ਓਵਰਲੋਡ ਟਰੈਕਟਰ-ਟਰਾਲੀ ਅਤੇ ਛੋਟੇ ਹਾਥੀ ਦੀ ਟੱਕਰ, ਇਕ ਦੀ ਮੌਤ
Sunday, Jul 06, 2025 - 03:22 PM (IST)

ਗੁਰੂਹਰਸਹਾਏ (ਸਿਕਰੀ) : ਇੱਥੇ ਲੱਖੋਕੇ ਬਹਿਰਾਮ ਦੇ ਅਧੀਨ ਆਉਂਦੇ ਕਿੱਲੀਵਾਲਾ ਮੋੜ ਕੋਲ ਝੋਨੇ ਦੀ ਪਰਾਲੀ ਨਾਲ ਓਵਰਲੋਡ ਟਰੈਕਟਰ-ਟਰਾਲੀ ਅਤੇ ਇਕ ਛੋਟੇ ਹਾਥੀ, ਜਿਸ ਵਿਚ ਡੰਗਰ ਸਨ, ਦੀ ਆਪਸ 'ਚ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਅਤੇ ਇਕ ਵਿਅਕਤੀ ਦੇ ਜ਼ਖਮੀ ਹੋਣ ਦੀ ਖ਼ਬਰ ਹੈ, ਜਦੋਂ ਕਿ ਛੋਟੇ ਹਾਥੀ ਵਿਚ ਲੱਦੇ ਹੋਏ ਡੰਗਰਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਲੱਖੋਕੇ ਬਹਿਰਾਮ ਪੁਲਸ ਨੇ ਅਣਪਛਾਤੇ ਟਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਲਵਪ੍ਰੀਤ ਪੁੱਤਰ ਜੋਗਿੰਦਰ ਵਾਸੀ ਖਾਈ ਫੇਮੇ ਕੀ ਨੇ ਦੱਸਿਆ ਕਿ ਮਿਤੀ 4 ਜੁਲਾਈ, 2025 ਨੂੰ ਉਸ ਦਾ ਪਿਤਾ ਆਪਣੇ ਛੋਟੇ ਹਾਥੀ ’ਤੇ ਮੱਝਾਂ ਲੋਡ ਕਰਕੇ ਹਿੰਦੂਮਲ ਕੋਟ ਤੋਂ ਫਿਰੋਜ਼ਪੁਰ ਆ ਰਿਹਾ ਸੀ। ਜਦ ਕਿੱਲੀਵਾਲੇ ਮੋੜ ਤੋਂ ਥੋੜ੍ਹਾ ਅੱਗੇ ਪਹੁੰਚੇ ਤਾਂ ਸਾਹਮਣੇ ਤੋਂ ਇਕ ਟਰੈਕਟਰ ਸਮੇਤ ਟਰਾਲੀ, ਜਿਸ ਵਿਚ ਝੋਨੇ ਦੀ ਪਰਾਲੀ ਦੀਆਂ ਓਵਰਲੋਡ ਗੱਠਾਂ ਲੋਡ ਸਨ, ਤੇਜ਼ ਅਤੇ ਲਾਪਰਵਾਹੀ ਨਾਲ ਆ ਰਿਹਾ ਸੀ। ਲਵਪ੍ਰੀਤ ਨੇ ਦੱਸਿਆ ਕਿ ਹਨ੍ਹੇਰਾ ਹੋਣ ਕਾਰਨ ਉਸ ਦੇ ਪਿਤਾ ਦਾ ਛੋਟਾ ਹਾਥੀ, ਟਰਾਲੀ ਦੀ ਸਾਈਡ ਨਾਲ ਟਕਰਾ ਗਿਆ, ਜਿਸ ਕਾਰਨ ਉਸ ਦੇ ਪਿਤਾ ਜੋਗਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਲਖਵਿੰਦਰ ਸਿੰਘ ਦੇ ਵੀ ਕਾਫੀ ਸੱਟਾਂ ਲੱਗੀਆਂ।
ਇਸ ਦੇ ਨਾਲ ਹੀ ਮੱਝਾਂ ਅਤੇ ਕੱਟਾ ਵੀ ਮੌਕੇ ’ਤੇ ਹੀ ਖ਼ਤਮ ਹੋ ਗਿਆ ਸੀ ਅਤੇ ਛੋਟੇ ਹਾਥੀ ਦਾ ਵੀ ਕਾਫੀ ਨੁਕਸਾਨ ਹੋ ਗਿਆ। ਲਵਪ੍ਰੀਤ ਨੇ ਦੱਸਿਆ ਕਿ ਅਣਪਛਾਤਾ ਟਰੈਕਟਰ ਦਾ ਡਰਾਈਵਰ ਹਨ੍ਹੇਰੇ ਦਾ ਫ਼ਾਇਦਾ ਚੁੱਕ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਟਰੈਕਟਰ-ਟਰਾਲੀ ਚਾਲਕ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।