ਸਾਡੇ ਸਮਿਆਂ ਦੀ ਫਰਿੱਜ ''ਜਾਲੀ/ਡੋਲੀ''

08/27/2020 3:57:38 PM

ਜਦੋਂ ਸੁਰਤ ਸੰਭਲੀ ਤਾਂ ਸਾਡੇ ਘਰ ਇਹ ਡੋਲੀ ਵੇਖੀ। ਮਾਂ ਬੜਾ ਸਾਂਭ ਕੇ ਰੱਖਦੀ ਜਾਲੀ ਨੂੰ , ਨਾਲੇ ਦੱਸਦੀ ਇਹ ਮੈਂ ਬੱਬੀ ਦੇ ਸ਼ੂਸ਼ਕ 'ਚ ਲੈ ਕੇ ਆਈ ਸੀ। ਜ਼ਿਆਦਾਤਰ  ਜਾਲੀ ਜਾਂ ਡੋਲੀ ਲੱਕੜ ਦੀ ਬਣੀ ਹੁੰਦੀ। ਪਿਛਲਾ ਪਾਸਾ ਬੰਦ ,ਆਲੇ-ਦੁਆਲੇ ਜਾਲੀ ਤੇ ਦਰਵਾਜ਼ਾ ਵੀ ਜਾਲੀ ਦਾ ਹੁੰਦਾ ਸੀ। ਦਰਵਾਜ਼ੇ ਨੂੰ ਕੁੰਡੀ ਲੱਗੀ ਹੁੰਦੀ ਤੇ ਉਸ ਵਿਚ ਕੀਲੀ ਅੜਾ ਦਿੱਤੀ ਜਾਂਦੀ ।

ਇਸ ਵਿਚ ਚਾਹ ਲਈ ਦੁੱਧ, ਦਹੀਂ  ,ਮੱਖਣ, ਘਿਓ ਬਚਿਆ ਹੋਇਆ ਸਾਗ,ਦਾਲ,ਸਬਜ਼ੀ ਤੇ ਆਟਾ ਆਦਿ ਰੱਖਿਆ ਜਾਂਦਾ  ਸੀ ਤੇ ਇਕ ਤਰ੍ਹਾਂ ਨਾਲ ਇਹ ਉਦੋਂ  ਫਰਿੱਜ ਦਾ ਕੰਮ ਦਿੰਦੀ ਸੀ। ਬਿੱਲੀ, ਚੂਹੇ ਆਦਿ ਤੋਂ ਵੀ ਚੀਜ਼ ਸੁਰੱਖਿਅਤ ਪਈ ਰਹਿੰਦੀ ਸੀ। ਮੱਛਰ ,ਮੱਖੀ ਤੋਂ ਵੀ ਚੀਜ਼ਾਂ ਨੂੰ ਬਚਾਉਂਦੀ ਸੀ ਡੋਲੀ। ਜਾਲੀ ਵੀ ਘਰ ਦਾ ਸ਼ਿੰਗਾਰ ਸਮਝੀ ਜਾਂਦੀ ਸੀ। ਇਹਦੇ ਵਿਚ ਇਕ ਦਰਾਜ ਹੁੰਦਾ ਸੀ, ਉਹਦੇ ਵਿੱਚ ਬਹੁਤ ਚੀਜ਼ਾਂ ਸਾਂਭ ਦਿੱਤੀਆਂ  ਜਾਂਦੀਆਂ  ,ਉਦੋਂ  ਕਿਹੜਾ ਘਰਾਂ ਚ ਅਲਮਾਰੀਆਂ ਹੁੰਦੀਆਂ ਸੀ। ਦਰਾਜ ਵੀ ਇਕ ਤਰ੍ਹਾਂ ਨਾਲ ਖਜਾਨਾ ਹੁੰਦਾ ਸੀ।

ਜੇ ਕਿਸੇ ਦੇ ਘਰ ਜਾਲੀ ਨਾ ਹੋਣੀ ਤਾਂ ਕਈ ਬੀਬੀਆਂ ਨੇ ਕਹਿਣਾ, ਲੈ ਕੁੜੇ ਥੋਡੇ  ਡੋਲੀ ਵੀ ਨੀ,ਨਾ ਭੈਣੇ ਡੋਲੀ ਬਿਨਾਂ ਤਾਂ ਔਖਾ, ਕਿਵੇਂ  ਸਰਦਾ? ਮਤਲਬ  ਕਿੰਨੀ ਅਹਿਮੀਅਤ ਸੀ ਡੋਲੀ ਦੀ ਪਰ ਫਰਿੱਜ ਦੇ ਘਰਾਂ 'ਚ ਆਉਣ ਕਰਕੇ ਇਹਦੀ ਕਦਰ ਕਾਫੀ ਘੱਟ ਗਈ। ਕਈ ਘਰਾਂ ਦੀਆਂ ਪਰਛੱਤੀਆਂ ਤੇ ਪਈਆਂ ਦਿਸਦੀਆਂ । ਬਹੁਤਿਆਂ ਨੇ ਘਰੋਂ  ਕੱਢ ਮਾਰੀਆਂ। ਮੇਰੇ ਘਰ 'ਚ ਮੈਂ ਅਜੇ ਵੀ ਆਪਣੀ ਇਹ ਪਹਿਲੀ ਫਰਿੱਜ ਸਾਂਭ ਕੇ ਰੱਖੀ ਆ ਜਦੋਂ ਵੀ ਘਰ ਦੇ ਦਰਵਾਜੇ ਖਿੜਕੀਆਂ ਨੂੰ ਪੇਂਟ ਕਰਵਾਈਦਾ ਡੋਲੀ ਦੀ ਟੌਹਰ ਪੂਰੀ  ਕਢਵਾ ਦੇਈਦੀ ਆ । ਅੱਜ ਵੀ ਮੈਂ  ਡੋਲੀ ਦੀ ਵਰਤੋਂ ਕਰ ਰਹੀ ਹਾਂ। ਜਮਾਨੇ ਨਾਲ ਚੱਲਣਾ ਮਾੜੀ ਗੱਲ ਨਹੀਂ  ਪਰ ਇਹ ਪੁਰਾਤਨ ਨਿਸ਼ਾਨੀਆਂ ਵੀ ਘਰਾਂ  ਚੋਂ ਨਾ ਕੱਢੋ ਸਾਂਭ ਕੇ ਰੱਖੋ।
 PunjabKesari
 

ਲੇਖਿਕਾ-
ਜਤਿੰਦਰ ਕੌਰ ਬੁਆਲ ਸਮਰਾਲਾ


Lalita Mam

Content Editor

Related News