਾਨੂੰ ਭਾਸ਼ਾ ਦੀ ਉਤਪਤੀ ਭਾਸ਼ਾ ਦੇ ਮੁੱਖ ਸਰੋਤ ਭਾਸ਼ਾ ਦੇ ਨਿਯਮ ਭਾਸ਼ਾਵਾਂ ਦਾ ਚਿਹਨ ਵਿਗਿਆਨ ਵਾਕ ਬਣਤਰ ਅਤੇ ਵਿਆਕਰਨਕ ਵਰਗਾਂ ਬਾਰੇ ਪਤਾ ਚਲਦਾ ਹੈ। ਭਾਸ਼ਾ ਸਿਰਫ਼ ਸੰਚਾਰ ਲਈ ਹੀ ਨਹੀਂ ਸਗੋਂ ਅਜੋਕੇ ਦੌਰ ਵਿੱਚ ਕੰਮ-ਕਾਜ ਕਰਨ ਲਈ ਸਭ ਤੋਂ ਮੁੱਖ ਸਰੋਤ ਬਣੀ ਹੋਈ ਹੈ। ਵਿਸ਼ਵ ਦੇ ਸਾਰੇ ਮੁਲਕਾਂ ਵਿੱਚ ਵਿਗਿਆਨ, ਤਕਨਾਲੋਜੀ, ਸੰਚਾਰ, ਪੜ੍ਹਾਈ, ਕਾਨੂੰਨ ਆਦਿ ਵਿੱਚ ਹਰ ਖਿੱਤੇ ਦੀਆਂ ਆਪੋ-ਆਪਣੀਆਂ ਭਾਸ਼ਾਵਾਂ ਦਾ ਪ੍ਰਚਲਣ ਹੈ। 

ਭਾਸ਼ਾ-ਵਿਗਿਆਨ ਦਾ ਵਿਸ਼ਾ ਬਹੁਤ ਹੀ ਦਿਲਚਸਪ ਹੋਣ ਦੇ ਨਾਲ ਅਜੋਕੇ ਸਮੇਂ ਵਿੱਚ ਬਹੁਤ ਮਹੱਤਵਪੂਰਨ ਹੋ ਗਿਆ ਹੈ। ਆਧੁਨਿਕ ਤਕਨਾਲੋਜੀ (ਆਈ.ਆਈ.ਟੀ, ਆਈ.ਐੱਮ.ਟੀ) ਦੇ ਯੁੱਗ ਵਿੱਚ ਕੋਈ ਵੀ ਖੇਤਰ ਅਜਿਹਾ ਨਹੀਂ, ਜਿੱਥੇ ਭਾਸ਼ਾ ਤੋਂ ਬਿਨਾਂ ਕੋਈ ਕੰਮ ਸੰਪੰਨ ਹੁੰਦਾ ਹੋਵੇ। ਕੰਪਿਊਟਰ ਨਾਲ ਸਬੰਧਤ ਅਜਿਹਾ ਕੋਈ ਖੇਤਰ ਨਹੀਂ ਜਿਸ ਵਿੱਚ ਭਾਸ਼ਾ-ਵਿਗਿਆਨ ਦੇ ਵਿਸ਼ੇ ਦੀ ਲੋੜ ਅਨੁਭਵ ਨਾ ਹੋਵੇ ਬਲਕਿ ਹਰ ਤਰ੍ਹਾਂ ਦੇ ਮਸ਼ੀਨੀ ਖੇਤਰ ਵਿੱਚ ਭਾਸ਼ਾ ਵਿਗਿਆਨ ਇੱਕ ਅਹਿਮ ਵਿਸ਼ੇ ਵਜੋਂ ਭੂਮਿਕਾ ਨਿਭਾਉਂਦਾ ਹੈ। ਭਾਸ਼ਾ-ਵਿਗਿਆਨ ਦਾ ਵਿਸ਼ਾ ਬਹੁਤ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਜਾਂਦਾ ਹੈ:-
1. ਪੰਜਾਬੀ ਯੂਨੀਵਰਸਿਟੀ, ਪਟਿਆਲਾ 
2. ਦਿੱਲੀ ਯੂਨੀਵਰਸਿਟੀ, ਦਿੱਲੀ
3. ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ
4. ਕਸ਼ਮੀਰ ਯੂਨੀਵਰਸਿਟੀ, ਸ੍ਰੀਨਗਰ 
5. ਮਨੀਪਾਲ ਯੂਨੀਵਰਸਿਟੀ, ਕਰਨਾਟਕ
6. ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਦਿੱਲੀ
7. ਅਲਾਹਾਬਾਦ ਯੂਨੀਵਰਸਿਟੀ, ਪ੍ਰਯਾਗਰਾਜ (ਉੱਤਰ-ਪ੍ਰਦੇਸ਼)

ਭਾਸ਼ਾ ਦੇ ਕੋਸ਼ (lexicography) ਤਿਆਰ ਕਰਨ ਲਈ ਭਾਸ਼ਾ ਵਿਗਿਆਨ ਦਾ ਵਿਸ਼ਾ ਬਹੁਤ ਜ਼ਰੂਰੀ ਹੈ, ਕਿਉਂਕਿ ਕਿਸੇ ਵੀ ਭਾਸ਼ਾ ਦਾ ਕੋਸ਼ ਤਿਆਰ ਕਰਨ ਲਈ ਉਸ ਭਾਸ਼ਾ ਦਾ ਵਿਗਿਆਨਕ ਪੱਧਰ ਤੇ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ। ਸੂਚਨਾ ਵਿਗਿਆਨ (Information Technology) ਤਕਨੀਕੀ ਵਿਗਿਆਨ (Technical Science) ਭੌਤਿਕ ਵਿਗਿਆਨ (Chemistry) ਆਦਿ ਵਿਸ਼ਿਆਂ ਨਾਲ ਸਬੰਧਤ ਸ਼ਬਦਾਵਲੀ ਦਾ ਅਧਿਐਨ ਕਰਨ ਲਈ ਅਤੇ ਅਨੁਵਾਦ (Translation) ਕਰਨ ਲਈ ਭਾਸ਼ਾ-ਵਿਗਿਆਨ ਦਾ ਵਿਸ਼ਾ ਬਹੁਤ ਜ਼ਰੂਰੀ ਹੈ। ਕਾਨੂੰਨੀ ਸ਼ਬਦਾਵਲੀ (Legal Vocublary) ਦਾ ਸਹੀ ਗਿਆਨ ਅਤੇ ਅਨੁਵਾਦ ਕਰਨ ਲਈ ਜਾਂ ਫਿਰ ਪਰੂਫ ਰੀਡਿੰਗ (Proof Reading) ਲਈ ਇਸ ਵਿਸ਼ੇ ਦੀ ਬਹੁਤ ਅਹਿਮੀਅਤ ਹੈ।

ਸਪੀਚ ਪੈਥੋਲੌਜਿਸਟ (Speech Pethologist) ਦੇ ਖੇਤਰ ਵਿੱਚ, ਆਰਗੇਨਾਈਜੇਸ਼ਨ ਡਾਟਾ ਮੈਨੇਜ਼ਮੈਂਟ (Orgnisation Data Management) ਲਈ, ਮਾਰਕੀਟਿੰਗ ਐਗਜ਼ੀਕਿਊਟਿਵ ਆਫੀਸਰ (Marketing Excutive Officer) ਆਦਿ ਖੇਤਰਾਂ ਸੰਬੰਧੀ ਅਧਿਐਨ ਅਤੇ ਵਿਸ਼ਲੇਸ਼ਕ ਕਾਰਜਾਂ ਲਈ ਵੀ ਇਹ ਵਿਸ਼ਾ ਮਹੱਤਵਪੂਰਨ ਹੈ। ਪੁਲਿਸ ਵਿਭਾਗ ਨਾਲ ਸਬੰਧਤ ਫੋਰੈਂਸਿਕ ਲੈਬਾਰਟਰੀਆਂ (Forensic Laboratories) ਅਤੇ ਇੰਟੈਲੀਜੈਂਸ ਵਿੰਗਾਂ (Intelligence Wings) ਵਿੱਚ ਭਾਸ਼ਾ ਦਾ ਮਨੋਵਿਗਿਆਨਕ ਅਧਿਐਨ (Phscological Language Anylasis) ਕਰਨ ਲਈ ਸਾਨੂੰ ਭਾਸ਼ਾ ਵਿਗਿਆਨ ਦੇ ਵਿਸ਼ੇ ਦਾ ਗਿਆਨ ਹੋਣਾ ਅਤਿ ਜ਼ਰੂਰੀ ਹੈ। ਕਿਸੇ ਵੀ ਖੇਤਰ ਵਿੱਚ ਭਾਸ਼ਾਈ ਕਿਰਤਾਂ ਦਾ ਆਲੋਚਨਾਤਮਿਕ ਅਧਿਐਨ ਕਰਨ ਲਈ ਵੀ ਭਾਸ਼ਾ ਵਿਗਿਆਨ ਸਹਾਇਕ ਸਿੱਧ ਹੁੰਦਾ ਹੈ। 
(ਭਾਸ਼ਾ-ਵਿਗਿਆਨ ਵਿਸ਼ੇ ਨਾਲ ਸਬੰਧਤ ਕੋਰਸ)
1 ਡਿਪਲੋਮਾ ਇਨ ਲਿੰਗੂਇਸਟਿਕਸ (Diplome In Linguistics) - ਇੱਕ ਸਾਲਾ ਕੋਰਸ
2 ਕਰੈਸ਼ ਕੋਰਸ (Quarterly Crash Course) ਸਿਰਫ ਵਿਦੇਸ਼ੀ ਵਿਦਿਆਰਥੀਆਂ ਲਈ - ਤਿਮਾਹੀ ਕੋਰਸ
3 ਪੋਸਟ ਗ੍ਰੈਜੂਏਸ਼ਨ ( Post  Graduation in  linguistics and lexicography) - ਦੋ ਸਾਲਾ ਕੋਰਸ 
4 ਐੱਮ.ਫਿੱਲ. ਭਾਸ਼ਾ ਵਿਗਿਆਨ (M.Phill In Linguistics)
5 ਡਾਕਟਰੇਟ ਦੀ ਡਿਗਰੀ (Doctorate Of Phillosphy) 
6 ਭਾਸ਼ਾ ਦਾ ਅਧਿਆਪਨ ਤੇ ਸਿੱਖਿਆ (Becholer Of Education)     

ਅਜੋਕੀ ਲੋੜ-ਭਾਸ਼ਾ ਦੇ ਨਾਂ ਤੇ ਸਥਾਪਿਤ ਵਿਭਾਗਾਂ ਵਿੱਚ ਨਿਰੋਲ ਭਾਸ਼ਾ ਦਾ ਗਿਆਨ ਨਹੀਂ ਮਿਲਦਾ ਸਗੋਂ ਉਨ੍ਹਾਂ ਵਿੱਚ ਕਿਸੇ ਵੀ ਭਾਸ਼ਾ ਦੀਆਂ ਸਾਹਿਤਕ ਵੰਨਗੀਆਂ ਦਾ ਗਿਆਨ ਮਿਲਦਾ ਹੈ। ਭਾਸ਼ਾ, ਉਪ-ਭਾਸ਼ਾਵਾਂ ਦਾ ਵਿਸ਼ਲੇਸ਼ਣ ਕਰਨ ਲਈ ਕਾਲਜਾਂ,ਯੂਨੀਵਰਸਿਟੀਆਂ ਵਿੱਚ ਪੰਜਾਬੀ ਭਾਸ਼ਾ ਨਾਲ ਸਬੰਧਤ ਵਿਭਾਗ ਨਹੀਂ ਸਗੋਂ ਪੰਜਾਬੀ ਭਾਸ਼ਾ-ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਨਾਮਕ ਵਿਭਾਗ ਸਥਾਪਿਤ ਕਰਨ ਦੀ ਲੋੜ ਹੈ। ਭਾਰਤ ਦੇਸ਼ ਦੀ ਬਾਕੀ ਮੁਲਕਾਂ ਦੇ ਮੁਕਾਬਲੇ ਭਾਸ਼ਾਵਾਂ ਦੇ ਵਿਗਿਆਨਕ ਅਧਿਐਨ ਸਬੰਧੀ ਪਹੁੰਚ ਅਤੇ ਪਾਲਿਸੀ ਕੋਈ ਬਹੁਤੀ ਚੰਗੀ ਨਹੀਂ, ਜਦਕਿ ਬਾਹਰਲੇ ਮੁਲਕਾਂ ਵਿੱਚ ਭਾਸ਼ਾਵਾਂ ਦਾ ਵਿਕਾਸ ਬਹੁਤ ਜ਼ਿਆਦਾ ਹੋਇਆ ਹੈ। ਭਾਰਤ ਦੇ ਬਹੁਤੇ ਭਾਸ਼ਾਈ ਵਿਸ਼ਲੇਸ਼ਕ ਪੰਜਾਬੀ ਭਾਸ਼ਾ ਨੂੰ ਸਾਹਿਤ ਨਾਲ ਰਲਗੱਡ ਕਰਦੇ ਆਏ ਹਨ।
ਇੰਸ. ਗੁਰਪ੍ਰੀਤ ਸਿੰਘ ਚੰਬਲ
ਜ਼ਿਲ੍ਹਾ ਸੈਨਿਕ ਬੋਰਡ, ਪਟਿਆਲਾ
ਸੰਪਰਕ ਨੰ. 98881-40052


rajwinder kaur

Content Editor

Related News