ਭਾਰਤੀ ਖੇਤੀ ਨੂੰ ਇਜਰਾਈਲ ਦੀ ਤਰਜ਼ ਤੇ ਬਦਲਾਓ ਦੀ ਲੋੜ
Saturday, Jul 14, 2018 - 01:19 PM (IST)
ਕੋਈ ਸਮਾਂ ਸੀ ਜਦੋਂ ਭਾਰਤ ਦੇਸ਼ ਨੂੰ ਸੋਨੇ ਦੀ ਚਿੜ੍ਹੀ ਕਹਿ ਕੇ ਆਦਰ ਕੀਤਾ ਜਾਂਦਾ ਸੀ ਪਰੰਤੂ ਅੱਜ ਇਸ ਦੇਸ਼ ਦੀ ਗਿਣਤੀ ਵਿਕਸਤ ਦੇਸ਼ਾਂ ਦੀ ਬਜਾਏ ਗਰੀਬ ਦੇਸ਼ਾਂ ਵਿਚ ਹੁੰਦੀ ਹੈ ਕਿਉਂਕਿ ਅਜੇ ਵੀ ਅਬਾਦੀ ਦਾ ਵੱਡਾ ਹਿੱਸਾ ਗ਼ਰੀਬੀ ਰੇਖਾ ਤੋ ਹੇਠਾਂ ਆਪਣਾ ਜੀਵਨ ਬਤੀਤ ਕਰ ਰਿਹਾ ਹੈ । ਭਾਰਤ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ ਦੇਸ਼ ਦੇ ਕੁੱਲ ਕਾਮਿਆਂ ਦਾ 65% ਭਾਗ ਤੇ ਉਨ੍ਹਾਂ ਦੇ ਪਰਿਵਾਰ ਖੇਤੀਬਾੜੀ 'ਤੇ ਨਿਰਭਰ ਹਨ । ਦੇਸ਼ ਦੀ ਵਧਦੀ ਜੰਨਸੰਖਿਆਂ ਲਈ ਅਨਾਜ ਅਤੇ ਹੋਰ ਵਸਤਾਂ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਭਾਰਤ,ਦੇਸ਼ ਦੀ ਕੁੱਲ ਆਮਦਨ ਦਾ 29% ਹਿੱਸਾ ਹੀ (ਖੇਤੀਬਾੜੀ ਤੋਂ) ਹੀ ਪ੍ਰਾਪਤ ਕਰ ਸਕਿਆ ਹੈ ਜੋ ਕਿ ਬਹੁਤ ਘਟ ਹੈ । ਇਸ ਘਾਟੇ ਦੇ ਕਈ ਕਾਰਨ ਹਨ ਕਿਸਾਨ ਮਿਹਨਤ ਕਰਨ ਦੇ ਵਾਬਜੂਦ ਵੀ ਖੇਤੀ ਤੋਂ ਜ਼ਿਆਦਾ ਲਾਭ ਨਹੀਂ ਕਮਾ ਸਕਿਆ ।ਵਧਦੀ ਜੰਨਸੰਖਿਆ ਕਾਰਨ ਖੇਤਾਂ ਦਾ ਆਕਾਰ ਛੋਟਾ ਹੋਣਾ, ਮਹਿੰਗੀਆਂ ਖਾਦਾਂ,ਮਹਿੰਗੇ ਬੀਜ,ਖੇਤੀ ਲਈ ਮਹਿੰਗੀ ਮਸ਼ੀਨਰੀ ਅਤੇ ਕਿਸਾਨ ਦਾ ਘੱਟ ਪੜ੍ਹਿਆਂ–ਲਿਖਿਆਂ ਹੋਣਾਂ ਅਤੇ ਖਾਸ ਤੌਰ ਤੇ ਫਸਲ ਦਾ ਮੰਡੀਕਰਨ ਆਦਿ ਭਾਰਤੀ ਖੇਤੀ ਨੂੰ ਪ੍ਰਭਾਵਿਤ ਕਰਦੇ ਹਨ।
ਪੰਜਾਬ ਦੀ ਗੱਲ ਕਰੀਏ ਤਾਂ ਹਰ ਦਿਨ ਕੋਈ ਨਾ ਕੋਈ ਕਿਸਾਨ ਖੇਤੀ ਤੋਂ ਘਾਟੇ ਕਾਰਨ ਜਾਂ ਬੈਕਾਂ ਦੇ ਕਰਜ਼ਿਆਂ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀਆਂ ਕਰ ਰਹੇ ਹਨ।ਪੰਜਾਬ ਦਾ ਕਿਸਾਨ ਚੰਗੀ ਫਸਲ ਪ੍ਰਾਪਤ ਕਰਨ ਲਈ ਮਹਿੰਗੀਆਂ ਖਾਦਾਂ,ਬੀਜ,ਮਸ਼ੀਨਰੀ ਖਰੀਦਣ ਲਈ ਬੈਂਕ ਕਰਜੇ ਵਲ ਵਧਦਾ ਹੈ ਪਰ ਫਸਲਾਂ ਦੀ ਕੀਮਤ ਦਾ ਸਹੀ ਨਾ ਮਿਲਣਾ, ਸਮੇਂ ਸਿਰ ਨਾ ਮਿਲਣ ,ਕੁਦਰਤੀ ਆਫਤਾਂ ,ਫਸਲ ਦਾ ਮੰਡੀਕਰਨ ਆਦਿ ਕਈ ਸਮੱਸਿਆਵਾਂ ਹਨ ਜੋ ਕਿਸਾਨ ਨੂੰ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਹੋਣ ਦਿੰਦੀਆਂ । ਫਸਲ ਬੀਜਣ ਤੋਂ ਲੈ ਕੇ ਫਸਲ ਵੇਚਣ ਤਕ ਕਿਸਾਨ ਉੱਪਰ ਕਈ ਵਰਗ ਆਸ ਲਾਈ ਬੈਠੇ ਹੁੰਦੇ ਹਨ ਜਿਵੇਂ ਕਿਸਾਨ ਦੇ ਕਾਮੇ, ਦੁਕਾਨਦਾਰ,ਆੜਤੀ ,ਮੰਡੀਆਂ ਦੇ ਕਾਮੇ ਤੇ ਅੰਤ ਵਿਚ ਬੈਂਕ ਤੋਂ ਲਿਆ ਕਰਜਾ ਵੱਡੇ ਦੈਂਤ ਦੇ ਰੂਪ ਵਿਚ ਖੜਾ ਦਿਖਾਈ ਦਿੰਦਾ ਹੈ ।ਕਿਸਾਨ ਦਾ ਰੱਜ ਕੇ ਸੋਸ਼ਣ ਹੁੰਦਾ ਹੈ ਜੇਕਰ ਫਸਲ ਵੇਚਣ ਤਕ ਜਿੰਨੀ ਮਿਹਨਤ, ਖਰਚੇ ਹੋਏ ਹੁੰਦੇ ਹਨ ਫਸਲ ਦੇ ਭਾਅ ਤੋਂ ਦੁਗਣੇ ਹੋ ਜਾਂਦੇ ਹਨ ।ਇਹੀ ਕਾਰਨ ਹੈ ਕਿ ਕਿਸਾਨ ਖੇਤੀ ਕਰਨੀ ਛੱਡਦੇ ਜਾ ਰਹੇ ਹਨ। ਦੂਸਰੇ ਪਾਸੇ ਸਰਕਾਰੀ ਦੀਆਂ ਸਹਿਕਾਰੀ ਸਭਾਵਾਂ ਦੀਆਂ ਨੀਤੀਆਂ ਵੀ ਕਿਸਾਨ ਦੀ ਮਦਦ ਕਰਦੀਆਂ ਨਜ਼ਰ ਨਹੀਂ ਆ ਰਹੀਆਂ ।
ਅੱਜ ਪੰਜਾਬ ਦੀ ਖੇਤੀ ਨੂੰ ਨਵੀਆਂ ਤਕਨੀਕਾਂ ਦੀ ਲੋੜ ਹੈ ਜਿਸ ਲਈ ਸਾਨੂੰ ਅਗਾਂਹਵਧੂ ਦੇਸ਼ਾਂ ਦੀ ਨਕਲ ਕਰਨੀ ਪਵੇਗੀ ਤਾਂ ਕਿ ਖੇਤੀਬਾੜੀ ਤੋਂ ਵੱਧ ਤੋਂ ਵੱਧ ਲਾਭ ਕਮਾਇਆਂ ਜਾ ਸਕੇ । ਗੱਲ ਕਰਦੇ ਹਾਂ ਇਜ਼ਰਾਈਲ ਦੇਸ਼ ਦੀ ਜਿਸ ਦਾ ਖੇਤਰਫਲ 279467 ਵਰਗ ਕਿ. ਮੀ. ਹੈ । ਇੱਥੇ ਦੀ ਜ਼ਿਆਦਾਤਰ ਭੂਮੀ ਖੁਸ਼ਕ ਅਤੇ ਰੇਤਲੀ ਹੈ । ਤਾਪਮਾਨ 30 ਤੋਂ 35 ਡਿ. ਸੈਟੀਗਰੇਡ ਤਕ ਪਹੁੰਚ ਜਾਂਦਾ ਹੈ । ਇਜ਼ਰਾਈਲ ਦਾ ਮਾਲੀ ਢਾਚਾਂ ਖਾਸ ਤੌਰ ਤੇ ਖੇਤੀਬਾੜੀ ਤੇ ਨਿਰਭਰ ਹੈ । ਇਸ ਦੇਸ਼ ਦਾ 4/5 ਹਿੱਸਾ ਵਾਹੀ ਯੋਗ ਹੈ। ਇੱਥੇ ਦੀ ਖੇਤੀਬਾੜੀ ਦੇ ਵੱਖ-2 ਢੰਗ ਕੁਝ ਇਸ ਤਰ੍ਹਾਂ ਹਨ ।
ਇਜ਼ਰਾਈਲ ਦੇਸ਼ ਵਿਚ ਖੇਤੀ ਦੋ ਤਰ੍ਹਾਂ ਨਾਲ ਕੀਤੀ ਜਾਂਦੀ ਹੈ ।“ਸਮੂਹਿਕ ਖੇਤੀ'' ਜਿਸ ਨੂੰ ਸੂਤਜ ਕਿਹਾ ਜਾਂਦਾ ਹੈ ਅਤੇ ਦੂਜੀ ਸਹਿਕਾਰੀ ਖੇਤੀ ਜਿਸ ਨੂੰ ਮੋਸ਼ਾਣ ਕਿਹਾ ਜਾਂਦਾ ਹੈ ।ਸਮੂਹਿਕ ਖੇਤੀ ਵਿਚ ਸਾਰੀ ਪਿੰਡ ਦੀ ਭੂਮੀ ਸ਼ਾਮਲ ਹੁੰਦੀ ਹੈ ।ਦੂਜੀ ਖੇਤੀ “ਸਹਿਕਾਰੀ ਖੇਤੀ'' ਵਿਚ ਸਾਰੇ ਕਿਸਾਨ ਆਪਣੀ-ਆਪਣੀ ਭੂਮੀ ਵਾਹੁਦੇ ਹਨ ਪਰੰਤੂ ਆਪਣੀ ਪੈਦਾਵਾਰ ਸਹਿਕਾਰੀ ਸਭਾਵਾਂ ਰਾਂਹੀ ਹੀ ਵੇਚਦੇ ਹਨ ।ਇਹ ਸਹਿਕਾਰੀ ਸਭਾਵਾਂ ਹੀ ਕਿਸਾਨਾ ਨੂੰ ਨਵੀਂ ਕਿਸਮ ਦੇ ਬੀਜ ਆਦਿ ਅਤੇ ਖੇਤੀ ਦੀ ਮਸ਼ੀਨਰੀ ਕਿਰਾਏ ਤੇ ਦਿੰਦੀਆਂ ਹਨ। ਇੱਥੇ ਪੈਦਾ ਕੀਤੇ ਜਾਣ ਵਾਲੇ ਫਲਾਂ ਵਿਚ ਖਜੂਰ, ਸੇਬ,ਖੁਰਮਾਨੀ ,ਕੇਲਾ,ਅਮਰੂਦ ,ਅੰਬ ,ਨਾਸ਼ਪਾਤੀ,ਅੰਗੂਰ, ਜੈਤੂਨ ਅਤੇ ਅੰਜੀਰ ਆਦਿ ਸ਼ਾਮਿਲ ਹਨ । ਇੱਥੇ ਜਿਆਦਾ ਫਲਾਂ ਅਤੇ ਸਬਜ਼ੀਆਂ ਨੂੰ ਪੈਦਾ ਕਰਨ 'ਤੇ ਜ਼ੋਰ ਦਿੱਤਾ ਜਾਂਦਾ ਹੈ । ਇੱਥੇ ਪਹਿਲਾਂ ਕਿਸਾਨੀ ਹਾਲਤ ਜ਼ਿਆਦਾ ਚੰਗੀ ਨਹੀਂ ਸੀ ਪਰੰਤੂ ਅੱਜ ਦੇਸ਼ ਦੀ ਆਮਦਨ ਦਾ 3/4 ਹਿੱਸਾ ਖੇਤੀਬਾੜੀ ਤੋਂ ਪ੍ਰਾਪਤ ਹੁੰਦਾ ਹੈ। ਇਸ ਦੇਸ਼ ਵਿਚ ਤੁਪਕਾ ਸਿੰਚਾਈ ਜ਼ਿਆਦਾ ਪ੍ਰਫੂਲਿਤ ਹੈ ਪਾਣੀ ਦੀ ਬਹੁਤ ਜ਼ਿਆਦਾ ਸੰਭਾਲ ਕੀਤੀ ਜਾਂਦੀ ਹੈ । ਇਜ਼ਰਾਈਲ ਵਿਚ ਨਵੀਂ ਤਕਨੀਕ ਨਾਲ ਪਲਾਸਟਿਕ ਟਰ੍ਹੇ ਬਣਾਈ ਗਈ ਹੈ ਜੋ ਹਵਾ ਵਿਚੋਂ ਤ੍ਰੇਲ ਦੀਆਂ ਬੂੰਦਾਂ ਨੂੰ ਜਮ੍ਹਾਂ ਕਰਦੀ ਹੈ । ਦਾਣੇਦਾਰ ਅਕਾਰ ਦੀ ਇਸ ਟਰ੍ਹੇ ਵਿਚ ਯੂਵੀ ਫਿਲਟਰ ਅਤੇ ਚੂਨੇ ਦਾ ਪੱਥਰ ਲਗਾ ਕੇ ਪੌਦਿਆਂ ਕੋਲ ਰੱਖ ਦਿੱਤਾ ਜਾਂਦਾ ਹੈ ਰਾਤ ਨੂੰ ਇਹ ਟਰ੍ਹੇ ਤ੍ਰੇਲ ਦੀਆਂ ਬੂੰਦਾਂ ਨੂੰ ਸੋਖ ਲੈਦੀ ਹੈ ਅਤੇ ਪੌਦਿਆਂ ਦੀ ਜੜ੍ਹਾਂ ਤੱਕ ਪਹੁੰਚਾਉਦੀ ਹੈ। ਇਹ ਟਰ੍ਹੇ ਧੁੱਪ ਤੋਂ ਵੀ ਪੌਦਿਆਂ ਦਾ ਬਚਾ ਕਰਦੀ ਹੈ । ਇਹ ਪੌਦੇ ਦੀ 40% ਪਾਣੀ ਦੀ ਜ਼ਰੂਰਤ ਪੂਰੀ ਕਰ ਦਿੰਦੀ ਹੈ ਵਰਖਾ ਦੇ ਪਾਣੀ ਨੂੰ ਇਕੱਠਾ ਕਰਕੇ ਸਾਂਭ ਲਿਆ ਜਾਂਦਾ ਹੈ ।ਸਿੰਚਾਈ ਲਈ ਪਾਣੀ ਪਾਇਪਾਂ ਰਾਂਹੀ ਹੀ ਫਸਲ ਤਕ ਪਹੁੰਚਾਇਆ ਜਾਂਦਾ ਹੈ। ਫਸਲਾਂ ਲਈ ਕੀਟਨਾਸ਼ਕ ਇਸ ਤਰ੍ਹਾਂ ਦੇ ਵਰਤੇ ਜਾਂਦੇ ਹਨ ਜੋ ਮਿੱਤਰ ਕੀੜ੍ਹਿਆਂ ਨੂੰ ਨਹੀਂ ਮਾਰਦੇ। ਫਸਲਾਂ ਨੂੰ ਲੋੜ ਮੁਤਾਬਕ ਕੀਟਨਾਸ਼ਕ ਦਿੱਤਾ ਜਾਂਦਾ ਹੈ ।ਖੇਤੀਬਾੜੀ ਨਾਲ ਸਬੰਧਤ ਉਦਯੋਗ ਵੀ ਸਥਾਪਿਤ ਹਨ ।ਇੱਥੇ ਪਸ਼ੂ ਪਾਲਣ ਤੇ ਮੁਰਗੀ ਪਾਲਣ ਦਾ ਧੰਦਾ ਜ਼ਿਆਦਾ ਹੈ ਮੁਰਗੀਆਂ ਦੇ ਅੰਡੇ ਯੂਰਪ ਦੇਸ਼ਾਂ ਵਿਚ ਨਿਰਯਾਤ ਕੀਤੇ ਜਾਂਦੇ ਹਨ । ਇਸ ਤੋਂ ਇਲਾਵਾ ਦੁੱਧ ਦੀ ਪੈਦਾਵਾਰ ਲਈ ਗਾਵਾਂ ਦੇ ਵੱਡੇ ਡੇਅਰੀ ਫਾਰਮ ਹਨ । ਵੱਧ ਗਰਮੀ ਹੋਣ ਦੇ ਬਾਵਜ਼ੂਦ ਵੀ ਮੱਛੀ ਪਾਲਣ ਲਈ ਅਜਿਹੇ ਪਾਣੀ ਵਾਲੇ ਟੈਂਕ ਤਿਆਰ ਕੀਤੇ ਗਏ ਹਨ ਜਿਨ੍ਹਾਂ ਉੱਤੇ ਗਰਮੀ ਅਤੇ ਹੋਰ ਮੋਸਮ ਦਾ ਜ਼ਿਆਦਾ ਅਸਰ ਨਹੀ ਹੁੰਦਾ ਇਹ ਟੈਂਕ ਅਮਰੀਕਾ ਵਿਚ ਵੀ ਵਰਤੇ ਜਾਂਦੇ ਹਨ । ਇਹ ਆਧਿਨਕ ਟੈਂਕ ਬਹੁਤ ਜ਼ਿਆਦਾ ਕਾਮਯਾਬ ਸਾਬਿਤ ਹੋ ਰਹੇ ਹਨ ।
ਇਜ਼ਰਾਈਲ ਵਿਚ ਆਲੂ ਦੀ ਅਜਿਹੀ ਕਿਸਮ ਹੈ ਜੋ ਗਰਮੀ ਵਿਚ ਵੀ ਕਾਮਯਾਬ ਹੈ ।ਆਲੂ ਹਰ ਦੇਸ਼ ਵਿਚ ਹਰਮਨ ਪਿਆਰਾ ਹੋਣ ਕਰਕੇ ਇਸ ਤੋਂ ਜ਼ਿਆਦਾ ਲਾਭ ਕਮਾਇਆ ਜਾਂਦਾ ਹੈ ।ਫਸਲਾਂ ਨੂੰ ਜ਼ਿਆਦਾ ਦੇਰ ਤਕ ਤਾਜ਼ਾ ਅਤੇ ਸੁਰੱਖਿਅਤ ਰੱਖਣ ਲਈ ਵੱਡੇ ਵੱਡੇ ਬੈਗ ਬਣਾਏ ਜਾਂਦੇ ਹਨ ।ਇਹ ਬੈਗ ਹਵਾਂ ਅਤੇ ਪਾਣੀ ਦੋਹਾਂ ਥਾਵਾਂ ਤੇ ਸੁਰੱਖਿਅਤ ਹਨ।ਫਸਲ ਦਾ ਚੰਗਾ ਮੁੱਲ ਮਿਲਣ ਸਮੇਂ ਹੀ ਫਸਲ ਨੂੰ ਵੇਚਿਆਂ ਜਾਂਦਾ ਹੈ ।ਹਰ ਤਰ੍ਹਾਂ ਦੀ ਖੇਤੀਬਾੜੀ ਬਾਰੇ ਜ਼ਿਆਦਾ ਜਾਣਕਾਰੀ ਲਈ ਇਕ ਅਜਿਹਾ ਸਾਫਟਵੇਅਰ ਤਿਆਰ ਕੀਤਾ ਗਿਆ ਹੈ ਕਿ ਕਿਸਾਨ ਕਿਸੇ ਵੀ ਸਮੇਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਗੱਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ।ਇਸ ਸਾਫਟਵੇਅਰ ਰਾਂਹੀ ਕਿਸਾਨ ਆਪਣੀ ਫਸਲ ਸਹੀ ਕੀਮਤ ਦੇਖ ਕੇ ਵੇਚਦੇ ਹਨ । ਇਸ ਤੋਂ ਇਲਾਵਾ ਫਸਲ ਬੀਜਣ ਸਮੇਂ ,ਤਿਆਰ ਹੋਣ ਤੱਕ ,ਕੱਟਦੇ ਸਮੇਂ ਤਕ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹਲ ਇਸ ਸਾਫਟਵੇਅਰ ਦੀ ਮਦਦ ਨਾਲ ਕੀਤਾ ਜਾਂਦਾ ਹੈ । ਇਹ ਸਾਰੀਆਂ ਤਕਨੀਕਾਂ ਪੰਜਾਬ ਅਤੇ ਭਾਰਤ ਦੇ ਹੋਰ ਪ੍ਰਾਂਤਾਂ ਵਿਚ ਵਰਤੀਆਂ ਜਾਣ ਤਾਂ ਖੇਤੀਬਾੜੀ ਵਿਚ ਬਿਨ੍ਹਾਂ ਸ਼ੱਕ ਸੁਧਾਰ ਲਿਆਉਂਦਾ ਜਾ ਸਕਦਾ ਹੈ। ਚੰਗੀ ਖੇਤੀਬਾੜੀ ਹੋਣ ਕਰਕੇ ਕਿਸਾਨਾਂ ਅਤੇ ਦੇਸ਼ ਦੀ ਆਰਥਿਕਤਾ ਵਿਚ ਸੁਧਾਰ ਸੰਭਵ ਹੈ ।ਇਸ ਬਦਲਾਅ ਲਈ ਸਰਕਾਰਾਂ ਨੂੰ ਰਾਜਨੀਤੀ ਤੋਂ ਉੇਪਰ ਉੱਠ ਕੇ ਇਸ ਖੇਤਰ ਵਿਚ ਕੰਮ ਕਰਨ ਦੀ ਲੋੜ ਹੈ ।ਵੱਖ-ਵੱਖ ਦੇਸ਼ਾਂ ਵਿਚ ਅਗਾਹਵਧੂ ਕਿਸਾਨਾਂ ਦੇ ਮੁਫਤ ਖੇਤੀਬਾੜੀ ਕਂੈਪਾਂ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ ਹੋਰ ਦੇਸ਼ਾਂ ਨੂੰ ਨਿਰਯਾਤ ਕਰਨ ਵਾਲੀਆਂ ਫਸਲਾਂ ਦੀ ਪੈਦਾਵਾਰ ਵਿਚ ਵਾਧਾ ਕਰਨਾ ਪਵੇਗਾ,ਕਿਸਾਨਾ ਨੂੰ ਮੰਡੀਕਰਨ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਇਹ ਜ਼ਿੰਮੇਵਾਰੀ ਪੂਰਨ ਤੌਰ ਤੇ ਸਰਕਾਰ ਦੀ ਹੋਣੀ ਚਾਹੀਦੀ ਹੈ। ਕਿਸਾਨਾਂ ਨੂੰ ਨਵੀਂ ਤਕਨੀਕ ਦੇ ਰਸਤੇ ਦਿਖਾਉਣ ਦੀ ਲੋੜ ਹੈ ਭ੍ਰਿਸ਼ਟਾਚਾਰ ਅਤੇ ਵੀ.ਆਈ.ਪੀ ਕਲਚਰ ਨੂੰ ਖਤਮ ਕਰਨਾ ਪਵੇਗਾ ਜੇਕਰ ਸਮੇਂ ਦੀ ਸਰਕਾਰ ਇਹ ਪ੍ਰਬੰਧ ਯਕੀਨੀ ਬਣਾਉਦੀ ਹੈ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬ ਸੂਬਾ ਖੇਤੀਬਾੜੀ ਪੱਖੋ ਦੇਸ਼ ਦੀ ਆਰਥਿਕਤਾ ਵਿਚ ਵੱਧ ਤੋਂ ਵੱਧ ਯੋਗਦਾਨ ਪਾ ਸਕਦਾ ਹੈ ਅਤੇ ਖੁਸ਼ਹਾਲ ਸੂਬਾ ਬਣ ਸਕਦਾ ਹੈ।
ਗੁਰਜਤਿੰਦਰਪਾਲ ਸਿੰਘ ਸਾਧੜਾ
(ਅਨੰਦਪੁਰ ਸਾਹਿਬ) ਮੋਬਾਇਲ ਨੰ.-94631-48284
