'ਡੌਂਕੀ' ਰਸਤੇ ਅਮਰੀਕਾ ਭੇਜਣ ਵਾਲੇ ਏਜੰਟਾਂ ਖ਼ਿਲਾਫ਼ NIA ਦਾ ਵੱਡਾ ਐਕਸ਼ਨ, ਹੈਰਾਨ ਕਰੇਗਾ ਪੂਰਾ ਮਾਮਲਾ
Friday, Oct 03, 2025 - 12:21 PM (IST)

ਜਲੰਧਰ/ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ) ਨੇ ਡੌਂਕੀ ਮਾਰਗ ਰਾਹੀ ਭਾਰਤ ਤੋਂ ਅਮਰੀਕਾ ਵਿਚ ਕਥਿਤ ਮਨੁੱਖੀ ਤਸਕਰੀ ਦੇ ਸਬੰਧ ਵਿਚ ਦੋ ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ ਦੇ ਰਹਿਣ ਵਾਲੇ ਸੰਨੀ ਅਤੇ ਦਿੱਲੀ ਦੇ ਪੀਰਾਗੜ੍ਹੀ ਦੇ ਰਹਿਣ ਵਾਲੇ ਸ਼ੁਭਮ ਸੰਧਾਲ ਵਜੋਂ ਹੋਈ ਹੈ। ਮੁੱਖ ਮੁਲਜ਼ਮ ਦਿੱਲੀ ਦੇ ਤਿਲਕ ਨਗਰ ਦੇ ਰਹਿਣ ਵਾਲੇ ਗਗਨਦੀਪ ਸਿੰਘ ਦੀ ਗ੍ਰਿਫ਼ਤਾਰੀ ਤੋਂ ਲਗਭਗ ਤਿੰਨ ਮਹੀਨੇ ਬਾਅਦ ਉਨ੍ਹਾਂ ਨੂੰ ਜੁਲਾਈ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਹਸਪਤਾਲ ’ਚ ਦਾਖ਼ਲ
ਇਹ ਦੋਸ਼ ਹੈ ਕਿ ਗਗਨਦੀਪ ਸਿੰਘ ਨੇ ਕਾਨੂੰਨੀ ਤੌਰ 'ਤੇ ਅਮਰੀਕੀ ਵੀਜ਼ੇ ਦਾ ਪ੍ਰਬੰਧ ਕਰਨ ਦੇ ਨਾਮ 'ਤੇ ਪ੍ਰਤੀ ਵਿਅਕਤੀ ਕੋਲੋਂ ਲਗਭਤ 45 ਲੱਖ ਰੁਪਏ ਲਏ। ਇਸ ਦੇ ਬਾਅਦ ਉਹ ਕਥਿਤ ਤੌਰ 'ਤੇ ਸਪੇਨ, ਅਲ ਸਲਵਾਡੋਰ, ਗੁਆਟੇਮਾਲਾ ਅਤੇ ਮੈਕਸੀਕੋ ਸਮੇਤ ਕਈ ਦੇਸ਼ਾਂ ਤੋਂ ਗੈਰ ਕਾਨੂੰਨੀ ਰੂਪ ਨਾਲ ਅਮਰੀਕਾ ਵਿੱਚ ਭੇਜਣ ਦੀ ਮਦਦ ਕਰਦਾ ਸੀ। "ਮਾਸਟਰਮਾਈਂਡ" ਨੇ ਕਥਿਤ ਤੌਰ 'ਤੇ 100 ਤੋਂ ਵੱਧ ਪੀੜਤਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਪਹੁੰਚਾਇਆ। ਇਹ ਮਾਮਲਾ ਪਹਿਲਾਂ ਪੰਜਾਬ ਪੁਲਸ ਨੇ ਤਰਨਤਾਰਨ ਵਿੱਚ ਦਰਜ ਕੀਤਾ ਸੀ ਅਤੇ 13 ਮਾਰਚ 2025 ਨੂੰ NIA ਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। NIA ਮੁਤਾਬਕ ਸੰਨੀ ਇਕ ਡੌਂਕਰ ਹੈ, ਜੋ ਡੌਂਕੀ ਰਸਤੇ ਰਾਹੀਂ ਮਨੁੱਖੀ ਤਸਕਰੀ ਵਿੱਚ ਸ਼ਾਮਲ ਸੀ।
ਇਹ ਵੀ ਪੜ੍ਹੋ: ਪੰਜਾਬ 'ਚ 4, 5 ਤੇ 6 ਅਕਤੂਬਰ ਲਈ ਵੱਡੀ ਭਵਿੱਖਬਾਣੀ! ਪਵੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
ਏਜੰਸੀ ਨੇ ਕਿਹਾ ਕਿ ਜਦੋਂ ਉਹ 2021 ਤੋਂ 2023 ਤੱਕ ਮੈਕਸੀਕੋ ਵਿੱਚ ਸੀ ਤਾਂ ਉਸ ਨੇ ਗੋਲਡੀ ਅਤੇ ਹੋਰਾਂ ਲੋਕਾਂ ਨਾਲ ਮਿਲ ਕੇ ਗੈਰ-ਕਾਨੂੰਨੀ ਸਰਹੱਦ ਪਾਰ ਕਰਨ ਅਤੇ ਪੀੜਤਾਂ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਵਿੱਚ ਮਦਦ ਕੀਤੀ। ਉਸ ਨੂੰ 'ਹਵਾਲਾ' ਅਤੇ ਬੈਂਕ ਟ੍ਰਾਂਸਫਰ ਰਾਹੀਂ ਭੁਗਤਾਨ ਕੀਤਾ ਗਿਆ। 2023 ਵਿੱਚ ਭਾਰਤ ਵਾਪਸ ਆਉਣ ਤੋਂ ਬਾਅਦ ਵੀ ਉਸ ਨੇ ਲੌਜਿਸਟਿਕਸ ਦਾ ਤਾਲਮੇਲ ਕਰਨਾ, 'ਹਵਾਲਾ' ਲੈਣ-ਦੇਣ ਦਾ ਪ੍ਰਬੰਧਨ ਕਰਨਾ ਅਤੇ ਪੀੜਤਾਂ ਨੂੰ ਸਿੱਧੇ ਡੌਂਕੀ ਰਸਤੇ ਰਾਹੀਂ ਭੇਜਣਾ ਜਾਰੀ ਰੱਖਿਆ।
ਦਿੱਲੀ ਸਥਿਤ ਹਵਾਲਾ ਏਜੰਟ ਸ਼ੁਭਮ ਸੰਧਲ ਮੁੱਖ ਤੌਰ 'ਤੇ ਗੋਲਡੀ ਅਤੇ ਉਸ ਦੇ ਸਾਥੀਆਂ ਦੁਆਰਾ ਸੰਚਾਲਿਤ ਮਨੁੱਖੀ ਤਸਕਰੀ ਸਿੰਡੀਕੇਟ ਲਈ ਗੈਰ-ਕਾਨੂੰਨੀ ਪੈਸੇ ਦੇ ਤਬਾਦਲੇ ਵਿੱਚ ਸ਼ਾਮਲ ਸੀ। ਐੱਨ. ਆਈ. ਏ. ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਸ਼ੁਭਮ ਭਾਰਤੀ ਗਾਹਕਾਂ ਤੋਂ ਪੈਸੇ ਇਕੱਠੇ ਕਰਦਾ ਸੀ ਅਤੇ ਹਵਾਲਾ ਨੈੱਟਵਰਕ ਰਾਹੀਂ ਵਿਦੇਸ਼ ਭੇਜਦਾ ਸੀ। ਉਸ ਦੀ ਭੂਮਿਕਾ ਗੈਰ-ਕਾਨੂੰਨੀ ਇਮੀਗ੍ਰੇਸ਼ਨ ਰੈਕੇਟ ਦੇ ਹਿੱਸੇ ਵਜੋਂ ਭਾਰਤ, ਮੈਕਸੀਕੋ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਗੈਰ-ਕਾਨੂੰਨੀ ਪੈਸੇ ਦਾ ਸੁਚਾਰੂ ਪ੍ਰਬੰਧਨ ਅਤੇ ਟ੍ਰਾਂਸਪੋਰਟ ਕਰਨਾ ਸੀ। ਅਮਰੀਕਾ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਪੁਲਸ ਦੁਆਰਾ ਦਰਜ ਕੀਤੇ ਗਏ 17 ਅਜਿਹੇ ਮਾਮਲਿਆਂ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਮਨੀ ਲਾਂਡਰਿੰਗ ਦੇ ਪਹਿਲੂ ਦੀ ਵੀ ਜਾਂਚ ਕਰ ਰਿਹਾ ਹੈ। ਏਜੰਸੀ ਨੇ ਦੋਵਾਂ ਰਾਜਾਂ ਵਿੱਚ ਕਈ ਤਲਾਸ਼ੀਆਂ ਲਈਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਇਹ ਦੋਸ਼ ਹੈ ਕਿ ਏਜੰਟਾਂ ਨੇ ਵਿਦੇਸ਼ ਜਾਣ ਦੇ ਇਛੁੱਕ ਲੋਕਾਂ ਨੂੰ ਨਿਸ਼ਾਨਾ ਬਣਾਇਆ ਅਤੇ ਕਾਨੂੰਨੀ ਰਸਤੇ ਨਾਲ ਹਵਾਈ ਯਾਤਰਾ ਦਾ ਝੂਠਾ ਵਾਅਦਾ ਕਰਕੇ ਪ੍ਰਤੀ ਵਿਅਕਤੀ ਲਗਭਗ 45-50 ਲੱਖ ਰੁਪਏ ਵਸੂਲੇ। ਈਡੀ ਨੇ ਪਹਿਲਾਂ ਕਿਹਾ ਸੀ ਕਿ ਹਾਲਾਂਕਿ, ਏਜੰਟਾਂ ਨੇ ਮਾਸੂਮ ਲੋਕਾਂ ਨੂੰ ਧੋਖਾ ਦਿੱਤਾ ਕਿਉਂਕਿ ਉਨ੍ਹਾਂ ਨੂੰ ਡੌਂਕਰਸ (ਮਨੁੱਖੀ ਤਸਕਰਾਂ) ਅਤੇ ਮਾਫ਼ੀਆ ਦੇ ਪ੍ਰਭਾਵ ਹੇਠ ਖ਼ਤਰਨਾਕ/ਜੰਗਲੀ ਰਸਤਿਆਂ ਰਾਹੀਂ ਕਈ ਦੇਸ਼ਾਂ ਦੀਆਂ ਸਰਹੱਦਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਲਿਜਾਇਆ ਜਾਂਦਾ ਸੀ। ਏਜੰਟਾਂ ਨੇ ਕਥਿਤ ਤੌਰ 'ਤੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਖ਼ਤਰਨਾਕ ਹਾਲਾਤ ਪੈਦਾ ਕੀਤੇ, ਉਨ੍ਹਾਂ ਨੂੰ ਵਧੇਰੇ ਭੁਗਤਾਨ ਕਰਨ ਲਈ ਮਜਬੂਰ ਕੀਤਾ।
ਇਹ ਵੀ ਪੜ੍ਹੋ: ਮਹਿੰਦਰ ਕੇਪੀ ਦੇ ਇਕਲੌਤੇ ਪੁੱਤਰ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ, ਆਇਆ ਵੱਡਾ ਮੋੜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8