ਧੋਨੀ ਦੀ ਸ਼ਾਨਦਾਰ ਬੱਲੇਬਾਜ਼ੀ ਮੁਸ਼ਕਿਲ ਦਿਨ ’ਚ ਸਾਡੇ ਲਈ ਹਾਂ-ਪੱਖੀ ਪਹਿਲੂ ਰਹੀ : ਫਲੇਮਿੰਗ
Monday, Apr 01, 2024 - 07:18 PM (IST)
ਵਿਸ਼ਾਖਾਪਟਨਮ, (ਭਾਸ਼ਾ)– ਚੇਨਈ ਸੁਪਰ ਕਿੰਗਜ਼ ਦੇ ਮੁੱਖ ਕੋਚ ਸਟੀਫਨ ਫਲੇਮਿੰਗ ਨੇ ਕਿਹਾ ਕਿ ਜਦੋਂ ਖੇਡ ਦੇ ਪ੍ਰਤੀ ਜਾਗਰੂਕਤਾ ਦੀ ਗੱਲ ਆਉਂਦੀ ਹੈ ਤਾਂ ਫਿਰ ਮਹਿੰਦਰ ਸਿੰਘ ਧੋਨੀ ਦਾ ਕੋਈ ਸਾਨੀ ਨਹੀਂ ਹੈ, ਜਿਸ ਨੇ ਆਈ. ਪੀ. ਐੱਲ. ਦੇ ਇਸ ਸੈਸ਼ਨ ’ਚ ਪਹਿਲੀ ਵਾਰ ਬੱਲੇਬਾਜ਼ੀ ਕਰਦੇ ਹੋਏ ਆਪਣੇ ਬੱਲੇ ਦੀ ਚਮਕ ਬਿਖੇਰੀ। ਚੇਨਈ ਨੂੰ ਐਤਵਾਰ ਨੂੰ ਇੱਥੇ ਦਿੱਲੀ ਕੈਪੀਟਲਸ ਹੱਥੋਂ 20 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਹੜੀ ਮੌਜੂਦਾ ਸੈਸ਼ਨ ਵਿਚ ਉਸਦੀ ਪਹਿਲੀ ਹਾਰ ਹੈ। 8ਵੇਂ ਨੰਬਰ ’ਤੇ ਬੱਲੇਬਾਜ਼ੀ ਕਰਦਿਆਂ ਧੋਨੀ ਨੇ ਜੇਕਰ 16 ਗੇਂਦਾਂ ’ਚ ਅਜੇਤੂ 37 ਦੌੜਾਂ ਦੀ ਪਾਰੀ ਨਾ ਖੇਡੀ ਹੁੰਦੀ ਤਾਂ ਹਾਰ ਦਾ ਫਰਕ ਹੋਰ ਵੱਧ ਹੋਣਾ ਸੀ।
ਭਾਰਤ ਵੱਲੋਂ 2019 ਵਿਚ ਆਪਣਾ ਆਖਰੀ ਮੈਚ ਖੇਡਣ ਵਾਲੇ ਧੋਨੀ ਨੇ ਪਿਛਲੇ ਸਾਲ ਗੋਡੇ ਦਾ ਆਪ੍ਰੇਸ਼ਨ ਕਰਵਾਇਆ ਸੀ। ਫਲੇਮਿੰਗ ਨੇ ਮੈਚ ਤੋਂ ਬਾਅਦ ਕਿਹਾ, ‘‘ਇਹ ਖੂਬਸੂਰਤ ਪਾਰੀ ਸੀ। ਉਹ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਅਭਿਆਸ ਸੈਸ਼ਨ ਤੋਂ ਹੀ ਚੰਗਾ ਪ੍ਰਦਰਸ਼ਨ ਕਰ ਰਿਹਾ ਸੀ। ਉਸ ਨੇ ਗੰਭੀਰ ਸੱਟ ਤੋਂ ਵਾਪਸੀ ਕੀਤੀ ਹੈ। ਉਸਦੀ ਬੱਲੇਬਾਜ਼ੀ ਸ਼ਾਨਦਾਰ ਰਹੀ। ਇਸ ਨਾਲ ਇਕ ਮੁਸ਼ਕਿਲ ਦਿਨ ਦੇ ਆਖਿਰ ਵਿਚ ਟੀਮ ਨੂੰ ਹਾਂ-ਪੱਖੀ ਊਰਜਾ ਮਿਲੀ।’’ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਨੇ ਕਿਹਾ,‘‘ਰਨ ਰੇਟ ਦੇ ਲਿਹਾਜ ਨਾਲ ਟੀਚੇ ਦੇ ਨੇੜੇ ਪਹੁੰਚਣਾ ਮਹੱਤਵਪੂਰਨ ਸੀ ਤੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਨਾਲ ਸਮਝਦੇ ਹਨ। ਉਸ ਨੇ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕੀਤੀ, ਉਹ ਸ਼ਾਨਦਾਰ ਸੀ।’’