ਭੁਲੱਥ ਪੁਲਸ ਨੇ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਨੌਜਵਾਨ ਫੜੇ
Thursday, Jun 26, 2025 - 01:05 PM (IST)

ਭੁਲੱਥ (ਰਜਿੰਦਰ) : 'ਯੁੱਧ ਨਸ਼ਿਆ ਵਿਰੁੱਧ' ਮੁਹਿੰਮ ਤਹਿਤ ਥਾਣਾ ਭੁਲੱਥ ਦੀ ਪੁਲਸ ਨੇ ਦੋ ਨੌਜਵਾਨਾਂ ਨੂੰ 11 ਗ੍ਰਾਮ ਹੈਰੋਇਨ ਅਤੇ 50 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਡੀ.ਐੱਸ.ਪੀ. ਭੁਲੱਥ ਕਰਨੈਲ ਸਿੰਘ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਐੱਸ.ਐੱਸ.ਪੀ. ਕਪੂਰਥਲਾ ਗੌਰਵ ਤੂਰਾ ਅਤੇ ਐੱਸ.ਪੀ. (ਡੀ) ਪ੍ਰਭਜੋਤ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾ ਹੇਠ ਸਬ ਡਵੀਜ਼ਨ ਭੁਲੱਥ ਵਿਚ 'ਯੁੱਧ ਨਸ਼ਿਆ ਵਿਰੁੱਧ' ਮੁਹਿੰਮ ਜਾਰੀ ਹੈ। ਇਸੇ ਤਹਿਤ ਥਾਣਾ ਭੁਲੱਥ ਦੇ ਐੱਸ. ਐੱਚ. ਓ. ਰਣਜੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਬ ਇੰਸਪੈਕਟਰ ਹਰਪਾਲ ਸਿੰਘ ਪੁਲਸ ਪਾਰਟੀ ਸਮੇਤ ਸਰਕਾਰੀ ਗੱਡੀ 'ਤੇ ਗਸ਼ਤ ਅਤੇ ਭੈੜੇ ਪੁਰਸ਼ਾਂ ਦੀ ਤਲਾਸ਼ ਦੇ ਸੰਬੰਧ ਵਿਚ ਪਿੰਡ ਬਾਗੜੀਆਂ ਤੋਂ ਡਰੇਨ ਬੰਨ੍ਹ 'ਤੇ ਪਿੰਡ ਬੋਪਾਰਾਏ ਸਾਈਡ ਨੂੰ ਜਾ ਰਹੇ ਸੀ।
ਇਸ ਦੌਰਾਨ ਜਦੋਂ ਪੁਲਸ ਪਾਰਟੀ ਕੱਚੇ ਰਸਤੇ ਤੋਂ ਕਰੀਬ 500 ਮੀਟਰ 'ਤੇ ਹੀ ਗਈ ਤਾਂ ਸਾਹਮਣੇ ਤੋਂ ਦੋ ਨੌਜਵਾਨ ਪੈਦਲ ਤੁਰੇ ਆਉਂਦੇ ਦਿਖਾਈ ਦਿੱਤੇ, ਜੋ ਪੁਲਸ ਪਾਰਟੀ ਨੂੰ ਦੇਖ ਕੇ ਆਪਣੀਆਂ-ਆਪਣੀਆਂ ਜੇਬਾਂ ਵਿਚੋਂ ਇਕ-ਇਕ ਲਿਫਾਫਾ ਬੰਨ੍ਹ ਦੇ ਕਿਨਾਰੇ ਸੁੱਟ ਕੇ ਬੰਨ੍ਹ ਤੋਂ ਹੇਠਾਂ ਖੇਤਾਂ ਵੱਲ ਨੂੰ ਕਾਹਲੀ-ਕਾਹਲੀ ਹੋ ਤੁਰੇ। ਪੁਲਸ ਨੇ ਇਨ੍ਹਾਂ ਨੂੰ ਸ਼ੱਕ ਦੀ ਬਿਨਾਹ 'ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਇਨ੍ਹਾਂ ਨੇ ਆਪਣਾ ਨਾਮ ਜਗਨਦੀਪ ਸਿੰਘ ਉਰਫ ਗੱਲੋ ਪੁੱਤਰ ਜੋਗਿੰਦਰ ਸਿੰਘ ਵਾਸੀ ਬਾਗੜੀਆਂ ਅਤੇ ਦੂਸਰੇ ਨੇ ਆਪਣਾ ਨਾਮ ਗੌਰਵ ਉਰਫ ਵੰਸ਼ ਪੁੱਤਰ ਜਰਨੈਲ ਸਿੰਘ ਵਾਸੀ ਬਾਗੜੀਆਂ ਥਾਣਾ ਭੁਲੱਥ ਦੱਸਿਆ। ਡੀ.ਐੱਸ.ਪੀ.ਭੁਲੱਥ ਨੇ ਦਸਿਆ ਕਿ ਉਕਤ ਨੌਜਵਾਨਾਂ ਵੱਲੋਂ ਸੁੱਟੇ ਗਏ ਲਿਫਾਫੇ ਜਦੋਂ ਚੈੱਕ ਕੀਤੇ ਗਏ ਤਾਂ ਇਨ੍ਹਾਂ ਵਿਚੋਂ 11 ਗ੍ਰਾਮ ਹੈਰੋਇਨ ਅਤੇ 50 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਜਿਸ ਉਪਰੰਤ ਇਨ੍ਹਾਂ ਦੋਵਾਂ ਨੌਜਵਾਨਾਂ ਖ਼ਿਲਾਫ ਥਾਣਾ ਭੁਲੱਥ ਵਿਖੇ 21-22/61/85 ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ।