ਬੋਧ ਧਰਮਗੁਰੂ ਦਲਾਈਲਾਮਾ ਨੂੰ ਮਿਲੀ ਕੰਗਨਾ ਰਣੌਤ, ਕਿਹਾ- ਚੀਨ ਸਾਡੇ ਤੋਂ ਥਰ-ਥਰ ਰਿਹੈ ਕੰਬ
Tuesday, Apr 16, 2024 - 10:42 AM (IST)
ਮੁੰਬਈ (ਬਿਊਰੋ) - ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਅਤੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੇ ਧਰਮਸ਼ਾਲਾ ’ਚ ਬੋਧ ਧਰਮਗੁਰੂ ਦਲਾਈਲਾਮਾ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਉਸ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਆਪਣੇ ਤਜਰਬਾ ਸਾਂਝਾ ਕੀਤਾ। ਇਸ ਪਿੱਛੋਂ ਕੰਗਨਾ ਨੇ ਇਕ ਸਭਾ ਨੂੰ ਵੀ ਸੰਬੋਧਨ ਕੀਤਾ।
ਕੰਗਨਾ ਨੇ ਧਰਮਸ਼ਾਲਾ ਦੀ ਟੰਗ ਮੇਲਾ ਗਰਾਊਂਡ ’ਚ ਆਯੋਜਿਤ ਜਨ ਸੰਪਰਕ ਮੁਹਿੰਮ ਪ੍ਰੋਗਰਾਮ ’ਚ ਆਯੋਜਿਤ ਸਭਾ ਵਿਚ ਕਿਹਾ,‘‘ਅੱਜ ਜਦੋਂ ਮੈਂ ਦਲਾਈਲਾਮਾ ਦੇ ਦਰਸ਼ਨ ਕਰਨ ਆਈ ਤਾਂ ਇੱਥੇ ਸੁਧੀਰ ਸ਼ਰਮਾ ਤੇ ਡਾ. ਰਾਜੀਵ ਭਾਰਦਵਾਜ ਨੇ ਮੈਨੂੰ ਅਪੀਲ ਕੀਤੀ ਮੈਂ ਸਭਾ ਵਿਚ ਆਵਾਂ। ਮੈਂ ਜਿੱਥੇ ਵੀ ਜਾਂਦੀ ਹਾਂ, ਉੱਥੇ ਲੋਕ ਮੈਨੂੰ ਪਹਾੜਨ ਕਹਿੰਦੇ ਹਨ ਅਤੇ ਮੈਨੂੰ ਇਸ ਗੱਲ ’ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ। ਅਸੀਂ ਸਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਤੀਕ ਬਣ ਕੇ ਉਮੀਦਵਾਰ ਦੇ ਰੂਪ ’ਚ ਆਏ ਹਾਂ।
ਅੱਜ ਪੀ. ਐੱਮ. ਮੋਦੀ ਦੀ ਅਗਵਾਈ ’ਚ ਭਾਰਤ ਵਰਗਾ ਗਰੀਬ ਦੇਸ਼ ਵਿਸ਼ਵ ਗੁਰੂ ਬਣ ਗਿਆ ਹੈ। ਅੱਜ ਪਾਕਿਸਤਾਨ ਤੇ ਚੀਨ ਸਾਡੇ ਤੋਂ ਥਰ-ਥਰ ਕੰਬ ਰਹੇ ਹਨ। ਪਹਿਲਾਂ ਇੱਥੇ ਗਰੀਬੀ ਤੇ ਲਾਚਾਰੀ ਸੀ ਪਰ ਪ੍ਰਧਾਨ ਮੰਤਰੀ ਦੀ ਅਗਵਾਈ ’ਚ ਅੱਜ ਦੇਸ਼ ਅੱਗੇ ਵਧ ਰਿਹਾ ਹੈ। ਹੁਣ ਉਨ੍ਹਾਂ 3 ਕਰੋੜ ਭੈਣਾਂ ਨੂੰ ਲੱਖਪਤੀ ਭੈਣ ਬਣਾਉਣ ਦਾ ਸੰਕਲਪ ਲਿਆ ਹੈ ਅਤੇ ਆਉਣ ਵਾਲੇ ਸਮੇਂ ’ਚ ਲੋਕ ਸਭਾ ਵਿਚ 33 ਫੀਸਦੀ ਔਰਤਾਂ ਵੇਖਣ ਨੂੰ ਮਿਲਣਗੀਆਂ।