ਓਵਰਸਪੀਡ ਕ੍ਰੇਟਾ ਅਤੇ ਸਵਿਫਟ ਵਿਚਾਲੇ ਭਿਆਨਕ ਟੱਕਰ, ਡਾਕਟਰ ਦੀ ਹੋਈ ਮੌਤ
Monday, Jun 30, 2025 - 03:57 PM (IST)

ਲੁਧਿਆਣਾ (ਰਾਜ)- ਫਿਰੋਜ਼ਪੁਰ ਰੋਡ ’ਤੇ ਵੇਰਕਾ ਮਿਲਕ ਪਲਾਂਟ ਨੇੜੇ ਓਵਰਸਪੀਡ ਕ੍ਰੇਟਾ ਅਤੇ ਸਵਿਫਟ ਕਾਰ ਦੀ ਟੱਕਰ ਹੋ ਗਈ। ਟੱਕਰ ਕਾਰਨ ਕ੍ਰੇਟਾ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਜਦੋਂਕਿ ਸਵਿਫਟ ’ਚ ਸਵਾਰ 5 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਸਰਾਭਾ ਨਗਰ ਥਾਣਾ ਦੀ ਪੁਲਸ ਮੌਕੇ ’ਤੇ ਪਹੁੰਚੀ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਹੈ। ਜੋ ਕਿ ਪੇਸ਼ੇ ਤੋਂ ਡਾਕਟਰ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ’ਚ ਰੱਖਵਾ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ 'ਚ ਵਧਣਗੀਆਂ ਗਰਮੀ ਦੀਆਂ ਛੁੱਟੀਆਂ? ਪੜ੍ਹੋ ਵਿਭਾਗ ਦੇ ਤਾਜ਼ਾ ਹੁਕਮ
ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਮਧੂਬਾਲਾ ਨੇ ਦੱਸਿਆ ਕਿ ਮ੍ਰਿਤਕ ਡਾਕਟਰ ਗਗਨਦੀਪ ਸਿੰਘ ਜਗਰਾਓਂ ਕਿਸੇ ਕੰਮ ਲਈ ਘਰੋਂ ਨਿਕਲਿਆ ਸੀ ਅਤੇ ਖੁਦ ਆਪਣੀ ਕਾਰ ਚਲਾ ਰਿਹਾ ਸੀ। ਇਸ ਦੌਰਾਨ ਵੇਰਕਾ ਮਿਲਕ ਪਲਾਂਟ ਨੇੜੇ ਉਸ ਦੀ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਪਹਿਲਾਂ ਇਕ ਬਾਈਕ ਨਾਲ ਟਕਰਾਅ ਗਈ ਅਤੇ ਫਿਰ ਸਾਹਮਣੇ ਤੋਂ ਆ ਰਹੀ ਇਕ ਸਵਿਫਟ ਕਾਰ ਨਾਲ ਟਕਰਾਅ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕ੍ਰੇਟਾ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਜਦੋਂ ਉਨ੍ਹਾਂ ਨੇ ਡਾਕਟਰ ਗਗਨਦੀਪ ਨੂੰ ਕ੍ਰੇਟਾ ਕਾਰ ਤੋਂ ਬਾਹਰ ਕੱਢਿਆ ਤਾਂ ਉਹ ਪਹਿਲਾਂ ਹੀ ਮਰ ਚੁੱਕਾ ਸੀ। ਸਵਿਫਟ ਦੇ ਦੋਵੇਂ ਪਿਛਲੇ ਟਾਇਰ ਫਟ ਗਏ ਅਤੇ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਇਸ ’ਚ ਸਵਾਰ ਸਾਰੇ 5 ਲੋਕ ਜ਼ਖਮੀ ਹੋ ਗਏ। ਲੋਕਾਂ ਨੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿੱਥੇ ਮਾਮੂਲੀ ਸੱਟਾਂ ਕਾਰਨ ਉਨ੍ਹਾਂ ਨੂੰ ਇਲਾਜ ਤੋਂ ਤੁਰੰਤ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸਵਿਫਟ ’ਚ ਸਵਾਰ ਸਾਰੇ ਲੋਕ ਫਤਿਹਾਬਾਦ ਤੋਂ ਜਲੰਧਰ ’ਚ ਇਕ ਸਮਾਗਮ ’ਚ ਗਏ ਹੋਏ ਸਨ। ਰਾਤ ਹੋਣ ਕਰ ਕੇ ਉਹ ਲੁਧਿਆਣਾ ਰੁਕੇ। ਅੱਜ ਉਹ ਫਤਿਹਾਬਾਦ ਵਾਪਸ ਜਾ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ। ਟ੍ਰੈਫਿਕ ਟੋ ਵੈਨ ਦੀ ਮਦਦ ਨਾਲ ਵਾਹਨਾਂ ਨੂੰ ਸੜਕ ਤੋਂ ਹਟਾ ਦਿੱਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8