ਕੋਟਕਪੂਰਾ ''ਚ ਅਚਾਨਕ ਡਿੱਗੀ ਘਰ ਦੀ ਛੱਤ, ਹੇਠਾਂ ਸੁੱਤਾ ਪਿਆ ਸੀ ਪਰਿਵਾਰ
Saturday, Sep 27, 2025 - 01:37 PM (IST)

ਕੋਟਕਪੂਰਾ (ਨਰਿੰਦਰ ਬੈੜ੍ਹ) : ਸ਼ਹਿਰ ਦੇ ਸੁਰਗਾਪੁਰੀ ਇਲਾਕੇ ਦੀ ਕਾਲਾ ਰਾਮ ਪ੍ਰਧਾਨ ਵਾਲੀ ਪੁਰਾਣੀ ਗਲੀ ਵਿਚ ਬਰਸਾਤ ਕਾਰਨ ਕਮਜ਼ੋਰ ਹੋਈ ਇਕ ਘਰ ਦੀ ਛੱਤ ਡਿੱਗ ਗਈ ਜਿਸ ਵਿਚ ਮਾਂ ਪੁੱਤ ਜਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਤਕਰੀਬਨ ਸਾਢੇ 6 ਵਜੇ ਜਦ ਇਸ ਗਲੀ ਵਿਚ ਰਹਿੰਦੇ ਨਰੇਸ਼ ਸਿੰਗਲਾ ਦੀ ਪਤਨੀ ਪੂਨਮ ਰਾਨੀ ਅਤੇ ਉਸਦਾ ਲੜਕਾ ਅਸ਼ਵਨੀ ਕੁਮਾਰ ਕਮਰੇ ਅੰਦਰ ਸੌ ਰਹੇ ਸਨ ਤਾਂ ਅਚਾਨਕ ਇਹ ਛੱਤ ਉਨ੍ਹਾਂ ਦੇ ਉੱਤੇ ਡਿੱਗ ਪਈ। ਛੱਤ ਡਿੱਗਣ ਕਾਰਨ ਹੋਏ ਧਮਾਕੇ ਤੋਂ ਬਾਅਦ ਉਨ੍ਹਾਂ ਦੇ ਗੁਆਂਢ ਵਿਚ ਰਹਿੰਦੇ ਲੋਕਾਂ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਬੜੀ ਮੁਸ਼ਕਿਲ ਨਾਲ ਦੋਵਾਂ ਨੂੰ ਮਲਬੇ ਵਿਚੋਂ ਬਾਹਰ ਕੱਢਿਆ ਜਿਨਾਂ ਦੇ ਗੰਭੀਰ ਸੱਟਾਂ ਵੱਜੀਆਂ ਹਨ।
ਇਸ ਮਾਮਲੇ ਦੀ ਸੂਚਨਾ ਤੋਂ ਬਾਅਦ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ ਤੋਂ ਇਲਾਵਾ ਇਸ ਵਾਰਡ ਦੇ ਕੌਂਸਲਰ ਚੰਚਲ ਕੁਮਾਰ ਅਤੇ ਵਾਰਡ ਨੰਬਰ 25 ਦੀ ਕੌਂਸਲਰ ਦਾ ਪਤੀ ਮਨਜਿੰਦਰ ਸਿੰਘ ਗੋਪੀ ਮੌਕੇ 'ਤੇ ਪੁੱਜੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਪੀੜਤ ਨਰੇਸ਼ ਸਿੰਗਲਾ ਨੇ ਦੱਸਿਆ ਕਿ ਉਹ ਕਮਰੇ ਤੋਂ ਬਾਹਰ ਸੀ ਜਦਕਿ ਉਸਦੀ ਘਰਵਾਲੀ ਅਤੇ ਬੇਟਾ ਅੰਦਰ ਸੌ ਰਹੇ ਸਨ ਕਿ ਅਚਾਨਕ ਛੱਤ ਡਿੱਗ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਘਰ ਦੀਆਂ ਛੱਤਾਂ ਦੀ ਮੁਰੰਮਤ ਕਰਾਉਣ ਵਾਸਤੇ ਮਦਦ ਲਈ ਨਗਰ ਕੌਂਸਲ ਨੂੰ ਕਈ ਵਾਰ ਬੇਨਤੀ ਕੀਤੀ ਹੈ ਪਰ ਕੋਈ ਸੁਣਵਾਈ ਨਹੀਂ ਕੀਤੀ ਗਈ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਨਗਰ ਕੌਂਸਲਰ ਚੰਚਲ ਕੁਮਾਰ ਨੇ ਦੱਸਿਆ ਕਿ ਪਰਿਵਾਰ ਮੁਤਾਬਕ ਉਨ੍ਹਾਂ ਵੱਲੋਂ ਛੱਤ ਦੀ ਰਿਪੇਅਰ ਕਰਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਨਗਰ ਕੌਂਸਲ ਨੂੰ ਤਿੰਨ ਵਾਰ ਐਪਲੀਕੇਸ਼ਨ ਦਿੱਤੀਆਂ ਜਾ ਚੁੱਕੀਆਂ ਹਨ ਪਰ ਸੁਣਵਾਈ ਨਹੀਂ ਕੀਤੀ ਗਈ ਅਤੇ ਅੱਜ ਉਨ੍ਹਾਂ ਦੀ ਛੱਤ ਡਿੱਗ ਗਈ।