ਇਹ ਹਨ ਸਾਡੇ ਆਗੂਆਂ ਦੇ ‘ਬਿਆਨ’ ਪੜ੍ਹੋ ਅਤੇ...ਫੈਸਲਾ ਕਰੋ!

04/06/2024 3:56:05 AM

ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ’ਚ ਸਿਆਸੀ ਪਾਰਾ ਚੜ੍ਹ ਰਿਹਾ ਹੈ, ਉੱਥੇ ਹੀ ਚੋਣ ਪ੍ਰਚਾਰ ’ਚ ਡਟੇ ਉਮੀਦਵਾਰਾਂ ਅਤੇ ਆਗੂਆਂ ਵਲੋਂ ਇਕ-ਦੂਜੇ ਵਿਰੁੱਧ ਬਿਆਨਬਾਜ਼ੀ ਦੌਰਾਨ ਸਾਰੀਆਂ ਮਰਿਆਦਾਵਾਂ ਭੁੱਲ ਕੇ ਮਾਹੌਲ ’ਚ ਕੁੜੱਤਣ ਦਾ ਜ਼ਹਿਰ ਘੋਲਣ ਦਾ ਸਿਲਸਿਲਾ ਜਾਰੀ ਹੈ, ਜਿਸ ਦੀਆਂ ਚੰਦ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :
* 21 ਮਾਰਚ, 2024 ਨੂੰ ਰਵੀਸ਼ੰਕਰ ਪ੍ਰਸਾਦ (ਭਾਜਪਾ) ਬੋਲੇ, ‘‘ਮਾਂ-ਬੇਟੇ ਸੋਨੀਆ ਤੇ ਰਾਹੁਲ ਗਾਂਧੀ ਦੀ ਕੋਠੀ ’ਚੋਂ ਹੀ ਭ੍ਰਿਸ਼ਟਾਚਾਰ ਦਾ ਇੰਨਾ ਪੈਸਾ ਨਿਕਲ ਸਕਦਾ ਹੈ, ਜਿਸ ਨਾਲ ਉਹ ਇਕ ਚੋਣ ਤਾਂ ਕੀ ਦੁਨੀਆ ਭਰ ’ਚ ਚੋਣਾਂ ਦੀ ਫੰਡਿੰਗ ਕਰ ਸਕਦੇ ਹਨ।’’
* 22 ਮਾਰਚ ਨੂੰ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ (ਭਾਜਪਾ) ਨੇ ਕਿਹਾ, ‘‘ ਟਿਕਟ ਵੇਚਣ ’ਚ ਲਾਲੂ ਯਾਦਵ ਨੇ ਆਪਣੀ ਬੇਟੀ ਨੂੰ ਵੀ ਨਹੀਂ ਛੱਡਿਆ। ਪਹਿਲਾਂ ਬੇਟੀ ਤੋਂ ਕਿਡਨੀ ਲਈ ਅਤੇ ਉਸ ਪਿੱਛੋਂ ਚੋਣ ਦਾ ਟਿਕਟ ਦੇ ਦਿੱਤਾ।’’
* 26 ਮਾਰਚ ਨੂੰ ਦ੍ਰਮੁੱਕ ਆਗੂ ਉਦੈਨਿਧੀ ਸਟਾਲਿਨ ਨੇ ਕਿਹਾ, ‘‘ਜਦ ਤੱਕ ਅਸੀਂ ਪ੍ਰਧਾਨ ਮੰਤਰੀ ਅਤੇ ਭਾਜਪਾ ਨੂੰ ਘਰ ਨਹੀਂ ਭੇਜ ਦਿੰਦੇ ਤਦ ਤੱਕ ਸਾਨੂੰ ਨੀਂਦ ਨਹੀਂ ਆਵੇਗੀ।’’
* 26 ਮਾਰਚ ਨੂੰ ਹੀ ਬੰਗਾਲ ਭਾਜਪਾ ਦੇ ਸੀਨੀਅਰ ਆਗੂ ਦਲੀਪ ਘੋਸ਼ ਨੇ ਕਿਹਾ, ‘‘ ਮਮਤਾ ਬੈਨਰਜੀ ਜਦ ਗੋਆ ਜਾਂਦੇ ਹਨ ਤਾਂ ਕਹਿੰਦੇ ਹਨ ਕਿ ਗੋਆ ਦੀ ਬੇਟੀ ਹਨ, ਤ੍ਰਿਪੁਰਾ ’ਚ ਕਹਿੰਦੇ ਹਨ ਕਿ ਤ੍ਰਿਪੁਰਾ ਦੀ ਬੇਟੀ ਹਨ। ਪਹਿਲਾਂ ਉਨ੍ਹਾਂ ਨੂੰ ਤੈਅ ਕਰਨ ਦਿਓ ਕਿ ਉਨ੍ਹਾਂ ਦਾ ਪਿਤਾ ਕੌਣ ਹੈ।’’
* 26 ਮਾਰਚ ਨੂੰ ਹੀ ਕਾਂਗਰਸ ਦੀ ਬੁਲਾਰਨ ਸੁਪ੍ਰਿਆ ਸ਼੍ਰੀਨੇਤ ਨੇ ਕੰਗਨਾ ਰਾਣਾਵਤ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦਾ ਟਿਕਟ ਮਿਲਣ ’ਤੇ ਇਹ ਲਿਖ ਕੇ ਵਿਵਾਦ ਪੈਦਾ ਕਰ ਦਿੱਤਾ ਕਿ ‘‘ਮੰਡੀ ’ਚ ਕੀ ਭਾਅ ਚੱਲ ਰਿਹਾ ਹੈ? ਕੀ ਕੋਈ ਦੱਸੇਗਾ?’’
* 26 ਮਾਰਚ ਨੂੰ ਹੀ ਕਰਨਾਟਕ ਦੇ ਸੱਭਿਆਚਾਰ ਮੰਤਰੀ ਸ਼ਿਵਰਾਜ ਨੇ ਕਿਹਾ, ‘‘ਮੋਦੀ-ਮੋਦੀ ਦਾ ਨਾਅਰਾ ਲਾਉਣ ਵਾਲਿਆਂ ਨੂੰ ਥੱਪੜ ਮਾਰਨੇ ਚਾਹੀਦੇ ਹਨ।’’
* 27 ਮਾਰਚ ਨੂੰ ਮੱਧ ਪ੍ਰਦੇਸ਼ ਦੇ ਵਿਧਾਇਕ ਵੀਰ ਸਿੰਘ ਭੂਰੀਆ (ਕਾਂਗਰਸ) ਨੇ ਇਕ ਜਨਤਕ ਸਭਾ ’ਚ ਆਪਣੇ ਹਮਾਇਤੀਆਂ ਨੂੰ ਕਿਹਾ, ‘‘ਤੁਸੀਂ ਲੋਕ ਪਾਰਟੀ ਦੇ ਵੋਟ ਕੱਟਣ ਵਾਲਿਆਂ ਦੀ ਗੱਲ ਕਰਨ ਵਾਲਿਆਂ ਦੀ ਐਸੀ-ਤੈਸੀ ਕਰ ਦਿਓ ਅਤੇ ਉਨ੍ਹਾਂ ਦੇ ਹੱਥ ਕੱਟ ਦਿਓ।’’
* 29 ਮਾਰਚ ਨੂੰ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ (ਕਾਂਗਰਸ) ਦੇ ਬੇਟੇ ਯਤਿੰਦਰ ਨੇ ਕਿਹਾ, ‘‘ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਗੁਜਰਾਤ ’ਚ ਹੱਤਿਆ ਦੇ ਦੋਸ਼ ਹਨ। ਉਨ੍ਹਾਂ ਦੀ ਕ੍ਰਿਮੀਨਲ ਬੈਕਗਰਾਊਂਡ ਰਹੀ ਹੈ, ਫਿਰ ਵੀ ਉੱਚੇ ਅਹੁਦੇ ’ਤੇ ਬੈਠੇ ਹਨ।’’
* 30 ਮਾਰਚ ਨੂੰ ਭਾਜਪਾ ਬੁਲਾਰੇ ਸੀ.ਆਰ. ਕੇਸਵਨ ਨੇ ਕਿਹਾ, ‘‘ ਦੱਖਣੀ ਚੇਨੱਈ ਤੋਂ ਭਾਜਪਾ ਉਮੀਦਵਾਰ ‘ਤਮਿਲੀਸਾਈ ਸੁੰਦਰਰਾਜਨ’ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਦ੍ਰਮੁੱਕ’ ਨਾਂ ਦੇ ਵਾਇਰਸ ਨੂੰ ਹਰਾਉਣ ਲਈ ਵੈਕਸੀਨ ਦੇ ਰੂਪ ’ਚ ਭੇਜਿਆ ਹੈ।’’
* 1 ਅਪ੍ਰੈਲ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬੋਲੇ, ‘‘ਦਿੱਲੀ ਦੇ ਰਾਮਲੀਲਾ ਮੈਦਾਨ ’ਚ ਦੇਸ਼ ਨੇ ਘਪਲੇਬਾਜ਼ਾਂ ਦੀ ਬਰਾਤ ਦੇਖੀ। ਇਹ ਲੋਕ ਹਰ ਰੋਜ਼ ਬਹੁਤ ਚਾਅ ਨਾਲ ਇਕ ਘਪਲਾ ਕਰਦੇ ਹਨ ਅਤੇ ਇਹ ਵੀ ਚਾਹੁੰਦੇ ਹਨ ਕਿ ਕੋਈ ਐਕਸ਼ਨ ਨਾ ਲਿਆ ਜਾਵੇ। ਇਹ ਇੰਡੀ ਗੱਠਜੋੜ ਜਨਬੰਧਨ ਨਹੀਂ ਠਗਬੰਧਨ ਹੈ।’’ 
* 3 ਅਪ੍ਰੈਲ ਨੂੰ ਕਾਂਗਰਸ ਆਗੂ ਰਣਦੀਪ ਸੂਰਜੇਵਾਲਾ ਨੇ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ, ‘‘ਲੋਕ ਐੱਮ.ਐੱਲ.ਏ. ਅਤੇ ਐੱਮ.ਪੀ. ਕਿਉਂ ਬਣਾਉਂਦੇ ਹਨ?... ਤਾਂ ਕਿ  ਉਹ ਸਾਡੀ ਆਵਾਜ਼ ਉਠਾ ਸਕਣ... ਸਾਡੀ ਗੱਲ ਮਨਵਾਉਣ ਇਸ ਲਈ ਬਣਾਉਂਦੇ ਹੋਣਗੇ। ਕੋਈ ਹੇਮਾ ਮਾਲਿਨੀ ਤਾਂ ਹੈ ਨਹੀਂ ਜੋ ਚੱਟਣ ਲਈ ਬਣਾਉਂਦੇ ਹਨ।’’
* 3 ਅਪ੍ਰੈਲ ਨੂੰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਬੋਲੇ, ‘‘ਝੂਠ ਅਤੇ ਆਮ ਆਦਮੀ ਪਾਰਟੀ ਦਾ ਚੋਲੀ-ਦਾਮਨ ਦਾ ਸਾਥ ਹੈ। ਅਜਿਹਾ ਕੋਈ ਸਕਾ ਨਹੀਂ ਜਿਸ ਨੂੰ ‘ਆਪ’ ਨੇ ਠੱਗਿਆ ਨਹੀਂ।’’
* 3 ਅਪ੍ਰੈਲ ਨੂੰ ਹੀ ਛੱਤੀਸਗੜ੍ਹ ’ਚ ਕਾਂਗਰਸ ਦੇ ਸੀਨੀਅਰ ਆਗੂ ਚਰਨਦਾਸ ਮਹੰਤ ਨੇ ਕਿਹਾ, ‘‘ਵੋਟਰਾਂ ਨੂੰ ਇਕ ਅਜਿਹਾ ਵਿਅਕਤੀ ਚੁਣਨ ਦੀ ਲੋੜ ਹੈ ਜੋ ਉਨ੍ਹਾਂ ਦੇ ਮੁੱਦਿਆਂ ਨੂੰ ਉਠਾ ਸਕੇ ਅਤੇ ਡੰਡੇ ਨਾਲ ਪ੍ਰਧਾਨ ਮੰਤਰੀ ਮੋਦੀ ਦਾ ਸਿਰ ਪਾੜ ਸਕੇ। ਸਾਨੂੰ ਲਾਠੀ ਫੜਨ ਅਤੇ ਸਿਰ ਪਾੜਨ ਵਾਲੇ ਆਦਮੀ ਦੀ ਲੋੜ ਹੈ।’’
*4 ਅਪ੍ਰੈਲ ਨੂੰ ਮਮਤਾ ਬੈਨਰਜੀ ਬੋਲੇ, ‘‘ਤੁਸੀਂ ਜ਼ਹਿਰੀਲੇ ਸੱਪ ’ਤੇ ਭਰੋਸਾ ਕਰ ਸਕਦੇ ਹੋ, ਉਸ ਨੂੰ ਘਰ ’ਚ ਪਾਲ ਵੀ ਸਕਦੇ ਹੋ ਪਰ ਕਦੀ ਭਾਜਪਾ ’ਤੇ ਭਰੋਸਾ ਨਹੀਂ ਕਰ ਸਕਦੇ। ਇਹ ਦੇਸ਼ ਨੂੰ ਬਰਬਾਦ ਕਰ ਰਹੀ ਹੈ ਅਤੇ ਸਿਰਫ ਇਕ ਦੇਸ਼, ਇਕ ਪਾਰਟੀ (ਦੇ ਏਜੰਡੇ) ’ਤੇ ਕੰਮ ਕਰ ਰਹੀ ਹੈ।’’
* 4 ਅਪ੍ਰੈਲ ਨੂੰ ਹੀ ਉੱਤਰ ਪ੍ਰਦੇਸ਼ ਦੇ ਬਦਾਯੂੰ ’ਚ ਸਪਾ ਉਮੀਦਵਾਰ ਸ਼ਿਵਪਾਲ ਯਾਦਵ ਨੇ ਕਿਹਾ, ‘‘ਅਸੀਂ ਸਭ ਦੀ ਵੋਟ ਮੰਗਾਂਗੇ, ਜੋ ਨਹੀਂ ਦੇਵੇਗਾ ਤਾਂ ਲੱਖਾਂ ਵੋਟਾਂ ਨਾਲ ਜਿਤਾਉਣ ਲਈ ਆਪਣੇ ਲੋਕ ਹੀ ਹਨ। ਜੋ ਵੋਟ ਨਹੀਂ ਦੇਵੇਗਾ ਤਾਂ ਹਿਸਾਬ-ਕਿਤਾਬ ਵੀ ਹੋਵੇਗਾ।’’
ਇਸ ’ਤੇ ਬਦਾਯੂੰ ਤੋਂ ਭਾਜਪਾ ਉਮੀਦਵਾਰ ਦੁਰਵਿਜੇ ਸ਼ਾਕਯ ਨੇ ਕਿਹਾ ਹੈ ਕਿ ‘‘ਸ਼ਿਵਪਾਲ ਯਾਦਵ ਦਾ ਸੁਭਾਅ ਗੁੰਡਿਆਂ ਵਰਗਾ ਹੈ। ਉਹ ਸਹੀ ਮਾਅਨਿਆਂ ’ਚ ਗੁੰਡਿਆਂ ਦੇ ਸਰਦਾਰ ਹਨ।’’
ਅਜਿਹੇ ਬਿਆਨਾਂ ਨੂੰ ਕਦੀ ਵੀ ਉਚਿਤ ਨਹੀਂ ਕਿਹਾ ਜਾ ਸਕਦਾ। ਇਸ ਲਈ ਚੋਣ ਕਮਿਸ਼ਨ ਅਤੇ ਸਬੰਧਿਤ ਪਾਰਟੀਆਂ ਨੂੰ ਇਸ ਤਰ੍ਹਾਂ ਦੀ ਕੁੜੱਤਣ ਭਰੀ ਬਿਆਨਬਾਜ਼ੀ ’ਤੇ ਰੋਕ ਲਾਉਣ ਦਾ ਯਤਨ ਕਰਨਾ ਚਾਹੀਦਾ ਹੈ ਕਿਉਂਕਿ ਅਜਿਹੇ ਬਿਆਨਾਂ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਣ ਤੋਂ ਇਲਾਵਾ ਹੋਰ ਕੁੱਝ ਹਾਸਲ ਨਹੀਂ ਹੁੰਦਾ।    

–ਵਿਜੇ ਕੁਮਾਰ


Inder Prajapati

Content Editor

Related News