ਪ੍ਰਵਾਸੀ ਪੰਜਾਬੀ ਵੱਲੋਂ ਆਪਣੇ ਕੈਨੇਡੀਅਨ ਪੁੱਤਰ ’ਤੇ ਧੋਖੇ ਨਾਲ ਕਰੋੜਾਂ ਰੁਪਏ ਦੀ ਜ਼ਮੀਨ ਵੇਚ ਕੇ ਪੈਸੇ ਹੜਪਣ ਦਾ ਦੋਸ਼
Friday, Jul 04, 2025 - 09:49 PM (IST)

ਮਾਛੀਵਾੜਾ ਸਾਹਿਬ (ਟੱਕਰ) : ਕੈਨੇਡਾ ਵਿਖੇ ਰਹਿੰਦੇ ਬਜ਼ੁਰਗ ਗੁਰਦਿਆਲ ਸਿੰਘ ਨੇ ਮਾਛੀਵਾੜਾ ਨੇੜੇ ਉਸਦੀ ਜੱਦੀ ਜ਼ਮੀਨ ਨੂੰ ਪੁੱਤਰ ਵਲੋਂ ਧੋਖੇ ਨਾਲ ਵੇਚ ਕੇ ਜਿੱਥੇ ਕਰੋੜਾਂ ਰੁਪਏ ਹੜਪਣ ਦੇ ਦੋਸ਼ ਲਗਾਏ ਹਨ। ਉੱਥੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਵੀ ਮੁਖਤਿਆਰਨਾਮਾ ਰੱਦ ਹੋਣ ਦੇ ਬਾਵਜ਼ੂਦ ਜ਼ਮੀਨ ਦੀ ਰਜਿਸਟਰੀ ਕਰਕੇ ਵੱਡੀ ਘਪਲੇਬਾਜ਼ੀ ਕੀਤੀ ਹੈ, ਉਸ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।
ਗੁਰਦਿਆਲ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿੰਡ ਮੁੰਡੀਆਂ ਦਾ ਰਹਿਣ ਵਾਲਾ ਹੈ ਪਰ ਉਸਦੀ ਮਾਛੀਵਾੜਾ ਨੇੜਲੇ ਪਿੰਡ ਰਾਜਗੜ੍ਹ ਵਿਖੇ ਕਰੀਬ 8 ਏਕੜ ਜੱਦੀ ਜ਼ਮੀਨ ਹੈ। ਕੁਝ ਸਾਲ ਪਹਿਲਾਂ ਉਹ ਆਪਣੇ ਪੁੱਤਰ ਹਰਫ਼ੂਲ ਸਿੰਘ ਨਾਲ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿਖੇ ਰਹਿ ਰਿਹਾ ਸੀ ਅਤੇ ਉਸਦੇ ਪੁੱਤਰ ਨੇ ਧੋਖੇ ਨਾਲ ਉਸ ਕੋਲੋਂ ਜ਼ਮੀਨ ਦਾ ਮੁਖਤਿਆਰਨਾਮਾ ਲੈ ਕੇ ਹੁਣ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਹੁਣ ਕੈਨੇਡਾ ਵਿਖੇ ਆਪਣੇ ਪੋਤਰੇ ਨਾਲ ਰਹਿ ਰਿਹਾ ਹੈ ਅਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਉਸਦਾ ਲੜਕਾ ਹਰਫ਼ੂਲ ਸਿੰਘ ਜਿਸ ਨੇ ਉਸ ਕੋਲੋਂ ਧੋਖੇ ਨਾਲ ਜ਼ਮੀਨ ਦਾ ਮੁਖਤਿਆਰਨਾਮਾ ਲਿਆ ਹੈ, ਉਸ ਨੂੰ ਵੇਚਣ ਲੱਗਾ ਹੈ ਜਿਸ ਸਬੰਧੀ ਉਸ ਨੇ ਮਾਛੀਵਾੜਾ ਸਬ ਤਹਿਸੀਲ ਵਿਖੇ ਈਮੇਲ ਰਾਹੀਂ ਜਿੱਥੇ ਇਸ ਮੁਖਤਿਆਰਨਾਮੇ ਦੀ ਵਰਤੋਂ ਨਾ ਕਰਨ ’ਤੇ ਸੂਚਿਤ ਕੀਤਾ ਅਤੇ ਨਾਲ ਹੀ ਮੁਖਤਿਆਰਨਾਮਾ ਰੱਦ ਕਰਨ ਦੇ ਦਸਤਾਵੇਜ਼ ਤਿਆਰ ਕਰ ਮਾਛੀਵਾੜਾ ਸਬ ਤਹਿਸੀਲ ਵਿਖੇ ਭੇਜ ਦਿੱਤੇ।
ਗੁਰਦਿਆਲ ਸਿੰਘ ਨੇ ਦੱਸਿਆ ਕਿ ਉਸ ਸਮੇਂ ਤਾਇਨਾਤ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਮਿਲੀਭੁਗਤ ਕਰ ਵੱਡੀ ਘਪਲੇਬਾਜ਼ੀ ਕਰਦਿਆਂ ਮੁਖਤਿਆਰਨਾਮਾ ਰੱਦ ਹੋਣ ਦੇ ਬਾਵਜ਼ੂਦ ਇਸ ਜ਼ਮੀਨ ਦੀ ਰਜਿਸਟਰੀ ਕਿਸੇ ਹੋਰ ਨਾਮ ਕਰਵਾ ਦਿੱਤੀ ਅਤੇ ਉਸਦੇ ਪੁੱਤਰ ਹਰਫ਼ੂਲ ਸਿੰਘ ਨੇ ਇਸ ਜ਼ਮੀਨ ਦੇ ਕਰੋੜਾਂ ਰੁਪਏ ਧੋਖਾਧੜੀ ਕਰ ਹੜਪ ਲਏ। ਪ੍ਰਵਾਸੀ ਪੰਜਾਬੀ ਗੁਰਦਿਆਲ ਸਿੰਘ ਨੇ ਆਪਣੇ ਨਾਲ ਹੋਈ ਧੋਖਾਧੜੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਸਬੰਧੀ ਮੁੱਖ ਮੰਤਰੀ ਪੰਜਾਬ, ਐੱਨ.ਆਰ.ਆਈ. ਵਿਭਾਗ ਦੇ ਕੈਬਨਿਟ ਮੰਤਰੀ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਮੰਗ ਕੀਤੀ ਕਿ ਇਹ ਰਜਿਸਟਰੀ ਤੁਰੰਤ ਰੱਦ ਕੀਤੀ ਜਾਵੇ ਅਤੇ ਨਾਲ ਹੀ ਜੋ ਇਸ ਘਪਲੇਬਾਜ਼ੀ ਵਿਚ ਮਾਲ ਵਿਭਾਗ ਦੇ ਅਧਿਕਾਰੀ ਸ਼ਾਮਲ ਹਨ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਐੱਸ.ਡੀ.ਐੱਮ. ਸਮਰਾਲਾ ਨੇ ਜ਼ਮੀਨ ਦੀ ਰਜਿਸਟਰੀ ਤੇ ਇੰਤਕਾਲ ’ਤੇ ਲਗਾਈ ਰੋਕ
ਪ੍ਰਵਾਸੀ ਪੰਜਾਬੀ ਗੁਰਦਿਆਲ ਸਿੰਘ ਨੇ ਆਪਣੇ ਨਾਲ ਹੋਈ ਧੋਖਾਧੜੀ ਦਾ ਮਾਮਲਾ ਜਦੋਂ ਐੱਸ.ਡੀ.ਐੱਮ. ਸਮਰਾਲਾ ਰਜਨੀਸ਼ ਅਰੋਡ਼ਾ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਮਾਲ ਵਿਭਾਗ ਨੂੰ ਹੁਕਮ ਜਾਰੀ ਕੀਤੇ ਕਿ ਇਹ 8 ਏਕੜ ਜ਼ਮੀਨ ਦੀ ਅੱਗੋਂ ਨਾ ਵਿਕਰੀ ਹੋ ਸਕੇ ਅਤੇ ਨਾ ਹੀ ਇਸ ਦਾ ਇੰਤਕਾਲ ਮਨਜ਼ੂਰ ਕੀਤਾ ਜਾਵੇ। ਗੁਰਦਿਆਲ ਸਿੰਘ ਨੇ ਐੱਸ.ਡੀ.ਐੱਮ. ਸਮਰਾਲਾ ਰਜਨੀਸ਼ ਅਰੋੜਾ ਵੱਲੋਂ ਕੀਤੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਇਸ ਉੱਚ ਅਧਿਕਾਰੀ ਨੇ ਉਨ੍ਹਾਂ ਦੀ ਸੁਣਵਾਈ ਕੀਤੀ ਪਰ ਮਾਛੀਵਾੜਾ ਸਬ ਤਹਿਸੀਲ ਵਿਖੇ ਅਧਿਕਾਰੀਆਂ ਨੇ ਵਾਰ-ਵਾਰ ਈਮੇਲ ਕਰਨ ਦੇ ਬਾਵਜ਼ੂਦ ਤੇ ਮੁਖਤਿਆਰਨਾਮਾ ਰੱਦ ਕਰਨ ਦੀ ਸੂਚਨਾ ਦੇਣ ਦੇ ਬਾਵਜ਼ੂਦ ਵੀ ਰਜਿਸਟਰੀ ਕਰਕੇ ਵੱਡੀ ਘਪਲੇਬਾਜ਼ੀ ਤੇ ਮਿਲੀਭੁਗਤ ਸਾਹਮਣੇ ਆਈ ਹੈ ਜਿਸ ਦੀ ਜਾਂਚ ਬਹੁਤ ਜ਼ਰੂਰੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਇਸ ਸਬੰਧੀ ਐੱਸਡੀਐੱਮ ਰਜਨੀਸ਼ ਅਰੋੜਾ ਨੇ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਰਦਿਆਲ ਸਿੰਘ ਨਾਲ ਧੱਕਾ ਹੋਇਆ, ਉਸਦੀ ਜ਼ਮੀਨ ਦੀ ਰਜਿਸਟਰੀ ਗਲਤ ਕੀਤੀ ਗਈ। ਇਸ ਕਰਕੇ ਉਨ੍ਹਾਂ ਹੁਕਮ ਜਾਰੀ ਕੀਤੇ ਕਿ ਨਾ ਹੀ ਜ਼ਮੀਨ ਦਾ ਇੰਤਕਾਲ ਮਨਜ਼ੂਰ ਕੀਤਾ ਜਾਵੇ ਅਤੇ ਨਾ ਹੀ ਇਸ ਦੀ ਵਿਕਰੀ ਕੀਤੀ ਜਾਵੇ। ਉਨ੍ਹਾਂ ਕਿਹਾ ਬਾਕੀ ਮਾਣਯੋਗ ਅਦਾਲਤ ਵਿਚ ਦੋਵਾਂ ਧਿਰਾਂ ਵਲੋਂ ਜ਼ਮੀਨ ਸਬੰਧੀ ਕੇਸ ਦਾਇਰ ਕੀਤਾ ਹੈ ਜਿਸ ਸਬੰਧੀ ਜੋ ਵੀ ਫੈਸਲਾ ਹੋਵੇਗਾ ਉਹ ਮਨਜ਼ੂਰ ਹੋਵੇਗਾ।
ਹੈਰਾਨੀ ਦੀ ਗੱਲ, ਉਸ ਦਿਨ ਬੱਸ ਇੱਕ ਰਜਿਸਟਰੀ ਹੀ ਤਹਿਸੀਲ ’ਚ ਹੋਈ
ਗੁਰਦਿਆਲ ਸਿੰਘ ਵਲੋਂ ਮਾਛੀਵਾੜਾ ਸਬ-ਤਹਿਸੀਲ ਵਿਖੇ ਤਾਇਨਾਤ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਈ-ਮੇਲ ਰਾਹੀਂ ਸੂਚਿਤ ਕਰਨ ਅਤੇ ਮੁਖਤਿਆਰਨਾਮਾ ਰੱਦ ਕਰਨ ਦੇ ਬਾਵਜ਼ੂਦ ਵੀ ਦੂਸਰੇ ਦਿਨ ਇਸ ਜ਼ਮੀਨ ਦੀ ਰਜਿਸਟਰੀ ਕਰ ਦਿੱਤੀ ਗਈ। ਹੈਰਾਨੀ ਦੀ ਗੱਲ ਹੈ ਕਿ 13-3-2025 ਨੂੰ ਮਾਛੀਵਾੜਾ ਸਬ-ਤਹਿਸੀਲ ਵਿਚ ਕੇਵਲ ਇੱਕ ਹੀ ਰਜਿਸਟਰੀ ਹੋਈ ਕਿਉਂਕਿ ਉਸ ਦਿਨ ਅਧਿਕਾਰੀ ਸਪੈਸ਼ਲ ਇੱਕ ਰਜਿਸਟਰੀ ਕਰਨ ਲਈ ਹੀ ਤਹਿਸੀਲ ਵਿਖੇ ਆਇਆ ਜਦਕਿ ਨਿਰਧਾਰਿਤ ਕੀਤੇ ਦਿਨਾਂ ਵਿਚ ਮਾਛੀਵਾੜਾ ਸਬ ਤਹਿਸੀਲ ਵਿਚ ਕਈ ਰਜਿਸਟਰੀਆਂ ਹੁੰਦੀਆਂ ਹਨ। ਮਾਛੀਵਾੜਾ ਸਬ ਤਹਿਸੀਲ ਵਿਚ 13-3-2025 ਨੂੰ ਇੱਕ ਰਜਿਸਟਰੀ ਹੋਣਾ ਕਈ ਸ਼ੰਕੇ ਖੜੇ ਕਰਦਾ ਹੈ ਕਿ ਕਿਤੇ ਨਾ ਕਿਤੇ ਕੋਈ ਘਪਲੇਬਾਜ਼ੀ ਜਾਂ ਗੋਲਮੋਲ ਜ਼ਰੂਰ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਲੁਧਿਆਣਾ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਕਿਸੇ ਅਧਿਕਾਰੀ ਦਾ ਫੋਨ ਆਇਆ ਕਿ ਰਜਿਸਟਰੀ ਅੱਜ ਹੀ ਜ਼ਰੂਰੀ ਕੀਤੀ ਜਾਵੇ ਜਿਸ ਤੋਂ ਬਾਅਦ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਰਜਿਸਟਰੀ ਕੀਤੀ। ਹੁਣ ਇਹ ਫੋਨ ਕਰਨ ਵਾਲਾ ਅਧਿਕਾਰੀ ਕੌਣ ਹੈ, ਉਸਦਾ ਇਸ ਜ਼ਮੀਨ ਦੀ ਸਪੈਸ਼ਲ ਰਜਿਸਟਰੀ ਕਰਵਾਉਣ ਪਿੱਛੇ ਕੀ ਉਦੇਸ਼ ਹੈ ਇਹ ਵੀ ਜਾਂਚ ਦਾ ਵਿਸ਼ਾ ਹੈ।
ਜ਼ਮੀਨ ਵੇਚਣ ਤੇ ਖਰੀਦਣ ਵਾਲੇ ਨੇ ਗਲਤ ਤੱਥ ਪੇਸ਼ ਕਰਕੇ ਰਜਿਸਟਰੀ ਕਰਵਾਈ: ਅਧਿਕਾਰੀ
ਜਦੋਂ ਇਸ 8 ਏਕੜ ਜ਼ਮੀਨ ਦੀ ਰਜਿਸਟਰੀ ਸਬੰਧੀ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਰਜਿਸਟਰੀ ਕਰਨ ਵਾਲੇ ਨਾਇਬ ਤਹਿਸੀਲਦਾਰ ਦਾ ਤਬਾਦਲਾ ਹੋ ਚੁੱਕਾ ਸੀ ਪਰ ਰਜਿਸਟਰੀ ਕਲਰਕ ਰਾਜਵੀਰ ਸਿੰਘ ਨੇ ਦੱਸਿਆ ਕਿ ਇਹ 8 ਏਕੜ ਜ਼ਮੀਨ ਵੇਚਣ ਤੇ ਖਰੀਦਣ ਵਾਲੇ ਨੇ ਗਲਤ ਤੱਥ ਪੇਸ਼ ਕਰਕੇ ਰਜਿਸਟਰੀ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਮਾਛੀਵਾੜਾ ਸਬ ਤਹਿਸੀਲ ਵਲੋਂ ਇਸ ਜ਼ਮੀਨ ਨੂੰ ਵੇਚਣ ਤੇ ਖਰੀਦਣ ਵਾਲਿਆਂ ਖਿਲਾਫ਼ ਪੁਲਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਨੂੰ ਦਰਖਾਸਤ ਦਿੱਤੀ ਹੈ ਕਿ ਉਕਤ ਵਿਅਕਤੀਆਂ ਨੇ ਗੁੰਮਰਾਹ ਕਰਕੇ ਰਜਿਸਟਰੀ ਕਰਵਾਈ ਹੈ ਜਿਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e