ਵਰਮਾ ਦੇ ਕਾਤਲਾਂ ਨੂੰ ਮਿਲੇਗੀ ਸਖਤ ਸਜ਼ਾ : ਅਮਨ ਅਰੋੜਾ
Tuesday, Jul 08, 2025 - 03:52 PM (IST)

ਅਬੋਹਰ (ਸੁਨੀਲ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਹ ਯਕੀਨੀ ਬਣਾਏਗੀ ਕਿ ਅਬੋਹਰ ਦੇ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇੱਥੇ ਪ੍ਰਤੀਨਿਧਾਂ ਨਾਲ ਗੱਲਬਾਤ ਕਰਦਿਆਂ ਆਖੀ। ਅਮਨ ਅਰੋੜਾ ਨੇ ਆਖਿਆ ਕਿ ਬਾਹਰਲੇ ਸੂਬਿਆਂ ਦੀਆਂ ਜੇਲ੍ਹਾਂ ’ਚ ਬੈਠੇ ਗੈਂਗਸਟਰ ਅਜਿਹੀਆਂ ਕੋਝੀਆਂ ਵਾਰਦਾਤਾਂ ਕਰਵਾ ਰਹੇ ਹਨ ਪਰ ਉਨ੍ਹਾਂ ਨੇ ਸਖ਼ਤ ਸ਼ਬਦਾਂ ’ਚ ਕਿਹਾ ਕਿ ਜੋ ਕੋਈ ਵੀ ਇਸ ਕਾਂਡ ਪਿੱਛੇ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਮਿਸਾਲੀ ਸਜ਼ਾ ਦਿਵਾਈ ਜਾਵੇਗੀ।
ਉਨ੍ਹਾਂ ਆਖਿਆ ਕਿ ਪੁਲਸ ਜਾਂਚ ਸਹੀ ਦਿਸ਼ਾ ’ਚ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀ ਸਲਾਖ਼ਾਂ ਪਿੱਛੇ ਹੋਣਗੇ। ਇਕ ਹੋਰ ਸਵਾਲ ਦੇ ਜਵਾਬ ’ਚ ਅਮਨ ਅਰੋੜਾ ਨੇ ਕਿਹਾ ਕਿ ਪਰਿਵਾਰ ਨੂੰ ਪਹਿਲਾਂ ਤੋਂ ਕਿਸੇ ਵੱਲੋਂ ਧਮਕੀ ਦੀ ਕੋਈ ਸੂਚਨਾ ਪੁਲਸ ਨੂੰ ਨਹੀਂ ਦਿੱਤੀ ਗਈ ਸੀ ਅਤੇ ਸੀਨੀਅਰ ਪੁਲਸ ਅਧਿਕਾਰੀ ਅਕਸਰ ਪਰਿਵਾਰ ਦੇ ਉੱਚੇ ਸਮਾਜਿਕ ਰੁਤਬੇ ਕਾਰਨ ਉਸ ਨੂੰ ਮਿਲਦੇ ਵੀ ਰਹਿੰਦੇ ਸਨ। ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਪੁਲਸ ਨੇ ਵਾਰਦਾਤ ਤੋਂ ਤੁਰੰਤ ਬਾਅਦ ਤੇਜ਼ੀ ਨਾਲ ਕਾਰਵਾਈ ਕਰਦਿਆਂ ਜਾਂਚ ਆਰੰਭੀ ਅਤੇ ਵੱਖ-ਵੱਖ ਟੀਮਾਂ ਨੂੰ ਮੁਲਜ਼ਮਾਂ ਦੀ ਭਾਲ ’ਚ ਲਾਇਆ ਹੈ।
ਅਸਲ ’ਚ ਦੂਜੇ ਸੂਬਿਆਂ ਦੀਆਂ ਜੇਲ੍ਹਾਂ ’ਚ ਬੈਠੇ ਮਾੜੇ ਅਨਸਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ’ਚ ਹਨ ਪਰ ਉਨ੍ਹਾਂ ਦੀ ਇਹ ਕੋਸ਼ਿਸ਼ ਨਾਕਾਮ ਕਰ ਦਿੱਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦ੍ਰਿੜ ਸੰਕਲਪਿਤ ਹੈ ਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਹਰੇਕ ਸ਼ਖਸ ਨੂੰ ਕਰੜੇ ਹੱਥੀ ਨਜਿੱਠਿਆ ਜਾਵੇਗਾ।