ਜਲਾਲਾਬਾਦ ’ਚ ਇਕ ਘਰ ’ਚੋਂ ਮਿਲੀ ਕੈਬ ਡਰਾਈਵਰ ਦੀ ਲਾਸ਼
Monday, Oct 06, 2025 - 02:04 PM (IST)

ਜਲਾਲਾਬਾਦ (ਬੰਟੀ) : ਜਲਾਲਾਬਾਦ ਦੀ ਦਸਮੇਸ਼ ਨਗਰੀ ’ਚ ਵਾਟਰ ਵਰਕਸ ਦੇ ਨੇੜੇ ਇਕ ਕੈਬ ਡਰਾਈਵਰ ਦੀ ਉਸ ਦੇ ਘਰ ’ਚ ਲਾਸ਼ ਮਿਲੀ ਹੈ। ਇਸ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੇ ਕਤਲ ਦਾ ਸ਼ੱਕ ਜਤਾਇਆ ਹੈ। ਮ੍ਰਿਤਕ ਰਣਜੀਤ (32) ਦੀ ਪਤਨੀ ਸੁਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਅਕਸਰ ਸ਼ਰਾਬ ਪੀਂਦਾ ਸੀ ਤੇ ਉਸ ਦੀ ਮਾਰਕੁੱਟ ਕਰਦਾ ਸੀ। ਸ਼ਾਮ ਹੁੰਦੇ ਹੀ ਉਹ ਉਸ ਨੂੰ ਤੇ ਬੱਚੇ ਨੂੰ ਕੁੱਟਮਾਰ ਕਰ ਕੇ ਘਰੋਂ ਕੱਢ ਦਿੰਦਾ ਸੀ।
ਇਸ ਤੋਂ ਬਾਅਦ ਉਹ ਗੁਆਂਢੀਆਂ ਦੇ ਘਰ ਰਹਿ ਜਾਂਦੀ ਸੀ। ਪਤਨੀ ਨੇ ਕਿਹਾ ਕਿ ਇਸ ਵਾਰ ਵੀ ਅਜਿਹਾ ਹੀ ਹੋਇਆ। ਉਸ ਦੀ ਮਾਰਕੁੱਟ ਕਰ ਕੇ ਉਸਨੂੰ ਘਰੋਂ ਕੱਢ ਦਿੱਤਾ ਗਿਆ। ਜਦੋਂ ਉਹ ਸਵੇਰੇ ਵਾਪਸ ਘਰ ਆਈ ਤਾਂ ਵੇਖਿਆ ਕਿ ਉਸ ਦੇ ਪਤੀ ਦੀ ਲਾਸ਼ ਕਮਰੇ ਵਿਚ ਪਈ ਹੋਈ ਸੀ। ਗੁਆਂਢੀ ਦੇ ਮੁਤਾਬਕ ਮ੍ਰਿਤਕ ਰਣਜੀਤ ਸਿੰਘ ਨੇ ਪਿਛਲੀ ਰਾਤ ਆਪਣੀ ਪਤਨੀ ਦੀ ਮਾਰਕੁੱਟ ਕੀਤੀ ਸੀ, ਜਿਸ ਕਾਰਨ ਉਹ ਉਸ ਦੇ ਘਰ ਆ ਗਈ ਸੀ। ਘਰ ਦੇ ਦਰਵਾਜ਼ੇ ਖੁੱਲ੍ਹੇ ਸਨ।
ਸਵੇਰੇ ਜਦੋਂ ਗੁਆਂਢੀ ਨੇ ਦੇਖਿਆ ਤਾਂ ਘਰ ਦੇ ਅੰਦਰ ਕਮਰੇ ’ਚ ਰਣਜੀਤ ਸਿੰਘ ਦੀ ਲਾਸ਼ ਮਿਲੀ। ਇਸ ਸਬੰਧੀ ਜਦੋਂ ਪੁਲਸ ਨੂੰ ਸੂਚਨਾ ਮਿਲੀ ਤਾਂ ਮੌਕੇ ’ਤੇ ਅਧਿਕਾਰੀ ਪਹੁੰਚੇ। ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਸ਼ੱਕੀ ਲੱਗ ਰਿਹਾ ਹੈ। ਫਿਲਹਾਲ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸੀ. ਸੀ. ਟੀ. ਵੀ .ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਜਾਂਚ ਦੌਰਾਨ ਜੋ ਵੀ ਮੁਲਜ਼ਮ ਪਾਇਆ ਜਾਵੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।