ਹਰਿਦੁਆਰ–ਅੰਮ੍ਰਿਤਸਰ ਜਨਸ਼ਤਾਬਦੀ ਐਕਸਪ੍ਰੈਸ ''ਚ ਨਾਬਾਲਗ ਕੁੜੀ ਮਿਲੀ, ਰੇਲਵੇ ਨੇ ਪਹੁੰਚਾਈ ਘਰ
Thursday, Sep 25, 2025 - 04:48 PM (IST)

ਜੈਤੋ (ਰਘੁਨੰਦਨ ਪਰਾਸ਼ਰ) : ਫਿਰੋਜ਼ਪੁਰ ਰੇਲ ਮੰਡਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ 25 ਸਤੰਬਰ ਨੂੰ ਫਿਰੋਜ਼ਪੁਰ ਮੰਡਲ ਦੀ ਟ੍ਰੇਨ ਨੰਬਰ 12053 (ਹਰਿਦੁਆਰ–ਅੰਮ੍ਰਿਤਸਰ ਜਨਸ਼ਤਾਬਦੀ ਐਕਸਪ੍ਰੈਸ) ਵਿਚ ਡਿਊਟੀ 'ਤੇ ਤਾਇਨਾਤ ਟੀ.ਟੀ.ਈ. ਸੰਜੀਵ ਸ਼ਰਮਾ, ਜਿਨ੍ਹਾਂ ਦਾ ਮੁੱਖ ਦਫ਼ਤਰ ਅੰਮ੍ਰਿਤਸਰ ਹੈ, ਨੇ ਬਿਨਾਂ ਰਿਜ਼ਰਵੇਸ਼ਨ ਵਾਲੇ ਡੱਬੇ ਵਿਚ ਟਿਕਟ ਚੈਕਿੰਗ ਦੌਰਾਨ ਲਗਭਗ 12–13 ਸਾਲ ਦੀ ਇਕ ਇਕੱਲੀ ਬੱਚੀ ਨੂੰ ਵੇਖਿਆ। ਸੰਜੀਵ ਸ਼ਰਮਾ ਨੇ ਬਹੁਤ ਜ਼ਿੰਮੇਵਾਰੀ ਅਤੇ ਸੰਵੇਦਨਸ਼ੀਲਤਾ ਦਿਖਾਉਂਦੇ ਹੋਏ ਤੁਰੰਤ ਵਪਾਰਕ ਕੰਟਰੋਲ ਕਮਰੇ ਅੰਬਾਲਾ ਨਾਲ ਸੰਪਰਕ ਕੀਤਾ ਅਤੇ ਬੱਚੀ ਨੂੰ ਅੰਬਾਲਾ ਸਟੇਸ਼ਨ 'ਤੇ ਆਰ.ਪੀ.ਐਫ. ਸਟਾਫ਼ ਦੇ ਹਵਾਲੇ ਕਰ ਦਿੱਤਾ। ਆਰ.ਪੀ.ਐਫ. ਵੱਲੋਂ ਲੋੜੀਂਦੀ ਕਾਰਵਾਈ ਕਰਦੇ ਹੋਏ ਉਸ ਬੱਚੀ ਨੂੰ ਉਸ ਦੇ ਪਰਿਵਾਰ ਤੱਕ ਸੁਰੱਖਿਅਤ ਪਹੁੰਚਾਇਆ ਗਿਆ।
ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸੈਣੀ ਨੇ ਕਿਹਾ ਕਿ ਟੀ.ਟੀ.ਈ. ਸੰਜੀਵ ਸ਼ਰਮਾ ਦੀ ਫ਼ੌਰੀ ਕਾਰਵਾਈ ਅਤੇ ਚੌਕਸੀ ਕਾਰਨ ਇਕ ਬੱਚੀ ਸੁਰੱਖਿਅਤ ਤੌਰ 'ਤੇ ਆਪਣੇ ਪਰਿਵਾਰ ਤੱਕ ਪਹੁੰਚ ਸਕੀ। ਆਪਣੇ ਜ਼ਿੰਮੇਵਾਰੀ ਨਿਭਾਉਂਦੇ ਹੋਏ ਉਨ੍ਹਾਂ ਨੇ ਬੇਹੱਦ ਗੰਭੀਰਤਾ ਅਤੇ ਜ਼ਿੰਮੇਵਾਰੀ ਦੀ ਪਛਾਣ ਦਿੱਤੀ।