ਕਿਤਾਬ ਘਰ : ਮਨੁੱਖੀ ਸਰੋਕਾਰਾਂ ਨਾਲ ਲਬਰੇਜ਼ ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ‘ਚਰਖ਼ੜੀ’

Monday, Aug 09, 2021 - 09:59 PM (IST)

ਕਿਤਾਬ ਘਰ : ਮਨੁੱਖੀ ਸਰੋਕਾਰਾਂ ਨਾਲ ਲਬਰੇਜ਼ ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ‘ਚਰਖ਼ੜੀ’

ਕਵਿਤਾ ਅਜਿਹਾ ਸਾਹਿਤ ਰੂਪ ਹੈ, ਜੋ ਮਨੁੱਖ ਦੇ ਅੰਦਰ ਲੱਥ ਜਾਣ ਦੀ ਸਮਰੱਥਾ ਰੱਖਦੀ ਹੈ। ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਕਵੀ ਪੁਰਸਕਾਰ ਪ੍ਰਾਪਤ ਗੁਰਭਜਨ ਗਿੱਲ ਸਾਡਾ ਸਮਰੱਥਾਵਾਨ ਤੇ ਸੁਪ੍ਰਸਿੱਧ ਕਵੀ ਹੈ, ਜਿਸ ਦੀ ਕਵਿਤਾ ਦਾ ਅਸਰ ਦਿਲ-ਦਿਮਾਗ ’ਤੇ ਸਿੱਧਾ ਤੇ ਚਿਰਜੀਵੀ ਹੁੰਦਾ ਹੈ। ਉਸ ਦੀ ਬਹੁਤ ਪ੍ਰਚੱਲਿਤ ਕਵਿਤਾ ‘ਲੋਰੀ’
 
ਮਾਏ ਨੀ ਅਣਜੰਮੀ ਧੀ ਨੂੰ,
ਆਪਣੇ ਨਾਲੋਂ ਵਿੱਛੜੇ ਜੀਅ ਨੂੰ,
ਜਾਂਦੀ ਵਾਰੀ ਮਾਏ ਨੀ 
ਇਕ ਲੋਰੀ ਦੇ ਦੇ।
ਬਾਬਲ ਤੋਂ ਭਾਵੇਂ ਚੋਰੀ ਨੀ 
ਇਕ ਲੋਰੀ ਦੇ ਦੇ।
ਦਾ ਹਵਾਲਾ ਦਿੱਤਾ ਜਾ ਸਕਦਾ ਹੈ। ਸ਼ਾਇਦ ਹੀ ਕੋਈ ਵਿਅਕਤੀ ਹੋਵੇ, ਜਿਸ ਨੇ ਇਹ ਕਵਿਤਾ ਨਾ ਪੜ੍ਹੀ/ਸੁਣੀ ਹੋਵੇ। ਇਸ ਕਵਿਤਾ/ਗੀਤ ਦਾ ਕਵੀਆਂ ’ਤੇ ਅਜਿਹਾ ਪ੍ਰਭਾਵ ਪਿਆ ਕਿ ਉਨ੍ਹਾਂ ਨੇ ਇਹੋ ਜਿਹੀਆਂ ਹੋਰ ਅਨੇਕਾਂ ਕਵਿਤਾਵਾਂ ਨੂੰ ਜਨਮ ਦਿੱਤਾ। 
ਹੁਣੇ ਜਿਹੇ ਤ੍ਰੈਮਾਸਿਕ ਪੱਤਰ ‘ਸਿਰਜਣਾ’ ਵਿਚ ਉਸਦੀਆਂ ਕੁਝ ਕਵਿਤਾਵਾਂ ਪੜ੍ਹੀਆਂ ਤਾਂ ਉਨ੍ਹਾਂ ’ਚੋਂ ਇਕ ਕਵਿਤਾ ‘ਮਿਲ ਜਾਇਆ ਕਰ’ ਪੜ੍ਹ ਕੇ ਅੱਜ ਦੇ ਕੋਰੋਨਾ ਸੰਕਟਕਾਲ ’ਚ ਜਦੋਂ ਬੰਦਾ ਬੰਦੇ ਨੂੰ ਮਿਲਣ ਨੂੰ ਤਰਸ ਰਿਹਾ ਹੈ, ਇਉਂ ਲੱਗਦਾ ਹੈ ਜਿਵੇਂ ਉਸ ਨੇ ਸਾਡੀ ਸਾਰਿਆਂ ਦੀ ਦੁਖਦੀ ਰਗ਼ ’ਤੇ ਹੱਥ ਧਰ ਦਿੱਤਾ ਹੋਵੇ। 
ਬਹੁਤ ਖੁਸ਼ੀ ਹੋਈ ਜਦੋਂ ਇਹ ਕਵਿਤਾ ਇਸ ਸੰਗ੍ਰਹਿ ’ਚੋਂ ਵੀ ਲੱਭ ਪਈ,

ਏਸੇ ਤਰ੍ਹਾਂ ਹੀ ਮਿਲ ਜਾਇਆ ਕਰ।
ਜਿਉਂਦੇ ਹੋਣ ਦਾ 
ਭਰਮ ਬਣਿਆ ਰਹਿੰਦਾ ਹੈ।
ਫਿਕਰਾਂ ਦਾ ਚੱਕਰਵਿਊ 
ਟੁੱਟ ਜਾਂਦਾ ਹੈ।
ਕੁਝ ਦਿਨ ਚੰਗੇ ਲੰਘ ਜਾਂਦੇ ਨੇ,
ਰਾਤਾਂ ਨੂੰ ਨੀਦ ਨਹੀਂ ਉਟਕਦੀ।
ਮਿਲ ਜਾਇਆ ਕਰ।
 
ਮਨੁੱਖ ਸਮਾਜਿਕ ਪ੍ਰਾਣੀ ਹੈ, ਰਿਸ਼ਤਿਆਂ ’ਚ ਬੱਝਿਆ ਹੋਇਆ। ਇਹ ਕਵਿਤਾ ਆਪਣੇ ਪਿਆਰਿਆਂ ਨੂੰ ਮਿਲਣ ਦੇ ਮੋਹ ’ਚੋਂ ਉਪਜਿਆ ਇਕ ਤਰਲਾ ਹੈ, ਜੋ ਹਰ ਪਾਠਕ ਨੂੰ ਪ੍ਰਭਾਵਿਤ ਕਰਦਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸ. ਪੀ. ਸਿੰਘ ਇਸ ਪੁਸਤਕ ਦੇ ਸਰਵਰਕ ਦੇ ਪਿਛਲੇ ਪਾਸੇ ਲਿਖਦੇ ਹਨ, ‘‘ਗੁਰਭਜਨ ਗਿੱਲ ਸਮਰੱਥ ਤੇ ਲਗਾਤਾਰ ਕਿਰਿਆਸ਼ੀਲ ਪੰਜਾਬੀ ਕਵੀ, ਸਾਹਿਤਕ ਟਿੱਪਣੀਕਾਰ, ਵਿਗਿਆਨ ਸਾਹਿਤ ਸੰਪਾਦਨਾ ਅਤੇ ਖੇਡਾਂ ਦੇ ਖੇਤਰ ’ਚ ਬਹੁਤ ਸਰਗਰਮ ਸੱਭਿਆਚਾਰਕ ਸ਼ਖ਼ਸੀਅਤ ਹੈ।’’

ਅਸੀਂ ਸਾਰੇ ਜਾਣਦੇ ਹਾਂ ਕਿ ਗੁਰਭਜਨ ਗਿੱਲ ਨਾ ਸਿਰਫ ਸਾਹਿਤ ਰਚਨਾ ਕਰਦਾ ਹੈ ਪਰ ਦੇਸ਼-ਵਿਦੇਸ਼ ਦੇ ਸਾਹਿਤਕ ਹਲਕਿਆਂ ’ਚ ਵੀ ਬਹੁਤ ਸਰਗਰਮ ਰਹਿੰਦਾ ਹੈ। ਉਹ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਵੱਖ-ਵੱਖ ਅਹੁਦਿਆਂ ’ਤੇ ਬਹੁਤ ਸਮੇਂ ਤੱਕ ਕਾਰਜਸ਼ੀਲ ਰਿਹਾ ਅਤੇ ਅੰਤ ’ਚ 2010-14 ਤੀਕ ਇਸ ਦਾ 4 ਸਾਲ ਪ੍ਰਧਾਨ ਵੀ ਰਿਹਾ। ਕਿੱਤੇ ਵਜੋਂ ਉਹ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਤੇ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਓਂ (ਲੁਧਿਆਣਾ) ਕਾਲਜਾਂ ’ਚ 7 ਸਾਲ ਪੜ੍ਹਾਉਣ ਉਪਰੰਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ’ਚ 1983 ਤੋਂ 2013 ਤੱਕ ਪੜ੍ਹਾਉਂਦਾ ਰਿਹਾ ਅਤੇ ਹੁਣ ਰਿਟਾਇਰਮੈਂਟ ਤੋਂ ਬਾਅਦ ਬਹੁਤ ਸਾਰੀਆਂ ਸਾਹਿਤਕ ਸਰਗਰਮੀਆਂ ਖਾਸ ਕਰਕੇ ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਵੱਲੋਂ ਕਰਵਾਏ ਜਾਂਦੇ ਸਾਹਿਤਕ ਪ੍ਰੋਗਰਾਮਾਂ ’ਚ ਰੁੱਝਾ ਰਹਿੰਦਾ ਹੈ।

ਗੁਰਭਜਨ ਗਿੱਲ ਦੇ ਸਾਹਿਤਕ ਸਫ਼ਰ ਦੀ ਜੇ ਗੱਲ ਕਰੀਏ ਤਾਂ ਅੱਜ ਤੱਕ ਉਹ 10 ਕਾਵਿ-ਸੰਗ੍ਰਹਿ, ਇਕ ਗੀਤ-ਸੰਗ੍ਰਹਿ, ਛੇ ਗ਼ਜ਼ਲ ਸੰਗ੍ਰਹਿ, ਦੋ ਰੁਬਾਈ ਸੰਗ੍ਰਹਿ, ਇਕ ਵਾਰਤਕ ਪੁਸਤਕ ਦੀ ਰਚਨਾ ਕਰ ਚੁੱਕਿਆ ਹੈ। ਹੋਰ ਬਹੁਤ ਸਾਰੇ ਸੰਪਾਦਿਤ ਸਾਂਝੇ ਸੰਗ੍ਰਹਿਆਂ ’ਚ ਉਸ ਦੇ ਗੀਤ, ਗ਼ਜ਼ਲਾਂ ਤੇ ਕਵਿਤਾਵਾਂ ਸ਼ਾਮਿਲ ਹਨ। ‘ਚਰਖੜੀ’ ਉਸ ਦੀ ਪੁਸਤਕ ਅਮਰੀਕਾ ਵਸਦੀ ਕਹਾਣੀਕਾਰ ਪਰਵੇਜ਼ ਸੰਧੂ ਦੀ ਬੇਟੀ ਦੀ ਯਾਦ ’ਚ ਸਥਾਪਿਤ ਸਵੀਨਾ ਪ੍ਰਕਾਸ਼ਨ ਕੈਲੀਫੋਰਨੀਆ (ਅਮਰੀਕਾ) ਵੱਲੋਂ ਨਵ-ਪ੍ਰਕਾਸ਼ਿਤ ਕਾਵਿ ਸੰਗ੍ਰਹਿ ਹੈ। ਪੰਜਾਬੀ ਕਾਵਿ-ਜਗਤ ਵਿਚ ‘ਚਰਖੜੀ’ ਦੀ ਆਮਦ ਇਕ ਸ਼ੁੱਭ ਸ਼ਗਨ ਹੈ।  
 
‘ਚਰਖੜੀ’ ਦੋ ਸੌ ਬੱਤੀ ਸਫ਼ਿਆਂ ਦਾ ਵੱਡ-ਆਕਾਰੀ ਕਾਵਿ-ਸੰਗ੍ਰਹਿ ਹੈ। ਕਵੀ ਤੇ ਚਿਤਰਕਾਰ ਸਵਰਨਜੀਤ ਸਵੀ ਵਲੋਂ ਬਣਾਇਆ ਇਸ ਦਾ ਸਰਵਰਕ ਪਹਿਲੀ ਨਜ਼ਰ ’ਚ ਆਕਰਸ਼ਿਤ ਕਰਦਾ ਹੈ। ਇਸ ਸੰਗ੍ਰਹਿ ’ਚ ਪਹਿਲੀ ਤੇ ਆਖ਼ਰੀ ਕੁਝ ਰਚਨਾਵਾਂ ਛੱਡ ਕੇ ਵਧੇਰੇ ਕਰਕੇ ਖੁੱਲ੍ਹੀਆਂ ਕਵਿਤਾਵਾਂ ਹਨ। ਇਨ੍ਹਾਂ ’ਚ ਬਹੁਤ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਕੁਝ ਮਹੱਤਵਪੂਰਨ ਲੇਖਕਾਂ/ਵਿਅਕਤੀਆਂ ਦੇ ਕਾਵਿ-ਚਿੱਤਰ ਵੀ ਅੰਕਿਤ ਕੀਤੇ ਗਏ ਹਨ। ਕਵਿਤਾਵਾਂ ਦੇ ਕੁਝ ਕੁ ਪਾਤਰ ਇਤਿਹਾਸ ਅਤੇ ਮਿਥਿਹਾਸ ’ਚੋਂ ਲਏ ਗਏ ਹਨ। ਇਨ੍ਹਾਂ ਆਮ ਨਾਲੋਂ ਕੁਝ ਲੰਮੀਆਂ ਬਿਰਤਾਂਤਕ ਕਵਿਤਾਵਾਂ ’ਚ ਉਸ ਨੇ ਮਹਾਰਿਸ਼ੀ ਵਾਲਮੀਕਿ, ਰਾਵਣ, ਸੀਤਾ, ਦੁਸਹਿਰਾ, ਡਾਰਵਿਨ, ਸ਼ਹੀਦ ਭਗਤ ਸਿੰਘ, ਔਰੰਗਜ਼ੇਬ, ਆਸਿਫ਼ਾ, ਗੁਰੂ ਸਾਹਿਬਾਨ ਤੇ ਹੋਰ ਬਹੁਤ ਸਾਰੇ ਚਰਚਿਤ ਪਾਤਰਾਂ ਦਾ ਜ਼ਿਕਰ ਕੀਤਾ ਹੈ। ਕਿਸਾਨੀ ਸੰਕਟ, ਕੋਰੋਨਾ ਕਾਲ ਦੀਆਂ ਦੁਸ਼ਵਾਰੀਆਂ, ਜਾਤ-ਪਾਤ, ਛੋਟੇ-ਵੱਡੇ ਦਾ ਭੇਦਭਾਵ, ਗੱਲ ਕੀ ਤਕਰੀਬਨ ਹਰ ਵਿਸ਼ਾ ਆਪਣੀ ਕਵਿਤਾ ਲਈ ਚੁਣਿਆ ਹੈ।
‘ਸੂਰਜ ਦੀ ਕੋਈ ਜਾਤ ਨਹੀਂ ਹੁੰਦੀ’ ਕਵਿਤਾ ਵਿਚ ਉਸ ਨੇ ਮਹਾਰਿਸ਼ੀ ਵਾਲਮੀਕਿ ਨੂੰ ਸੂਰਜ ਦੀ ਉਪਾਧੀ ਦਿੱਤੀ ਹੈ। ਉਹ ਲਿਖਦਾ ਹੈ, ਉਸ ਦੇ ਹੱਥ ’ਚ ਮੋਰਪੰਖ ਸੀ ਪੱਤਰਿਆਂ ’ਤੇ ਨੱਚਦਾ
ਸ਼ਬਦਾਂ ਸੰਗ ਪੈਲਾਂ ਪਾਉਂਦਾ।
ਇਤਿਹਾਸ ਰਚਦਾ,
ਪਹਿਲੇ ਮਹਾਕਾਵਿ ਦਾ ਸਿਰਜਣਹਾਰ।
ਕਿਸੇ ਲਈ ਰਿਸ਼ੀ
ਕਿਸੇ ਵਾਸਤੇ ਮਹਾਰਿਸ਼ੀ।
ਲਿੱਸਿਆਂ ਨਿਤਾਣਿਆਂ ਲਈ
ਸਗਵਾਂ ਭਗਵਾਨ ਸੀ ਮੁਕਤੀਦਾਤਾ
ਸਵੈਮਾਣ ਦਾ 
ਉੱਚ ਦੁਮਾਲੜਾ ਬੁਰਜ।
ਰੌਸ਼ਨ ਪਾਠ ਸੀ ਵਕਤ ਦੇ ਸਫੇ ਤੇ
ਤ੍ਰੈਕਾਲ ਦਰਸ਼ੀ ਮੱਥਾ ਸੀ,
ਫੈਲ ਗਿਆ। 
ਚੌਵੀ ਹਜ਼ਾਰ ਸ਼ਲੋਕਾਂ ਵਿਚ
ਘੋਲ ਕੇ ਸੰਪੂਰਨ ਆਪਾ 
ਇਤਿਹਾਸ ਹੋ ਗਿਆ।
 
ਸੋ ਅਸੀਂ ਵੇਖ ਸਕਦੇ ਹਾਂ ਕਿ ਉਸਦੀਆਂ ਕਵਿਤਾਵਾਂ ’ਚ ਬਹੁਤ ਸਾਰੀ ਜਾਣਕਾਰੀ ਵੀ ਵਿਦਮਾਨ ਹੈ, ਜਿਵੇਂ ਭਗਵਾਨ ਵਾਲਮੀਕਿ ਦਾ ਚੌਵੀ ਹਜ਼ਾਰ ਸ਼ਲੋਕਾਂ ਵਾਲੇ ਮਹਾਕਾਵਿ ਦੇ ਪਹਿਲੇ ਰਚੇਤਾ ਹੋਣਾ। ਪਹਿਲੀ ਕਵਿਤਾ ‘ਚਰਖੜੀ’, ਜਿਸ ਦੇ ਨਾਂ ’ਤੇ ਕਵੀ ਨੇ ਆਪਣੀ ਪੁਸਤਕ ਦਾ ਨਾਂ ਵੀ ਰੱਖਿਆ ਹੈ, ਇਸ ਸੰਗ੍ਰਹਿ ਦੀ ਇਕ ਮਹੱਤਵਪੂਰਨ ਕਵਿਤਾ ਹੈ, ਜਿਸ ਦਾ ਕੇਂਦਰੀ ਭਾਵ ਹੈ ਕਿ ਅੱਜ ਦੇ ਸਮੇਂ ’ਚ ਮਨੁੱਖ ਇੰਨਾ ਉਲਝ ਗਿਆ ਹੈ ਕਿ ਉਸ ਕੋਲ ਬਾਕੀ ਸਭ ਕੁਝ ਤਾਂ ਹੈ ਪਰ ਆਪਣੇ ਜੋਗਾ ਵਕਤ ਨਹੀਂ। ਨਾ ਉਸ ਕੋਲ ਜੀਣ ਜੋਗਾ ਵਕਤ ਹੈ ਤੇ ਨਾ ਮਰਨ ਜੋਗਾ। ਇਹ ਉਸ ਦੀ ਤ੍ਰਾਸਦੀ ਹੀ ਸਮਝੋ ਕਿ ਅੱਜ ਦਾ ਮਨੁੱਖ ਚਰਖੜੀ ਵਾਂਗ ਘੁੰਮ ਰਿਹਾ ਹੈ ਜਾਂ ਇਹ ਕਹਿ ਲਓ ਉਹ ਖੁਦ ਜ਼ਿੰਦਗੀ ਨਾਮੀ ਚਰਖੜੀ ’ਤੇ ਚੜ੍ਹਿਆ ਹੋਇਆ ਜ਼ਿੰਦਗੀ ਦਾ ਆਨੰਦ ਮਾਣਨ ਦੀ ਬਜਾਏ ਦੁੱਖਾਂ-ਪਰੇਸ਼ਾਨੀਆਂ ਵਿਚ ਘਿਰਿਆ ਹੋਇਆ ਹੈ। 
ਉਹ ਲਿਖਦਾ ਹੈ,
 
ਗ਼ਮਗ਼ੀਨ ਜਿਹਾ ਦਿਲ ਭਾਰੀ ਹੈ
ਬਣ ਚੱਲਿਆ ਨਿਰੀ ਮਸ਼ੀਨ ਜਿਹਾ
ਦਿਨ ਰਾਤ ਚਰਖੜੀ ਘੁੰਮੇ ਪਈ
ਹੁਣ ਰੋਣ ਲਈ ਹੀ ਵਕਤ ਨਹੀਂ। 
 
ਕਿਸੇ ਵਰਤਾਰੇ ਨੂੰ ਉਸ ਦੇ ਮੌਲਿਕ ਰੂਪ ਅਤੇ ਉਸ ਤੋਂ ਪਰ੍ਹੇ ਉਸ ਦੇ ਧੁਰ ਸੋਮੇ ਤੱਕ ਸਮਝ ਲੈਣਾ ਕਾਵਿ-ਚੇਤਨਾ ਦਾ ਕਦੀਮੀ ਵਿਹਾਰ ਹੈ। ਪੰਜਾਬ ਦੇ ਕਿਸਾਨੀ ਸੰਕਟ ਨੂੰ ਆਪਣੀ ਇਕ ਕਵਿਤਾ ‘ਬਦਲ ਗਏ ਮੰਡੀਆਂ ਦੇ ਭਾਅ’ ਵਿਚ ਉਸ ਨੇ ਬਾਖੂਬੀ ਸਮਝਿਆ ਹੈ। ਕਿਸਾਨੀ ਸੰਕਟ ਨੇ ਪੰਜਾਬ ਦੀ ਤਕਦੀਰ ਬਦਲ ਦਿੱਤੀ ਹੈ। ਮੰਡੀ ਦੇ ਮੁਨਾਫ਼ਾ ਆਧਾਰਿਤ ਵਿਹਾਰ ਨੇ ਕਿਸਾਨ ਨੂੰ ਕੱਖੋਂ ਹੌਲਾ ਕਰ ਕੇ ਰੱਖ ਦਿੱਤਾ ਹੈ। ਅਜੋਕੇ ਕਿਸਾਨੀ ਸੰਕਟ ਬਾਰੇ ਉਹ ਲਿਖਦਾ ਹੈ ਕਿ ਉਹ ਆੜ੍ਹਤੀਆ, ਜਿਸ ਨੂੰ ਲੋਕ ਕੈਲਾ ਕਹਿ ਕੇ ਬੁਲਾਉਂਦੇ ਸਨ, ਕਿਸਾਨ ਦੇ ਅਨਾਜ ਨੂੰ ਸਸਤੇ ਭਾਅ ਖਰੀਦ ਕੇ ਡੇਢੇ ਭਾਅ ਵੇਚ-ਵੇਚ ਕੇ ਹੁਣ ਕਰਨੈਲ ਸਿੰਘ ਬਣ ਗਿਆ ਹੈ ਅਤੇ ਖੇਤਾਂ ਦਾ ਮਾਲਕ ਜਰਨੈਲ ਸਿੰਘ ਮੰਡੀ ਹੱਥੋਂ ਲੁੱਟ ਹੁੰਦਾ-ਹੁੰਦਾ ਕਰਜ਼ਿਆਂ ਹੇਠ ਦੱਬਿਆ ਜੈਲੂ ਬਣ ਗਿਆ ਹੈ। ਕਿਸਾਨ ਦੇ ਦਰਪੇਸ਼ ਦੁਸ਼ਵਾਰੀਆਂ ਦਾ ਬਹੁਤ ਮਾਰਮਿਕ ਚਿੱਤਰ ਪੇਸ਼ ਕੀਤਾ ਗਿਆ ਹੈ ਇਸ ਕਵਿਤਾ ’ਚ। ਅਸਲ ’ਚ ਇਹ ਕਵਿਤਾ ਸਿਰਫ ਪੰਜਾਬ ਦੇ ਕਿਸਾਨੀ ਸੰਕਟ ਦਾ ਹੀ ਬਿਆਨ ਨਹੀਂ ਕਰਦੀ ਸਗੋਂ ਪੰਜਾਬ ਦੀ ਧੁੰਦਲੀ ਪੈਂਦੀ ਜਾ ਰਹੀ ਤਸਵੀਰ ਦੀ ਕਹਾਣੀ ਹੈ, ਕਿਸਾਨ ਦੀ ਮਾੜੀ ਤਕਦੀਰ ਦੀ ਨਿਸ਼ਾਨਦੇਹੀ ਕਰਦੀ ਹੈ,
 
ਮੀਂਹ ਕਣੀ ’ਚ ਕੋਠਾ ਚੋਂਦਾ ਹੈ।
ਕੋਠੇ ਜਿੱਡੀ ਧੀ ਦਾ 
ਕੱਦ ਡਰਾਉਂਦਾ ਹੈ।
ਸਕੂਲੋਂ ਹਟੇ ਪੁੱਤਰ ਨੂੰ 
ਫ਼ੌਜ ਵੀ ਨਹੀਂ ਲੈਂਦੀ।
ਅਖੇ ਛਾਤੀ ਘੱਟ ਚੌੜੀ ਹੈ !
ਕੌਣ ਦੱਸੇ 
ਇਹ ਹੋਰ ਸੁੰਗੜ ਜਾਣੀ ਹੈ,
ਇੰਜ ਹੀ ਪੁੜਾਂ ਹੇਠ।
 
‘ਚਰਖੜੀ’ ਦੇ ਸਰਵਰਕ ਦੇ ਮੂਹਰਲੇ ਫਲਿੱਪਰ ’ਤੇ ਡਾ. ਗੁਰਇਕਬਾਲ ਸਿੰਘ ਲਿਖਦੇ ਹਨ, ‘‘ਗੁਰਭਜਨ ਗਿੱਲ ਦੀ ਕਾਵਿ-ਸੰਵੇਦਨਾ ਮਾਨਵੀ ਸਮਾਜ ਤੋਂ ਉਪਜੇ ਤਣਾਅ ਨੂੰ ਸਿਰਜਣਾਤਮਕਤਾ ਦਾ ਵਾਹਨ ਬਣਾਉਂਦੀ ਹੈ। ਉਹ ਆਪਣੀ ਕਵਿਤਾ ’ਚ ਜੀਵੰਤ ਸਮਾਜ ’ਚ ਜੀਣ ਦੀ ਤਮੰਨਾ ਦਾ ਪ੍ਰਵਚਨ ਉਸਾਰਦਾ ਹੈ। ਇਹ ਪ੍ਰਵਚਨ ਸਥਾਪਤੀ ਤੇ ਵਿਸਥਾਪਤੀ ਵਿਅਕਤੀ ਤੇ ਸਮਾਜ ਦਰਮਿਆਨ ਉਪਜੇ ਤਣਾਅ ’ਚੋਂ ਅਰਥ ਗ੍ਰਹਿਣ ਕਰਦਾ ਹੈ।” ਅਸੀਂ ਗੁਰਭਜਨ ਗਿੱਲ ਦੀਆਂ ਕਵਿਤਾਵਾਂ ’ਚ ਵੇਖਦੇ ਹਾਂ ਕਿ ਅਜੋਕਾ ਮਨੁੱਖ ਸਮਾਜ ’ਚ ਬਹੁਤ ਸਾਰੇ ਮੁਹਾਜਾਂ ’ਤੇ ਲੜ ਰਿਹਾ ਹੈ। ਗੁਰਭਜਨ ਗਿੱਲ ਸਾਧਾਰਨ ਭਾਸ਼ਾ ’ਚ ਆਪਣੀ ਕਵਿਤਾ ਰਚਦਾ ਹੈ, ਜਿਸ ਦਾ ਸੰਚਾਰ ਬੜੀ ਆਸਾਨੀ ਨਾਲ ਹੋ ਜਾਂਦਾ ਹੈ ਪਰ ਉਸ ਦੀ ਸਾਧਾਰਣ ਦਿਸਦੀ ਕਵਿਤਾ ਰਾਹੀਂ ਉਹ ਬਹੁਤ ਕੁਝ ਬਿਆਨ ਕਰਦਾ ਬਹੁਤ ਦੂਰ ਤੱਕ ਸੋਚ ਨੂੰ ਲੈ ਜਾਂਦਾ ਹੈ। ਪਾਠਕ ਉਸ ਦੇ ਨਾਲ ਤੁਰਦਾ-ਤੁਰਦਾ ਕਵਿਤਾ ਦਾ ਆਨੰਦ ਵੀ ਮਾਣਦਾ ਹੈ ਅਤੇ ਦਰਪੇਸ਼ ਸਥਿਤੀਆਂ ਨੂੰ ਜਾਂਚਦਾ-ਘੋਖਦਾ ਵੀ ਹੈ।

‘ਨੰਦੋ ਬਾਜ਼ੀਗਰਨੀ’ ਕਵਿਤਾ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਕਿੰਨੇ ਸਰਲ ਤਰੀਕੇ ਨਾਲ ਉਹ ਸਾਧਾਰਨ ਦਿਸਦੇ ਵਾਕਾਂ ’ਚੋਂ ਮਨੁੱਖੀ ਵਰਤਾਰਿਆਂ, ਸਮਾਜ ਦੀ ਸੋਚ ਅਤੇ ਰਹਿਣ-ਸਹਿਣ ਪ੍ਰਤੀ ਵਾਰਤਾਲਾਪ  ਉਸਾਰਦਾ ਹੈ ਅਤੇ ਸਵਾਲ ਖੜ੍ਹੇ ਕਰਦਾ ਹੈ। ਇਸ ਕਵਿਤਾ ’ਚ ਉਹ ਨੰਦੋ ਦੀ ਸੰਪੂਰਨ ਸ਼ਖਸੀਅਤ ਤੇ ਉਸ ਦੇ ਕਿਰਦਾਰ ਨੂੰ ਬਿਆਨ ਕਰਦਾ-ਕਰਦਾ ਪੂਰੇ ਬਾਜ਼ੀਗਰ ਕਬੀਲੇ ਦੀ ਤਸਵੀਰ ਖਿੱਚ ਕੇ ਰੱਖ ਦਿੰਦਾ ਹੈ ਜੋ ਚਲਚਿੱਤਰ ਵਾਂਗ ਪਾਠਕ ਦੇ ਮਨ ’ਤੇ ਲਗਾਤਾਰ ਚੱਲਦੀ ਰਹਿੰਦੀ ਹੈ। ਨੰਦੋ ਦਾ ਬਾਸੀ ਰੋਟੀ ਖਾਣਾ, ਉਸ ਦਾ ਆਪਣੇ ਕੋਲ ਡਾਂਗ ਰੱਖਣਾ, ਜੋ ਉਹ ਕੁੱਤਿਆਂ ਲਈ ਨਹੀਂ ਕੁੱਤਿਆਂ ਵਰਗੇ ਬੰਦਿਆਂ ਲਈ ਰੱਖਦੀ ਸੀ, ਗਰੀਬ ਤੇ ਅਮੀਰ ਦਾ ਪਾੜਾ, ਬਾਜ਼ੀਗਰ ਕਬੀਲੇ ਨੂੰ ਵਿੱਦਿਆ ਪ੍ਰਾਪਤੀ ਤੋਂ ਵਾਂਝਿਆਂ ਰੱਖਿਆ ਜਾਣਾ ਸਭ ਕੁਝ ਅੱਖਾਂ ਮੂਹਰੇ ਸਾਕਾਰ ਹੋ ਜਾਂਦਾ ਹੈ ਤੇ ਸੰਵੇਦਨਸ਼ੀਲ ਪਾਠਕ ਨੂੰ ਪ੍ਰਭਾਵਿਤ ਕਰਦਾ ਹੈ।
 
‘ਉਹ ਪੁੱਛਦੇ ਨੇ ਅੱਥਰਾ ਘੋੜਾ ਕੀ ਹੁੰਦੈ’ ਵਿਚ ਉਸ ਨੇ ਰਾਜਨੀਤਕ ਲੋਕਾਂ ਨੂੰ ਲੰਮੇ ਹੱਥੀਂ ਲਿਆ ਹੈ। ਉਨ੍ਹਾਂ ਨੂੰ ਬੇਨਸਲੇ, ਵੋਟਾਂ ਲੈ ਕੇ ਮੁੱਕਰ ਜਾਣ ਵਾਲੇ ਤੇ ਸਿੱਧੀਆਂ ਕੌੜੀਆਂ ਗੱਲਾਂ ਕਰਦਾ ਹੋਇਆ ਉਨ੍ਹਾਂ ਨੂੰ ਸਵਾਲ ਕਰਦਾ ਹੈ ਕਿ ਤੁਸੀਂ ਦੇਸ਼ ਲਈ ਕੀ ਕੀਤਾ? 
ਲੋਕਾਂ ਨੂੰ ਸੁਚੇਤ ਕਰਦਾ ਹੈ ਕਿ
 
ਏਸ ਤੋਂ ਪਹਿਲਾਂ ਕਿ 
ਇਹ ਘੋੜਾ ਤੁਹਾਨੂੰ ਮਿੱਧ ਜਾਵੇ,
ਇਸ ਨੂੰ ਨੱਥ ਪਾਉ ਤੇ ਪੁੱਛੋ
ਕਿ ਤੇਰਾ ਮੂੰਹ
ਅਠਾਰਵੀਂ ਸਦੀ ਵੱਲ ਕਿਉਂ ਹੈ?
 
‘ਚਰਖੜੀ’ ਵਿਚ ਮਾਂ ’ਤੇ ਲਿਖੀਆਂ 7 ਭਾਵਪੂਰਤ ਕਵਿਤਾਵਾਂ ਲਿਖੀਆਂ ਮਿਲਦੀਆਂ ਹਨ, ਜਿਨ੍ਹਾਂ ਦੇ ਵੱਖੋ-ਵੱਖਰੇ ਭਾਵ ਹਨ ਤੇ ਵੱਖੋ-ਵੱਖਰੇ ਕਿਰਦਾਰ ਹਨ। 
 
ਮੇਰੀ ਮਾਂ ਨੂੰ,
ਸਵੈਟਰ ਬੁਣਨਾ ਨਹੀਂ ਸੀ ਆਉਂਦਾ
ਪਰ ਉਹ 
ਰਿਸ਼ਤੇ ਬੁਨਣੇ ਜਾਣਦੀ ਸੀ।
ਮਾਂ ਨੂੰ ਤਰਨਾ ਨਹੀਂ ਸੀ ਆਉਂਦਾ
ਪਰ ਉਹ ਤਾਰਨਾ ਜਾਣਦੀ ਸੀ
 ਜਾਂ
ਮਾਂ ਵੱਡਾ ਸਾਰਾ ਰੱਬ ਹੈ
ਧਰਤੀ ਜਿੱਡਾ ਜੇਰਾ
ਅੰਬਰ ਜਿੱਡੀ ਅੱਖ
ਸਮੁੰਦਰ ਤੋਂ ਡੂੰਘੀ ਨੀਝ
ਪੌਣਾਂ ਤੋਂ ਤੇਜ਼ ਉਡਾਰੀ
ਬਾਗ ਹੈ ਚੰਦਨ ਰੁੱਖਾਂ ਦਾ
ਮਹਿਕਵੰਤੀ ਬਹਾਰ।
 
ਚਰਖੜੀ ਬਹੁਤ ਸਾਰੇ ਵਿਸ਼ਿਆਂ ਦਾ ਦਸਤਾਵੇਜ਼ ਹੈ। ਵੰਨ-ਸੁਵੰਨੇ ਵਿਸ਼ਿਆਂ ਦੀ ਭਰਮਾਰ ਹੈ ਇਸ ਵਿਚ। 
ਇਉਂ ਲੱਗਦਾ ਹੈ ਇਤਿਹਾਸ, ਮਿਥਿਹਾਸ ਉਸ ਨੂੰ ਟੁੰਬਦਾ ਹੈ ਅਤੇ ਅੱਜ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਜਦੋਂ ਉਸ ਦਾ ਮਨ ਵਲੂੰਧਰ ਕੇ ਰੱਖ ਦਿੰਦੀਆਂ ਹਨ ਤਾਂ ਉਹ ਅਛੋਪਲੇ ਜਿਹੇ ਕਵਿਤਾਵਾਂ ਬਣ ਜਾਂਦੀਆਂ ਹਨ। ਉਸ ਦੇ ਅੰਦਰ ਦੀ ਸੰਵੇਦਨਾ ਕਵਿਤਾ ਦਾ ਰੂਪ ਧਾਰ ਲੈਂਦੀ ਹੈ। 
ਉਹ ਪਾਠਕਾਂ ਨੂੰ ਵੀ ਇਹੀ ਸਲਾਹ ਦਿੰਦਾ ਹੈ ਕਿ
 
ਕਵਿਤਾ ਲਿਖਿਆ ਕਰੋ
ਦਰਦਾਂ ਨੂੰ ਧਰਤ ਮਿਲਦੀ ਹੈ।
ਕੋਰੇ ਵਰਕਿਆਂ ਨੂੰ ਸੌਂਪਿਆ ਕਰੋ,
ਰੂਹ ਦਾ ਸਗਲ ਭਾਰ।
ਇਹ ਲਿਖਣ ਨਾਲ
ਨੀਂਦ ’ਚ ਖ਼ਲਲ ਨਹੀਂ ਪੈਂਦਾ।
 
ਇਉਂ ਜਾਪਦੈ ਜਿਵੇਂ ਗੁਰਭਜਨ ਲਈ ਕਵਿਤਾ ਵਿਰੇਚਨ (ਕਥਾਰਸਿਜ਼) ਹੈ ਸ਼ਾਇਦ ਇਸੇ ਲਈ ਉਹ ਲਗਾਤਾਰ ਹਰ ਵਿਸ਼ੇ ’ਤੇ ਲਿਖ ਰਿਹਾ ਹੈ। ਉਸ ਦੀ ਭਾਸ਼ਾ ਵਰਨਾਣਤਮਕ ਹੈ ਤੇ ਸ਼ੈਲੀ ਬਿਰਤਾਂਤਕ। 
ਉਹ ਇਸ਼ਾਰਿਆਂ ਜਾਂ ਬਿੰਬਾਂ ’ਚ ਘੱਟ ਤੇ ਸਪਸ਼ਟ ਰੂਪ ਵਿਚ ਵਧੇਰੇ ਗੱਲ ਕਰਦਾ ਹੈ। ਅਲੰਕਾਰ ਤੇ ਬਿੰਬ ਉਸ ਦੀ ਕਵਿਤਾ ’ਚ ਸਹਿਜੇ ਹੀ ਪਰਵੇਸ਼ ਕਰ ਜਾਂਦੇ ਹਨ, ਜਿਵੇਂ ‘ਦੀਵੇ ਵਾਂਗ ਬਲ਼ਦੀ ਅੱਖ ਵਾਲੀ ਨੰਦੋ’, ‘ਰੋਟੀ ਦਾ ਗੋਲ ਪਹੀਆ’, ‘ਸ਼ਬਦ ਅੰਗਿਆਰ ਬਣੇ’, ‘ਸਿੱਲੀਆਂ ਕੰਧਾਂ’, ‘ਸੁਪਨਿਆਂ ਦੀ ਮਮਟੀ’, ‘ਕੱਥਕ ਕਥਾ ਸੁਣਾਉਂਦੇ ਪੱਤੇ’, ‘ਚਿੱਟੀਆਂ ਚੁੰਨੀਆਂ ਦਾ ਵੈਣ’ ਪਾਉਣਾ ਆਦਿ ਉਸ ਦੀ ਕਵਿਤਾ ’ਚ ਰਚ-ਮਿਚ ਗਏ ਹਨ।

ਅਜਿਹੇ ਕਾਰਨਾਂ ਕਰਕੇ ‘ਚਰਖ਼ੜੀ’ ਇਕ ਮਹੱਤਵਪੂਰਨ ਤੇ ਪੜ੍ਹਨਯੋਗ ਪੁਸਤਕ ਹੈ, ਜੋ ਸਾਨੂੰ ਆਪਣੇ ਵਿਸ਼ਿਆਂ ਦੀ ਬਹੁਲਤਾ, ਇਸ ਦੀ ਸੁਚੱਜੀ ਭਾਸ਼ਾ, ਕਵਿਤਾ ਦੀ ਸੰਘਣੀ ਬੁਣਤੀ ਤੇ ਇਸ ਦੀ ਰਵਾਨਗੀ ਕਰਕੇ ਪ੍ਰਭਾਵਿਤ ਕਰਦੀ ਹੈ। ਇਹ ਵਿਚਾਰ ਚਰਚਾ ‘ਚਰਖ਼ੜੀ’ ਦੀ ਸਟੀਕ ਜਿਹੀ ਜਾਣਕਾਰੀ ਹੀ ਹੈ, ਕੋਈ ਸਾਹਿਤਕ ਮੁਲਾਂਕਣ ਨਹੀਂ। ਇਸ ਦਾ ਪੂਰਨ ਆਨੰਦ ਮਾਣਨ ਲਈ ਤੁਹਾਨੂੰ ਇਸ ਕਿਤਾਬ ਨੂੰ ਪੜ੍ਹਨਾ ਪਵੇਗਾ।
‘ਚਰਖ਼ੜੀ’ ਦੇ ਰਚਣਹਾਰੇ ਗੁਰਭਜਨ ਗਿੱਲ ਹੋਰਾਂ ਨੂੰ ਇਸ ਪੁਸਤਕ ਦੀ ਆਮਦ ’ਤੇ ਬਹੁਤ-ਬਹੁਤ ਵਧਾਈ। ਕਲਮ ਇਵੇਂ ਹੀ ਚੱਲਦੀ ਰਹੇ।
                                                                                                                                                                                                                                                                            ਸੁਰਜੀਤ ਬਰੈਂਪਟਨ (ਕੈਨੇਡਾ)
                                                                                                                                                                                                                                                                            +1 (416) 605-3784


author

Manoj

Content Editor

Related News