ਠੰਡ ਦੇ ਮੱਦੇਨਜ਼ਰ ਇਨ੍ਹਾਂ ਲੋਕਾਂ ਲਈ ਐਡਵਾਈਜ਼ਰੀ ਜਾਰੀ, ਬੇਹੱਦ ਚੌਕਸ ਰਹਿਣ ਦੀ ਲੋੜ

Saturday, Jan 10, 2026 - 10:11 AM (IST)

ਠੰਡ ਦੇ ਮੱਦੇਨਜ਼ਰ ਇਨ੍ਹਾਂ ਲੋਕਾਂ ਲਈ ਐਡਵਾਈਜ਼ਰੀ ਜਾਰੀ, ਬੇਹੱਦ ਚੌਕਸ ਰਹਿਣ ਦੀ ਲੋੜ

ਫਾਜ਼ਿਲਕਾ (ਲੀਲਾਧਰ) : ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੇ ਦਿਸਾ-ਨਿਰਦੇਸ਼ਾਂ ਅਨੁਸਾਰ ਸਰਦੀ ਅਤੇ ਧੁੰਦ ਤੋਂ ਛੋਟੇ ਬੱਚਿਆਂ, ਬਜ਼ੁਰਗਾਂ, ਜ਼ਿਆਦਾ ਸਮਾਂ ਕਿਸੇ ਬੀਮਾਰੀ ਤੋਂ ਪੀੜਤ ਲੋਕਾਂ ਅਤੇ ਗਰਭਵਤੀ ਔਰਤਾਂ ਨੂੰ ਬਚਾਅ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਕਿਉਂਕਿ ਇਹ ਲੋਕ ਸਰਦੀ 'ਚ ਵੱਧ ਪ੍ਰਭਾਵਿਤ ਹੁੰਦੇ ਹਨ। ਸਿਵਲ ਸਰਜਨ ਫਾਜ਼ਿਲਕਾ ਡਾਕਟਰ ਕਵਿਤਾ ਸਿੰਘ ਨੇ ਕਿਹਾ ਕਿ  ਸਰਦੀ ਲੱਗਣ ਕਾਰਨ ਜੇਕਰ ਸਮੇਂ ਸਿਰ ਇਲਾਜ ਨਾਂ ਕਰਵਾਇਆ ਜਾਵੇ ਤਾਂ ਕਈ ਵਾਰ ਖ਼ਤਰੇ ਦਾ ਕਾਰਨ ਬਣ ਸਕਦਾ ਹੈ। ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਸੁਨੀਤਾ ਕੰਬੋਜ ਨੇ ਦੱਸਿਆ ਕਿ ਸਵੇਰ ਅਤੇ ਦੇਰ ਸ਼ਾਮ ਜਾਂ ਰਾਤ ਨੂੰ ਠੰਡ ਅਤੇ ਸੰਘਣੀ ਧੁੰਦ ਕਾਰਨ ਘਰੋਂ ਬਾਹਰ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਸੰਘਣੀ ਧੁੰਦ ਕਾਰਨ ਵਾਪਰਨ ਵਾਲੇ ਹਾਦਸੇ ਖ਼ਤਰਨਾਕ ਹੋ ਸਕਦੇ ਹਨ। ਘਰਾਂ 'ਚ ਬੰਦ ਕਮਰੇ 'ਚ ਅੰਗੀਠੀ ਬਾਲ ਕੇ ਕਦੇ ਵੀ ਅੱਗ ਨਾ ਸੇਕੀ ਜਾਵੇ, ਕਿਉਂਕਿ ਅੱਗ ਬਲਣ ਨਾਲ ਕਾਰਬਨ ਮੋਨੋਆਕਸਾਈਡ ਗੈਸ ਬਣਦੀ ਹੈ ਅਤੇ ਜਿਸ ਨਾਲ ਬੰਦ ਕਮਰੇ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਜੋ ਕਿ ਸਿਹਤ ਲਈ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਜੇਕਰ ਕਿਸੇ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ।

ਵਿਨੋਦ ਕੁਮਾਰ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਅਤੇ ਦਿਵੇਸ਼ ਕੁਮਾਰ ਨੇ ਦੱਸਿਆ ਕਿ ਛੋਟੇ ਬੱਚੇ ਇਸ ਮੌਸਮ 'ਚ ਜ਼ਿਆਦਾ ਬੀਮਾਰ ਹੁੰਦੇ ਹਨ, ਇਸ ਲਈ ਬੱਚਿਆਂ ਨੂੰ ਗਰਮ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਬੂਟ-ਜੁਰਾਬਾਂ ਅਤੇ ਸਿਰ ਅਤੇ ਟੋਪੀ ਪਾਉਣੀ ਚਾਹੀਦੀ ਹੈ। ਬਜ਼ੁਰਗ, ਦਮਾ ਅਤੇ ਸਾਹ ਦੀ ਬੀਮਾਰੀ ਦੇ ਮਰੀਜ਼ ਬਹੁਤੀ ਜ਼ਿਆਦਾ ਠੰਡ ਹੋਣ ਤੇ ਘਰੋਂ ਬਾਹਰ ਜਾਣ ਤੋਂ ਗੁਰੇਜ ਕਰਨ ਅਤੇ ਖ਼ੁਰਾਕ ਵਿੱਚ ਵੀ ਗਰਮ ਚੀਜਾਂ ਜਿਵੇਂ ਸੂਪ, ਚਾਹ, ਕਾਫੀ, ਸੰਤੁਲਿਤ ਖੁਰਾਕ ਦਾ ਸੇਵਨ ਕਰਨ। ਸਰੀਰ 'ਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਥੋੜ੍ਹੇ-ਥੋੜੇ ਸਮੇਂ ਬਾਅਦ ਜਾਂ ਲੋੜ ਅਨੁਸਾਰ ਕੋਸਾ ਜਾਂ ਗਰਮ ਗੁਣਗੁਣਾ ਪਾਣੀ ਪੀਤਾ ਜਾਵੇ।
 


author

Babita

Content Editor

Related News