ਮੁੱਖ ਅਧਿਆਪਕਾ ਨੂੰ ਧਮਕੀ ਦੇ ਕੇ 25000 ਰੁਪਏ ਠੱਗੇ
Wednesday, Jun 25, 2025 - 04:15 PM (IST)

ਬਠਿੰਡਾ (ਸੁਖਵਿੰਦਰ) : ਇਕ ਅਣਪਛਾਤੇ ਵਿਅਕਤੀ ਨੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਦੀ ਮੁੱਖ ਅਧਿਆਪਕਾ ਨੂੰ ਧਮਕੀ ਦੇ ਕੇ 25000 ਰੁਪਏ ਦੀ ਠੱਗੀ ਮਾਰ ਲਈ। ਸਾਈਬਰ ਕ੍ਰਾਈਮ ਸੈੱਲ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁੱਖ ਅਧਿਆਪਕਾ ਰਮਨਪ੍ਰੀਤ ਕੌਰ ਨੇ ਸਾਈਬਰ ਕ੍ਰਾਈਮ ਸੈੱਲ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਕੁਝ ਦਿਨ ਪਹਿਲਾਂ ਇਕ ਅਣਪਛਾਤੇ ਵਿਅਕਤੀ ਨੇ ਉਸ ਨੂੰ ਫ਼ੋਨ ਕਰਕੇ ਦੱਸਿਆ ਕਿ ਸਕੂਲ ਲਈ 50000 ਰੁਪਏ ਦੀ ਗ੍ਰਾਂਟ ਆਈ ਹੈ, ਜਿਸ ਵਿਚੋਂ ਸਿਰਫ਼ ਅੱਧੀ ਗ੍ਰਾਂਟ ਕੰਮ ''ਤੇ ਖਰਚ ਹੋਈ ਹੈ ਅਤੇ ਬਾਕੀ ਅੱਧੀ ਖੁਰਦ ਬੁਰਦ ਕਰ ਦਿੱਤੀ ਗਈ।
ਫ਼ੋਨ ਕਰਨ ਵਾਲੇ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਅੱਧੀ ਰਕਮ ਉਸ ਵਲੋਂ ਦੱਸੇ ਗਏ ਖਾਤੇ ਵਿਚ ਜਮ੍ਹਾ ਨਹੀਂ ਕਰਵਾਈ ਗਈ ਤਾਂ ਉਸ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਡਰ ਦੇ ਮਾਰੇ ਉਸ ਨੇ ਅੱਧੀ ਰਕਮ ਯਾਨੀ 25000 ਰੁਪਏ ਉਸ ਵਲੋਂ ਦੱਸੇ ਗਏ ਖਾਤੇ ਵਿਚ ਜਮ੍ਹਾ ਕਰਵਾ ਦਿੱਤੇ। ਅਜਿਹਾ ਕਰਕੇ ਮੁਲਜ਼ਮ ਨੇ ਉਸ ਨਾਲ ਠੱਗੀ ਕੀਤੀ। ਸ਼ਿਕਾਇਤ ਦੇ ਆਧਾਰ ''ਤੇ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।