ਅਜੋਕੇ ਸਮੇਂ ਬੱਚਿਆਂ ''ਚ ਵਧ ਰਹੀ ਨੈਤਿਕ ਕਦਰਾਂ-ਕੀਮਤਾਂ ਦੀ ਘਾਟ ਅਤੇ ਹੱਲ

Saturday, May 27, 2023 - 08:19 PM (IST)

ਅਜੋਕੇ ਸਮੇਂ ਬੱਚਿਆਂ ''ਚ ਵਧ ਰਹੀ ਨੈਤਿਕ ਕਦਰਾਂ-ਕੀਮਤਾਂ ਦੀ ਘਾਟ ਅਤੇ ਹੱਲ

ਨੈਤਿਕ ਕਦਰਾਂ-ਕੀਮਤਾਂ (Ethical Norms-Values) ਮਨੁੱਖੀ ਜੀਵਨ ਨੂੰ ਆਦਰਸ਼ ਅਤੇ ਸਫਲਤਾ ਵੱਲ ਲਿਜਾਣ ਦਾ ਇਕ ਅਹਿਮ ਸਾਧਨ ਹਨ। ਇਨ੍ਹਾਂ ਦਾ ਸਬੰਧ ਵਿਅਕਤੀ ਦੇ ਆਚਰਣ ਨਾਲ ਹੈ। ਇਹ ਮਨੁੱਖੀ ਵਿਵਹਾਰ ਦਾ ਵਿਸ਼ੇਸ਼ ਅਤੇ ਮਹੱਤਵਪੂਰਣ ਲੱਛਣ ਹਨ, ਜਿਨ੍ਹਾਂ ਦੁਆਰਾ ਵਿਅਕਤੀ ਗਲਤ ਅਤੇ ਠੀਕ 'ਚੋਂ ਠੀਕ ਨੂੰ ਚੁਣ ਕੇ ਉਸ ਅਨੁਸਾਰ ਵਿਵਹਾਰ ਕਰਦਾ ਹੈ। ਨੈਤਿਕਤਾ ਉਹ ਖਜ਼ਾਨਾ ਹੈ, ਜਿਸ ਨਾਲ ਵਿਅਕਤੀ ਸਮਾਜ ਵਿੱਚ ਆਦਰ-ਮਾਣ ਅਤੇ ਪਹਿਚਾਣ ਪ੍ਰਾਪਤ ਕਰਦਾ ਹੈ।

ਇਸ ਨਾਲ ਵਿਅਕਤੀ ਦੂਜਿਆਂ ਨਾਲ ਆਦਰ-ਸਤਿਕਾਰ ਨਾਲ ਵਿਚਰਣ ਦੇ ਢੰਗ, ਹਮਦਰਦੀ ਰੱਖਣਾ, ਮਨ ਵਿੱਚ ਸਬਰ ਅਤੇ ਸਹਿਜਤਾ ਰੱਖਣਾ, ਸੱਚਾਈ 'ਤੇ ਡਟੇ ਰਹਿਣਾ, ਇਮਾਨਦਾਰ, ਆਗਿਆਕਾਰੀ, ਅਨੁਸ਼ਾਸਨ 'ਚ ਰਹਿਣਾ, ਜ਼ਿੰਮੇਵਾਰ ਅਤੇ ਮਿਹਨਤੀ ਬਣਨਾ, ਸਹਿਯੋਗ ਦੇਣਾ ਆਦਿ ਚੰਗੀਆਂ ਆਦਤਾਂ ਸਿੱਖਦਾ ਹੈ। ਨੈਤਿਕ ਕਦਰਾਂ-ਕੀਮਤਾਂ ਦੇ ਨਿਯਮ ਸਮਾਜ ਦਾ ਅਧਾਰ ਹੁੰਦੇ ਹਨ, ਜਿਨ੍ਹਾਂ ਦੀ ਉਲੰਘਣਾ ਨਾਲ ਸਮਾਜਿਕ-ਵਿਵਸਥਾ ਵਿੱਚ ਅਸੰਤੁਲਨ ਪੈਦਾ ਹੁੰਦਾ ਹੈ। ਅਜੋਕੇ ਆਧੁਨਿਕ ਸਮੇਂ ਬੱਚਿਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਸਬੰਧੀ ਇਕ ਬਹੁਤ ਵੱਡੀ ਘਾਟ ਦੇਖਣ ਨੂੰ ਮਿਲ ਰਹੀ ਹੈ। ਇਸ ਦਾ ਕਾਰਨ ਭੌਤਿਕ ਇੱਛਾਵਾਂ ਦੀ ਗਲਤ ਢੰਗ ਨਾਲ ਪ੍ਰਾਪਤੀ ਕਰਨਾ ਹੈ, ਜਿਸ ਨਾਲ ਬੱਚਾ ਸਮਾਜ ਵਿਰੋਧੀ (ਵਿਚਲਿਤ) ਵਿਵਹਾਰ ਕਰਨਾ ਸ਼ੂਰੂ ਕਰ ਦਿੰਦਾ ਹੈ।

ਨਤੀਜਾ ਸਮਾਜ ਵਿੱਚ ਅਸਥਿਰਤਾ ਅਤੇ ਬੁਰੀਆਂ ਘਟਨਾਵਾਂ ਵਧਦੀਆਂ ਚਲੇ ਜਾਂਦੀਆਂ ਹਨ। ਇਸ ਦੇ ਲਈ ਪਰਿਵਾਰ, ਸਿੱਖਿਅਕ ਸੰਸਥਾਵਾਂ ਅਤੇ ਸਮਾਜ ਦਾ ਹਰ ਉਹ ਵਿਅਕਤੀ ਜ਼ਿੰਮੇਵਾਰ ਹੈ, ਜੋ ਆਪਣੀ ਜ਼ਿੰਦਗੀ ਦੇ ਤਜਰਬਿਆਂ ਤੋਂ ਪ੍ਰਾਪਤ ਕੀਤੀ ਸਦਾਚਾਰਤਾ ਦਾ ਬੱਚਿਆਂ ਵਿੱਚ ਪ੍ਰਸਾਰ ਨਹੀਂ ਕਰਦਾ ਕਿਉਂਕਿ ਸਮਾਜੀਕਰਣ ਦੀ ਪ੍ਰਕਿਰਿਆ ਦੇ ਤਹਿਤ ਬੱਚਾ ਸਮਾਜ ਵਿੱਚੋਂ ਹੀ ਦੇਖ ਕੇ ਬਹੁਤ ਕੁਝ ਸਿੱਖਦਾ ਹੈ। ਦੂਜਾ, ਅੱਜ-ਕੱਲ੍ਹ ਬੱਚੇ ਖੁਦ ਵੀ ਆਪਣੇ ਮਾਪਿਆਂ ਅਤੇ ਖਾਸ ਕਰਕੇ ਬਜ਼ੁਰਗਾਂ ਕੋਲ ਬੈਠ ਕੇ ਉਨ੍ਹਾਂ ਨਾਲ ਕੁਝ ਸਮਾਂ ਬਿਤਾਉਣ ਦੀ ਥਾਂ ਮੋਬਾਇਲ 'ਤੇ ਗੇਮਾਂ ਅਤੇ ਸੋਸ਼ਲ ਮੀਡੀਆ ਜਿਵੇਂ ਸਨੈਪਚੈਟ, ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਆਦਿ ਦੀ ਵਰਤੋਂ ਨੂੰ ਜ਼ਿਆਦਾ ਪਹਿਲ ਦੇਣ ਲੱਗ ਪਏ ਹਨ। ਇਸ ਪਾੜੇ (Gap) ਕਾਰਨ ਨਵੀਂ ਪੀੜ੍ਹੀ ਆਪਣੀ ਪੁਰਾਣੀ ਪੀੜ੍ਹੀ ਤੋਂ ਤਜਰਬਾ-ਪ੍ਰਾਪਤ ਗਿਆਨ ਅਤੇ ਸੰਸਕਾਰ ਹਾਸਲ ਨਹੀਂ ਕਰ ਪਾਉਂਦੀ।

ਸਾਰੇ ਮਾਪੇ ਚਾਹੁੰਦੇ ਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਦੇ ਸਰੀਰਕ ਵਿਕਾਸ ਦੇ ਨਾਲ-ਨਾਲ ਸ਼ਖਸੀਅਤ ਦਾ ਵਿਕਾਸ ਵੀ ਹੋਵੇ। ਉਹ ਆਪ ਵੀ ਆਪਣੇ ਬੱਚੇ ਦਾ ਕਿਰਦਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜੇਕਰ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਚੰਗੇ ਇਨਸਾਨ ਬਣਨ ਤਾਂ ਉਹ ਦੋਸਤ ਦੀ ਤਰ੍ਹਾਂ ਆਪਣੇ ਬੱਚਿਆਂ ਨਾਲ ਵਿਵਹਾਰ ਕਰਦਿਆਂ ਉਨ੍ਹਾਂ ਨੂੰ ਸਹੀ ਅਤੇ ਗਲਤ ਬਾਰੇ ਸਮਝਾਉਣ। ਦੂਜਾ, ਬੱਚਿਆਂ ਨੂੰ ਖੁਦ ਵੀ ਆਪਣੇ ਮਨ ਉੱਪਰ ਕਾਬੂ ਰੱਖਣਾ ਹੋਵੇਗਾ। ਅਮਰੀਕਾ ਦੇ ਬਿਲੀ ਗ੍ਰਾਹਮ ਨਾਂ ਦੇ ਇਕ ਪ੍ਰਚਾਰਕ ਅਨੁਸਾਰ, “ਜੇਕਰ ਦੌਲਤ ਗੁਆਚ ਜਾਵੇ ਤਾਂ ਸਮਝੋ ਕੁਝ ਖਤਮ ਨਹੀਂ ਹੋਇਆ, ਜੇਕਰ ਸਿਹਤ ਗੁਆਚ ਜਾਵੇ ਤਾਂ ਸਮਝੋ ਕੁਝ ਖਤਮ ਹੋ ਗਿਆ ਪਰ ਜੇਕਰ ਚਰਿੱਤਰ ਖਤਮ ਹੋ ਜਾਵੇ ਤਾਂ ਸਮਝੋ ਸਭ ਕੁਝ ਖਤਮ ਹੋ ਗਿਆ।”

ਵਿਦਿਅਕ ਯੋਗਤਾ ਅਤੇ ਗਿਆਨ ਭਾਵੇਂ ਮਨੁੱਖੀ ਜੀਵਨ ਲਈ ਮਹੱਤਵਪੂਰਨ ਹਨ ਪਰ ਇਕ ਚੰਗਾ ਚਰਿੱਤਰ ਇਨ੍ਹਾਂ ਤੋਂ ਵੀ ਵੱਧ ਜ਼ਰੂਰੀ ਹੈ, ਜਿਸ ਨਾਲ ਵਿਅਕਤੀ ਦੀ ਸ਼ਖਸੀਅਤ ਬਣਦੀ ਹੈ। ਨੈਤਿਕ ਕਦਰਾਂ-ਕੀਮਤਾਂ ਸਾਡੇ ਲਈ ਸਮਾਜ ਵਿੱਚ ਮਜ਼ਬੂਤ ਜੜ੍ਹਾਂ ਦਾ ਕੰਮ ਕਰਦੀਆਂ ਹਨ। ਸ਼ੁਰੂਆਤੀ ਬਚਪਨ ਦਾ ਸਮਾਂ ਬੱਚੇ ਦੇ ਚਰਿੱਤਰ ਨਿਰਮਾਣ ਅਤੇ ਨੈਤਿਕਤਾ ਨੂੰ ਸਿੱਖਣ ਦਾ ਸਹੀ ਸਮਾਂ ਹੁੰਦਾ ਹੈ। ਬਚਪਨ ਦੀ ਸਿੱਖਿਆ ਸਾਰੀ ਉਮਰ ਬੱਚੇ ਦੇ ਨਾਲ ਰਹਿੰਦੀ ਅਤੇ ਕੰਮ ਆਉਂਦੀ ਹੈ। ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਅਤੇ ਕੰਮ ਕਰਨ ਤੇ ਦੂਜਾ, ਕੋਰੋਨਾ ਕਾਲ ਕਾਰਨ ਪੰਜਾਬ ਵਿੱਚ ਸਿੱਖਿਆ ਦਾ ਮਿਆਰ ਕਾਫੀ ਹੇਠਾਂ ਚਲਾ ਗਿਆ ਹੈ। ਨਤੀਜਾ, ਅਧਿਆਪਕ-ਵਿਦਿਆਰਥੀ ਸੰਬੰਧ ਕਮਜ਼ੋਰ ਪੈ ਗਏ ਹਨ।

ਇਸ ਦੀ ਪੂਰਤੀ ਲਈ ਅਜੋਕੇ ਸਮੇਂ ਵਿੱਚ ਸਕੂਲਾਂ-ਕਾਲਜਾਂ 'ਚ ਨੈਤਿਕ ਸਿੱਖਿਆ 'ਤੇ ਸੈਮੀਨਾਰ ਕਰਵਾਉਣੇ ਬਹੁਤ ਲਾਜ਼ਮੀ ਹਨ, ਜੇ ਹੋ ਸਕੇ ਤਾਂ ਸਕੂਲਾਂ-ਕਾਲਜਾਂ ਵਿੱਚ ਘੱਟ ਸਮੇਂ ਦੇ ਕੋਰਸ (Short Term) ਸ਼ੁਰੂ ਕਰਨੇ ਚਾਹੀਦੇ ਹਨ ਤਾਂ ਜੋ ਵਿਦਿਆਰਥੀ ਭਵਿੱਖ ਲਈ ਆਦਰਸ਼ਮਈ ਜੀਵਨ-ਜਾਚ ਸਿੱਖ ਸਕਣ। ਨਾਲ ਹੀ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਬਚਪਨ ਤੋਂ ਹੀ ਆਪਣੇ ਬੱਚਿਆਂ ਵਿੱਚ ਦਿਆਲਤਾ, ਨਿਮਰਤਾ, ਇਮਾਨਦਾਰੀ, ਸਮਾਨਤਾ, ਘਰ ਤੋਂ ਸਕੂਲ ਜਾਣ-ਆਉਣ ਵੇਲੇ ਵੱਡਿਆਂ ਦੇ ਪੈਰੀਂ ਹੱਥ ਲਾਉਣਾ ਅਤੇ ਉਨ੍ਹਾਂ ਨੂੰ ਜੱਫੀ ਪਾ ਕੇ ਮਿਲਣਾ ਆਦਿ ਵਰਗੇ ਸੰਸਕਾਰ ਪਾਉਣ, ਜੋ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਵਿੱਚ ਸਹੀ ਮਾਰਗ-ਦਰਸ਼ਨ ਕਰ ਸਕਣ। ਜੇਕਰ ਸਾਰੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਚੰਗੇ ਇਨਸਾਨ ਬਣਨ ਤਾਂ ਆਓ, ਹੁਣ ਤੋਂ ਹੀ ਨੈਤਿਕ ਕਦਰਾਂ-ਕੀਮਤਾਂ ਨੂੰ ਆਪਣੇ ਬੱਚਿਆਂ ਦੇ ਜੀਵਨ ਦਾ ਹਿੱਸਾ ਬਣਾਈਏ ਤਾਂ ਹੀ ਇਕ ਨਰੋਏ ਸਮਾਜ ਦੀ ਸਥਾਪਨਾ ਹੋਵੇਗੀ।

-ਡਾ. ਗੁਰਪ੍ਰੀਤ ਸਿੰਘ


author

Mukesh

Content Editor

Related News